ਮਨਰੇਗਾ ਮਜ਼ਦੂਰਾਂ ਵੱਲੋਂ ਮਜ਼ਦੂਰੀ ਦੇ ਪੈਸੇ ਨਾ ਦੇਣ ਦਾ ਦੋਸ਼

Tuesday, Jul 11, 2017 - 05:47 AM (IST)

ਮਨਰੇਗਾ ਮਜ਼ਦੂਰਾਂ ਵੱਲੋਂ ਮਜ਼ਦੂਰੀ ਦੇ ਪੈਸੇ ਨਾ ਦੇਣ ਦਾ ਦੋਸ਼

ਡੇਰਾਬੱਸੀ,  (ਅਨਿਲ)-  ਨਜ਼ਦੀਕੀ ਪਿੰਡ ਅੰਬਛਪਾ ਦੇ ਸਰਪੰਚ 'ਤੇ ਮਨਰੇਗਾ ਮਜ਼ਦੂਰਾਂ ਵੱਲੋਂ ਮਜ਼ਦੂਰੀ ਦੇ ਪੈਸੇ ਨਾ ਦੇਣ ਦਾ ਦੋਸ਼ ਲਾਇਆ ਗਿਆ ਹੈ। ਡੇਢ ਦਰਜਨ ਮਜ਼ਦੂਰਾਂ ਨੇ ਬੀ. ਡੀ. ਪੀ. ਓ. ਡੇਰਾਬੱਸੀ ਬਲਜਿੰਦਰ ਸਿੰਘ ਗਰੇਵਾਲ ਕੋਲ ਸੈਂਕੜੇ ਮਜ਼ਦੂਰਾਂ ਦੇ ਪੰਜ ਮਹੀਨਿਆਂ ਦੀ ਮਜ਼ਦੂਰੀ ਦੇ ਪੈਸੇ ਗੋਲ-ਮੋਲ ਕਰਨ ਦੀ ਸ਼ਿਕਾਇਤ ਕੀਤੀ ਹੈ ਜੇਕਰ ਸਰਪੰਚ ਵਲੋਂ ਇਨ੍ਹਾਂ ਮਜ਼ਦੂਰਾਂ ਦਾ ਕਾਨੂੰਨੀ ਤੌਰ 'ਤੇ ਮਾਸਟਰੋਲ 'ਚ ਨਾਮ ਨਾ ਪਾਇਆ ਗਿਆ ਤਾਂ ਇਸ ਸਕੀਮ ਤਹਿਤ ਲੱਖਾਂ ਰੁਪਏ ਦਾ ਘਪਲਾ ਹੋ ਸਕਦਾ ਹੈ। ਹਾਲਾਂਕਿ ਬੀ. ਡੀ. ਪੀ. ਓ. ਵੱਲੋਂ ਮਜ਼ਦੂਰਾਂ ਨੂੰ ਰਿਕਾਰਡ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਬੁੱਧਵਾਰ ਨੂੰ ਮੁੜ ਬੁਲਾਇਆ ਹੈ।
ਇਸ ਮੌਕੇ ਬੀ. ਡੀ. ਪੀ. ਓ. ਦਫਤਰ 'ਚ ਪਹੁੰਚੇ ਮਹਿਲਾ ਮਜ਼ਦੂਰ ਸਤਿਆ ਦੇਵੀ, ਨੈਬੋ ਦੇਵੀ, ਸੁਰਿੰਦਰ ਕੌਰ, ਮੀਨਾ, ਗੁਰਮੀਤ ਕੌਰ, ਮੀਤੋ ਰਾਣੀ, ਕਰਮਜੀਤ, ਗੁਰਨਾਮ ਸਿੰਘ, ਅਨਿਲ ਕੁਮਾਰ, ਲਾਲ ਚੰਦ, ਰਵੀ ਕੁਮਾਰ ਅਤੇ ਰਵਿੰਦਰ ਆਦਿ ਨੇ ਦੱਸਿਆ ਕਿ ਅਸੀਂ ਸਾਰੇ ਜੜੌਤ ਪਿੰਡ ਦੇ ਵਸਨੀਕ ਹਾਂ। ਜੜੌਤ ਪਿੰਡ ਦੇ ਸਰਪੰਚ ਵੱਲੋਂ ਮਨਰੇਗਾ ਸਕੀਮ ਤਹਿਤ ਕੰਮ ਮੁਕੰਮਲ ਹੋਣ ਮਗਰੋਂ ਉਨ੍ਹਾਂ ਲਾਗਲੇ ਪਿੰਡ ਅੰਬਛਪਾ ਦੇ ਸਰਪੰਚ ਕੋਲ ਮਜ਼ਦੂਰੀ ਕਰਨ ਲਈ ਆਖਿਆ ਜਿਸ ਤਹਿਤ ਉਨ੍ਹਾਂ ਲਗਾਤਾਰ ਕਈ ਮਹੀਨੇ ਕੰਮ ਕੀਤਾ, ਜਦੋਂ ਅਸੀਂ ਪੈਸੇ ਦੇਣ ਦੀ ਗੱਲ ਆਖਦੇ ਤਾਂ ਸਰਪੰਚ ਖਾਤੇ ਵਿਚ ਪੈਸੇ ਟਰਾਂਸਫਰ ਕਰਵਾਉਣ ਦਾ ਲਾਰਾ ਲਾਉਂਦਾ ਰਿਹਾ, ਜਦੋਂ ਜ਼ਿਆਦਾ ਜ਼ੋਰ ਪਾਇਆ ਤਾਂ ਕੰਮ ਬੰਦ ਕਰਵਾ ਦਿੱਤਾ। ਸਰਪੰਚ ਦੇ ਸੁਣਵਾਈ ਨਾ ਕਰਨ 'ਤੇ ਉਹ ਅੱਜ ਬੀ. ਡੀ. ਪੀ. ਓ. ਦਫਤਰ 'ਚ ਪਹੁੰਚੇ ਹਨ, ਜਿਥੇ ਲਿਸਟ ਵਿਚ ਸਾਡੇ ਕਿਤੇ ਵੀ ਨਾਮ ਦਰਜ ਨਹੀਂ ਹਨ। ਮਹਿਕਮੇ ਨੇ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਸਬੰਧੀ ਬੀ. ਡੀ. ਪੀ. ਓ. ਬਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਜੇਕਰ ਜੜੌਤ ਪਿੰਡ ਦੀ ਪੰਚਾਇਤ ਵਲੋਂ ਪੈਸੇ ਖਾਤਿਆਂ ਵਿਚ ਪੁਆਏ ਗਏ ਹਨ ਤਾਂ ਅੰਬਛਪਾ ਦੇ ਵਲੋਂ ਕਿਉਂ ਨਹੀਂ ਪੁਆਏ ਗਏ? ਜੋ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਬਣਾਏ ਮਾਸਟਰੋਲਾਂ ਦੀ ਜਾਂਚ ਕੀਤੀ ਜਾਵੇਗੀ ਜੇਕਰ ਇਸ ਵਿਚ ਸਰਪੰਚ ਵੱਲੋਂ ਕੋਈ ਵੀ ਕੁਤਾਹੀ ਕੀਤੀ ਹੋਈ ਪਾਈ ਗਈ ਤਾਂ ਸਰਪੰਚ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸਰਪੰਚ ਰਾਮ ਕੁਮਾਰ ਸ਼ਰਮਾ ਦਾ ਪੱਖ ਲੈਣ ਲਈ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।


Related News