ਹਲਕੇ ''ਚੋਂ ਚਿੱਟੇ ਨਸ਼ੇ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਪੁੱਟੀਆਂ ਜਾਣਗੀਆਂ : ਆਵਲਾ
Wednesday, Feb 05, 2020 - 06:46 PM (IST)
ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) : ਸ਼ਹਿਰ ਦੇ ਨਾਲ ਲੱਗਦੇ ਪਿੰਡ ਟਿਵਾਨਾ ਕਲਾ 'ਚ ਨਸ਼ੇ ਦੀ ਵਿਕਰੀ ਦੇ ਮਾਮਲੇ 'ਚ ਲੋਕਾਂ ਵਲੋਂ ਦਿੱਤੇ ਰੋਸ ਧਰਨੇ ਅਤੇ ਪੁਲਸ ਪ੍ਰਸ਼ਾਸਨ 'ਤੇ ਚੁੱਕੇ ਸਵਾਲਾਂ ਤੋਂ ਬਾਅਦ ਵਿਧਾਇਕ ਆਵਲਾ ਨੇ ਬੁੱਧਵਾਰ ਨੂੰ ਪਿੰਡ ਟਿਵਾਨਾ 'ਚ ਬਸ਼ਿੰਦਿਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਡੀ. ਐੱਸ. ਪੀ. ਜਸਪਾਲ ਸਿੰਘ, ਰੰਜਮ ਕਾਮਰਾ, ਕਾਕਾ ਕੰਬੋਜ, ਦਵਿੰਦਰ ਕੁੱਕੜ, ਰੋਸ਼ਨ ਲਾਲ ਚੁੱਚਰਾ ਮੌਜੂਦ ਸਨ। ਇਥੇ ਸਰਪੰਚ ਬਲਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਵਿਧਾਇਕ ਰਮਿੰਦਰ ਆਵਲਾ ਨੂੰ ਜਾਣਕਾਰੀ ਦਿੱਤੀ। ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਪਿੰਡ 'ਚ ਕੁੱਝ ਲੋਕਾਂ ਵਲੋਂ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ ਅਤੇ ਜਦੋਂ ਉਨ੍ਹਾਂ ਬਾਰੇ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੁਲਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਬਲਕਿ ਜੋ ਆਰਜੀ ਚੌਂਕੀ ਇਥੇ ਬਣਾਈ ਗਈ ਸੀ ਉਥੇ ਤਾਇਨਾਤ ਕਰਮਚਾਰੀਆਂ ਦਾ ਡਰ ਵੀ ਨਸ਼ਾ ਤਸਕਰਾਂ ਨੂੰ ਬਿਲਕੁਲ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਰੋਸ ਵਜੋਂ ਹੀ ਉਨ੍ਹਾਂ ਨੇ ਇਥੇ ਧਰਨਾ ਦਿੱਤਾ ਸੀ ਤਾਂਕਿ ਨਸ਼ਾ ਤਸਕਰਾਂ ਖਿਲਾਫ ਠੋਸ ਕਾਰਵਾਈ ਹੋ ਸਕੇ। ਉਧਰ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਤੇ ਠੱਲ ਪਾਉਣ ਲਈ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੇ ਵੀ ਉਪ ਚੋਣਾਂ 'ਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਚਿੱਟੇ ਨੂੰ ਸਮਾਪਤ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਉਨ੍ਹਾਂ ਨਾਲ ਸਿੱਧਾ ਸੰਪਰਕ ਕਰਨ ਅਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ। ਉਨ੍ਹਾਂ ਮੌਕੇ ਤੇ ਮੌਜੂਦ ਡੀਐਸਪੀ ਨੂੰ ਵੀ ਕਿਹਾ ਕਿ ਜਲਦੀ ਹੀ ਪਿੰਡ 'ਚ ਨਸ਼ਾ ਵੇਚਣ ਵਾਲਿਆਂ ਦੀ ਲਿਸਟ ਲੈ ਕੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।