ਗੁੰਮਸ਼ੁਦਾ ਵਿਆਹੁਤਾ ਨੂੰ ਵਿਦੇਸ਼ੋਂ ਬੁਲਾ ਕੇ ਪੁਲਸ ਤੇ ਪੰਚਾਇਤ ਨੇ ਮਿਲ ਕੇ ਭੇਜਿਆ ਘਰ

Monday, Jul 22, 2019 - 09:51 AM (IST)

ਗੁੰਮਸ਼ੁਦਾ ਵਿਆਹੁਤਾ ਨੂੰ ਵਿਦੇਸ਼ੋਂ ਬੁਲਾ ਕੇ ਪੁਲਸ ਤੇ ਪੰਚਾਇਤ ਨੇ ਮਿਲ ਕੇ ਭੇਜਿਆ ਘਰ

ਸਾਦਿਕ (ਪਰਮਜੀਤ) - ਇਥੋਂ ਥੋੜ੍ਹੀ ਦੂਰ ਪਿੰਡ ਪਿੰਡੀ ਬਲੋਚਾਂ ਦੀ ਵਿਆਹੁਤਾ, ਜੋ ਪਰਿਵਾਰ ਨੂੰ ਬਿਨਾਂ ਦੱਸੇ ਕਿਧਰੇ ਚਲੀ ਗਈ ਸੀ, ਨੂੰ ਪੁਲਸ ਅਤੇ ਪੰਚਾਇਤ ਦੇ ਸ਼ਲਾਘਾਯੋਗ ਯਤਨਾਂ ਨਾਲ ਘਰ ਵਾਪਸੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ 18 ਜੂਨ ਨੂੰ ਧਰਮਿੰਦਰ ਸਿੰਘ ਵਾਸੀ ਪਿੰਡੀ ਬਲੋਚਾਂ ਨੇ ਥਾਣਾ ਸਾਦਿਕ ਵਿਖੇ ਇਤਲਾਹ ਦਿੱਤੀ ਸੀ ਕਿ ਉਸ ਦਾ ਵਿਆਹ ਵੀਰਪਾਲ ਕੌਰ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ 9 ਸਾਲ ਦਾ ਇਕ ਲੜਕਾ ਵੀ ਹੈ। ਬੀਤੇ ਦਿਨ ਮੇਰੀ ਪਤਨੀ ਪਰਿਵਾਰ ਨੂੰ ਦੱਸੇ ਬਿਨਾਂ ਕਿਧਰੇ ਚਲੀ ਗਈ, ਜਿਸ ਦੀ ਅਸੀਂ ਬਹੁਤ ਭਾਲ ਕੀਤੀ ਪਰ ਉਹ ਮਿਲ ਨਹੀਂ ਰਹੀ। ਇਸ ਮਾਮਲੇ 'ਚ ਦਿਲਚਸਪੀ ਲੈਂਦੇ ਹੋਏ ਪਿੰਡ ਦੇ ਸਰਪੰਚ ਰਮਨਦੀਪ ਸਿੰਘ ਬਰਾੜ, ਥਾਣਾ ਮੁਖੀ ਵਕੀਲ ਸਿੰਘ ਬਰਾੜ, ਸੀ. ਆਈ. ਡੀ. ਦਫਤਰ ਸਾਦਿਕ ਦੇ ਇੰਚਾਰਜ ਸੁਖਵੰਤ ਸਿੰਘ ਤੇ ਗੁਰਪ੍ਰੀਤ ਸਿੰਘ ਸਰਪੰਚ ਭਾਗ ਸਿੰਘ ਵਾਲਾ ਨੇ ਕਰੀਬ ਇਕ ਮਹੀਨੇ 'ਚ ਕੇਸ ਨੂੰ ਹੱਲ ਕਰਕੇ ਸਫਲਤਾ ਹਾਸਲ ਕੀਤੀ ਹੈ। 

ਉਸ ਨੇ ਆਪਣੀ ਪੜਤਾਲ ਦੌਰਾਨ ਪਾਇਆ ਕਿ ਵੀਰਪਾਲ ਕੌਰ ਦੀ ਮਾਮੀ ਨੇ ਉਸ ਨੂੰ ਸਬਜ਼ਬਾਗ ਦਿਖਾ ਕੇ ਵਰਕ ਪਰਮਿਟ ਲੈ ਕੇ ਸਿੰਘਾਪੁਰ ਭੇਜ ਦਿੱਤਾ। ਇਨ੍ਹਾਂ ਆਪਣੇ ਤੌਰ 'ਤੇ ਵੀਰਪਾਲ ਦਾ ਸਿੰਘਾਪੁਰ ਵਾਲਾ ਕੰਟਰੈਕਟ ਨੰਬਰ ਹਾਸਲ ਕਰਕੇ ਉਸ ਨਾਲ ਗੱਲਬਾਤ ਕੀਤੀ ਤੇ ਕੌਂਸਲਿੰਗ ਸ਼ੁਰੂ ਕਰ ਦਿੱਤੀ ਤੇ ਇਸ ਗੱਲ 'ਤੇ ਪ੍ਰੇਰਿਤ ਕੀਤਾ ਕਿ ਉਸ ਨੇ ਪਤੀ , ਪੁੱਤਰ ਅਤੇ ਆਪਣਾ ਪਰਿਵਾਰ ਬਿਨਾਂ ਦੱਸੇ ਛੱਡਣ ਦਾ ਫੈਸਲਾ ਸਹੀ ਨਹੀਂ ਲਿਆ ਹੈ। ਇਨ੍ਹਾਂ ਦੇ ਪ੍ਰੇਰਿਤ ਕਰਨ 'ਤੇ ਵੀਰਪਾਲ ਕੌਰ ਦੇ ਦਿਲ ਵਿਚ ਬੱਚੇ ਅਤੇ ਪਰਿਵਾਰ ਪ੍ਰਤੀ ਮੋਹ ਪੈਦਾ ਹੋਇਆ ਤੇ ਉਸ ਨੇ ਆਪਣੇ ਪਤੀ ਨੂੰ ਫੋਨ 'ਤੇ ਸਾਰੀ ਜਾਣਕਾਰੀ ਦਿੱਤੀ। ਧਰਮਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਪਿੰਡ ਦੇ ਮੋਹਤਬਰਾਂ ਅਤੇ ਪੁਲਸ ਦੀ ਸਲਾਹ ਦਾ ਅਸਰ ਹੋਇਆ ਤੇ ਵੀਰਪਾਲ ਕੌਰ ਵਾਪਸ ਆਉਣ ਲਈ ਰਾਜ਼ੀ ਹੋ ਗਈ। ਫਿਰ ਪੁਲਸ ਅਤੇ ਮੋਹਤਬਰਾਂ ਦੀ ਰਾਏ ਨਾਲ ਧਰਮਿੰਦਰ ਸਿੰਘ ਨੇ ਵਰਕ ਪਰਮਿਟ ਤੋੜਨ ਲਈ 500 ਡਾਲਰ ਦਾ ਜੁਰਮਾਨਾ ਅਤੇ 13 ਹਜ਼ਾਰ ਰੁਪਏ ਸਿੰਘਾਪੁਰ ਤੋਂ ਵਾਪਸੀ ਦੀ ਟਿਕਟ 'ਤੇ ਖਰਚ ਕੀਤੇ। ਦੋ ਦਿਨ ਪਹਿਲਾਂ ਵੀਰਪਾਲ ਕੌਰ ਸਿੰਘਾਪੁਰ ਤੋਂ ਵਾਪਸ ਆ ਗਈ ਤੇ ਸਾਦਿਕ ਪੁਲਸ ਕੋਲ ਲਿਖਾਏ ਬਿਆਨਾਂ ਵਿਚ ਉਸ ਨੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਤੇ ਆਪਣੀ ਮਰਜ਼ੀ ਨਾਲ ਵਿਦੇਸ਼ ਜਾਣ ਦੀ ਗੱਲ ਕਹੀ ਤੇ ਨਾਲ ਹੀ ਕਿਹਾ ਕਿ ਪੁੱਤਰ ਮੋਹ ਉਸ ਨੂੰ ਵਿਦੇਸ਼ਾਂ ਵਿਚੋਂ ਵਾਪਸ ਖਿੱਚ ਲਿਆਇਆ ਹੈ। ਪੁਲਸ ਵੱਲੋਂ ਇਸ ਮਾਮਲੇ ਪ੍ਰਤੀ ਨਿਭਾਏ ਗਏ ਰੋਲ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।


author

rajwinder kaur

Content Editor

Related News