ਲਾਪਤਾ ਕੁੜੀ ਦੀ ਲਾਸ਼ ਉਸਮਾਨਖੇੜਾ ਦੀਆਂ ਟੇਲਾਂ ਤੋਂ ਬਰਾਮਦ

Tuesday, Nov 05, 2019 - 01:32 PM (IST)

ਲਾਪਤਾ ਕੁੜੀ ਦੀ ਲਾਸ਼ ਉਸਮਾਨਖੇੜਾ ਦੀਆਂ ਟੇਲਾਂ ਤੋਂ ਬਰਾਮਦ

ਅਬੋਹਰ (ਸੁਨੀਲ) - ਅਜੀਮਗੜ੍ਹ ਤੋਂ ਲਾਪਤਾ ਹੋਈ ਇਕ ਕੁੜੀ ਦੀ ਲਾਸ਼ ਬੀਤੇ ਦਿਨ ਪਿੰਡ ਉਸਮਾਨਖੇੜਾ ਦੀਆਂ ਟੇਲਾਂ ਤੋਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਲਾਸ਼ ਨੂੰ ਹਸਪਤਾਲ ਭੇਜ ਦਿੱਤਾ। ਲੋਕਾਂ ਦੇ ਬਿਆਨਾਂ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਵਰਣਨਯੋਗ ਹੈ ਕਿ ਉਕਤ ਕੁੜੀ ਦੇ ਕੱਪੜੇ ਅਤੇ ਮੋਬਾਇਲ ਨਹਿਰ ਦੇ ਕੰਢੇ ਪਏ ਮਿਲੇ ਸਨ। 

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜਸਪ੍ਰੀਤ ਕੌਰ ਪੁੱਤਰੀ ਗੁਰਦੇਵ ਵਜੋਂ ਹੋਈ ਹੈ, ਜੋ ਬੀ. ਕਾਮ. ਦੀ ਵਿਦਿਆਰਥਣ ਸੀ। ਬੀਤੀ ਸ਼ਾਮ ਕਰੀਬ ਸਾਢੇ 5 ਕੁ ਵਜੇ ਉਹ ਪਰਿਵਾਰ ਨੂੰ ਗੁਰਦੁਆਰੇ ਜਾਣ ਦਾ ਕਹਿ ਕੇ ਘਰੋ ਗਈ ਸੀ ਅਤੇ ਹਨੂਮਾਨਗੜ੍ਹ ਰੋਡ ਤੋਂ ਲੰਘਦੀ ਨਹਿਰ 'ਤੇ ਪਹੁੰਚ ਗਈ। ਉਥੇ ਜਾ ਕੇ ਉਸ ਨੇ ਆਪਣੀ ਚੁੰਨੀ ਅਤੇ ਮੋਬਾਇਲ ਰੱਖ ਕੇ ਨਹਿਰ 'ਚ ਛਾਲ ਮਾਰ ਦਿੱਤੀ। ਇਸ ਗੱਲ ਦਾ ਪਤਾ ਲੱਗਣ 'ਤੇ ਨਰ ਸੇਵਾ ਸੰਮਤੀ ਦੇ ਪ੍ਰਧਾਨ ਰਾਜੂ ਚਰਾਇਆ ਅਤੇ ਮੈਂਬਰ ਬਿੱਟੂ ਨਰੂਲਾ ਮੌਕੇ 'ਤੇ ਪਹੁੰਚੇ ਅਤੇ ਥਾਣਾ ਨੰ. 2 ਦੀ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁੱਜੇ ਪੁਲਸ ਕਰਮਚਾਰੀ ਗੁਰਚਰਨ ਅਤੇ ਹੋਰ ਕਰਮਚਾਰੀਆਂ ਨੇ ਮੋਬਾਇਲ ਅਤੇ ਉਸ ਦਾ ਹੋਰ ਸਾਮਾਨ ਨੂੰ ਕਬਜ਼ੇ 'ਚ ਲੈ ਲਿਆ। ਪੁਲਸ ਨੇ ਮੋਬਾਇਲ ਰਾਹੀਂ ਉਸ ਦੇ ਪਰਿਵਾਰ ਵਾਲਿਆਂ ਦਾ ਪਤਾ ਲੱਗਾ ਕੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਦੀ ਲਾਸ਼ ਉਸਮਾਨਖੇੜਾ ਦੀਆਂ ਟੇਲਾਂ ਤੋਂ ਮਿਲੀ ਹੈ। ਪੁਲਸ ਨੇ ਮੋਬਾਇਲ 'ਤੇ ਹੋਈ ਗੱਲਬਾਤ ਦੇ ਆਧਾਰ 'ਤੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।


author

rajwinder kaur

Content Editor

Related News