ਮਿਸ ਯੂਨੀਵਰਸ 2021:  ਹਰਨਾਜ਼ ਸੰਧੂ ਨੂੰ ਇਸ ਗੱਲ ਕਰਕੇ ਕਈ ਵਾਰ ਹੋਣਾ ਪਿਆ ਸੀ ਸ਼ਰਮਿੰਦਾ

12/13/2021 3:42:12 PM

ਨਵੀਂ ਦਿੱਲੀ (ਬਿਊਰੋ) : 70ਵਾਂ ਮਿਸ ਯੂਨੀਵਰਸ ਮੁਕਾਬਲਾ (ਮਿਸ ਯੂਨੀਵਰਸ 2021) ਅੱਜ ਇਜ਼ਰਾਈਲ ਦੇ ਦੱਖਣੀ ਸ਼ਹਿਰ ਇਲਾਟ 'ਚ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ 'ਚ ਭਾਰਤ ਦੀ ਹਰਨਾਜ਼ ਕੌਰ ਸੰਧੂ ਦੇ ਸਿਰ 'ਮਿਸ ਯੂਨੀਵਰਸ' ਦਾ ਤਾਜ ਸਜਿਆ ਹੈ। 21 ਸਾਲ ਬਾਅਦ ਭਾਰਤ ਦੀ ਸੁੰਦਰੀ ਨੇ ਜਲਵਾ ਦਿਖਾਇਆ ਹੈ। ਹਾਲ ਹੀ 'ਚ ਉਸ ਨੇ LIVA ਮਿਸ ਦੀਵਾ ਯੂਨੀਵਰਸ 2021 ਦਾ ਖਿਤਾਬ ਜਿੱਤਿਆ ਹੈ। ਉਸ ਨੇ ਮਿਸ ਯੂਨੀਵਰਸ ਮੁਕਾਬਲੇ ਲਈ ਚੰਗੀ ਤਿਆਰੀ ਕੀਤੀ ਸੀ। 
ਦੱਸ ਦੇਈਏ ਕਿ ਪੇਸ਼ੇ ਤੋਂ ਮਾਡਲ ਹਰਨਾਜ਼ ਚੰਡੀਗੜ੍ਹ, ਪੰਜਾਬ ਦੀ ਰਹਿਣ ਵਾਲੀ ਹੈ। ਉਸ ਨੇ ਆਪਣੀ ਮੁੱਢਲੀ ਸਿੱਖਿਆ ਸ਼ਿਵਾਲਿਕ ਪਬਲਿਕ ਸਕੂਲ, ਚੰਡੀਗੜ੍ਹ ਤੋਂ ਕੀਤੀ। ਚੰਡੀਗੜ੍ਹ ਤੋਂ ਹੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹਰਨਾਜ਼ ਇਸ ਸਮੇਂ ਮਾਸਟਰ ਦੀ ਡਿਗਰੀ ਕਰ ਰਹੀ ਹੈ। ਸਿਰਫ਼ 21 ਸਾਲ ਦੀ ਉਮਰ 'ਚ ਸੰਧੂ ਨੇ ਕਈ ਮੁਕਾਬਲਿਆਂ 'ਚ ਹਿੱਸਾ ਲਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਪੜ੍ਹਾਈ ਨਹੀਂ ਛੱਡੀ।

PunjabKesari

ਹਮੇਸ਼ਾ ਇਸ ਗੱਲ ਨੂੰ ਲੈ ਕੇ ਉਡਿਆ ਜਾਂਦਾ ਸੀ ਮਜ਼ਾਕ
ਮੀਡੀਆ ਰਿਪੋਰਟਾਂ ਅਨੁਸਾਰ, ਸਕੂਲੀ ਦਿਨਾਂ ਦੌਰਾਨ ਉਸ ਦਾ ਪਤਲਾ ਹੋਣ ਕਾਰਨ ਮਜ਼ਾਕ ਉਡਾਇਆ ਜਾਂਦਾ ਸੀ। ਇਸ ਕਾਰਨ ਉਹ ਡਿਪ੍ਰੈਸ਼ਨ 'ਚ ਵੀ ਚਲੀ ਗਈ। ਹਾਲਾਂਕਿ ਅਜਿਹੇ ਸਮੇਂ 'ਚ ਪਰਿਵਾਰ ਨੇ ਉਨ੍ਹਾਂ ਦਾ ਸਾਥ ਦਿੱਤਾ। ਉਸ ਨੇ ਦੱਸਿਆ ਕਿ ਉਹ ਖਾਣ ਪੀਣ ਦਾ ਬਹੁਤ ਸ਼ੌਕੀਨ ਹੈ ਪਰ ਇਸ ਦੇ ਨਾਲ ਹੀ ਉਹ ਆਪਣੀ ਫਿਟਨੈੱਸ ਦਾ ਵੀ ਪੂਰਾ ਧਿਆਨ ਰੱਖਦੀ ਹੈ। ਉਸ ਨੇ ਸਾਲ 2017 'ਚ ਕਾਲਜ 'ਚ ਇੱਕ ਸ਼ੋਅ ਦੌਰਾਨ ਆਪਣੀ ਪਹਿਲੀ ਸਟੇਜ ਪੇਸ਼ਕਾਰੀ ਦਿੱਤੀ। ਉਦੋਂ ਤੋਂ ਉਸ ਦਾ ਮਾਡਲਿੰਗ ਸਫ਼ਰ ਸ਼ੁਰੂ ਹੋਇਆ। ਹਰਨਾਜ਼ ਸੰਧੂ ਨੂੰ ਘੋੜ ਸਵਾਰੀ, ਤੈਰਾਕੀ ਅਤੇ ਘੁੰਮਣ-ਫਿਰਨ ਦਾ ਬਹੁਤ ਸ਼ੌਕ ਹੈ।

PunjabKesari

ਪਹਿਲਾਂ ਵੀ ਜਿੱਤ ਚੁੱਕੀ ਹੈ ਇਹ ਖਿਤਾਬ
ਦੱਸ ਦੇਈਏ ਕਿ ਚੰਡੀਗੜ੍ਹ ਦੀ ਮਾਡਲ ਹਰਨਾਜ਼ ਸੰਧੂ ਹੁਣ ਤਕ ਆਪਣੇ ਕਰੀਅਰ 'ਚ ਕਈ ਐਵਾਰਡ ਜਿੱਤ ਚੁੱਕੀ ਹੈ। ਇਨ੍ਹਾਂ 'ਚ ਸਾਲ 2017 'ਚ 'ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ', ਸਾਲ 2018 'ਚ 'ਮਿਸ ਮੈਕਸ ਐਮਰਜਿੰਗ ਸਟਾਰ', ਸਾਲ 2019 'ਚ 'ਫੈਮਿਨਾ ਮਿਸ ਇੰਡੀਆ ਪੰਜਾਬ' ਅਤੇ ਸਾਲ 2021 'ਚ 'ਮਿਸ ਯੂਨੀਵਰਸ ਇੰਡੀਆ' ਦਾ ਖਿਤਾਬ ਸ਼ਾਮਲ ਹਨ।

PunjabKesari

ਇਨ੍ਹਾਂ 2 ਸਵਾਲਾਂ ਦਾ ਜਵਾਬ ਦੇ ਕੇ ਬਣੀ 'ਮਿਸ ਯੂਨੀਵਰਸ' 
ਪੈਰਾਗੁਏ ਅਤੇ ਦੱਖਣੀ ਅਫਰੀਕਾ ਦੀਆਂ ਸੁੰਦਰੀਆਂ ਵੀ ਇਸ ਪ੍ਰਤੀਯੋਗਿਤਾ ਦੇ ਟੌਪ 'ਚ 3 ਪਹੁੰਚੀਆਂ ਹਨ। ਸ਼ੁਰੂਆਤੀ ਦੌਰ 'ਚ ਉਸ ਨੂੰ ਸਵਾਲ ਪੁੱਛਿਆ ਗਿਆ, 'ਅੱਜ ਦੇ ਦਬਾਅ ਨਾਲ ਨਜਿੱਠਣ ਲਈ ਤੁਸੀਂ ਨੌਜਵਾਨ ਔਰਤਾਂ ਨੂੰ ਕੀ ਸਲਾਹ ਦਿਓਗੇ। ਇਸ 'ਤੇ ਹਰਨਾਜ਼ ਕੌਰ ਸੰਧੂ ਨੇ ਕਿਹਾ, ''ਅੱਜ ਦੇ ਨੌਜਵਾਨਾਂ 'ਤੇ ਸਭ ਤੋਂ ਵੱਡਾ ਦਬਾਅ ਆਪਣੇ ਆਪ 'ਤੇ ਵਿਸ਼ਵਾਸ ਕਰਨਾ ਹੈ। ਇਹ ਜਾਣਨਾ ਕਿ ਤੁਸੀਂ ਵਿਲੱਖਣ ਹੋ ਜੋ ਤੁਹਾਨੂੰ ਸੁੰਦਰ ਬਣਾਉਂਦਾ ਹੈ। ਦੂਜਿਆਂ ਨਾਲ ਆਪਣੀ ਤੁਲਨਾ ਕਰਨਾ ਬੰਦ ਕਰੋ ਅਤੇ ਦੁਨੀਆ ਭਰ 'ਚ ਵਾਪਰ ਰਹੀਆਂ ਹੋਰ ਮਹੱਤਵਪੂਰਨ ਚੀਜ਼ਾਂ ਬਾਰੇ ਗੱਲ ਕਰੋ। ਬਾਹਰ ਆਓ, ਆਪਣੇ ਲਈ ਬੋਲੋ, ਕਿਉਂਕਿ ਤੁਸੀਂ ਆਪਣੇ ਜੀਵਨ ਦੇ ਆਗੂ ਹੋ, ਤੁਸੀਂ ਆਪਣੀ ਆਵਾਜ਼ ਹੋ। ਮੈਨੂੰ ਆਪਣੇ-ਆਪ 'ਤੇ ਵਿਸ਼ਵਾਸ ਸੀ ਅਤੇ ਇਸੇ ਲਈ ਮੈਂ ਅੱਜ ਇੱਥੇ ਖੜ੍ਹੀ ਹਾਂ।''

PunjabKesari

ਟੌਪ 5 'ਚ ਹਰਨਾਜ਼ ਨੂੰ ਪੁੱਛਿਆ ਗਿਆ ਕਿ 'ਕਈ ਲੋਕ ਸੋਚਦੇ ਹਨ ਕਿ ਜਲਵਾਯੂ ਤਬਦੀਲੀ ਇੱਕ ਧੋਖਾ ਹੈ, ਨਹੀਂ ਤਾਂ ਤੁਸੀਂ ਉਨ੍ਹਾਂ ਨੂੰ ਮਨਾਉਣ ਲਈ ਕੀ ਕਰੋਗੇ?' ਹਰਨਾਜ਼ ਨੇ ਆਪਣੇ ਜਵਾਬ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਜਦੋਂ ਉਸ ਨੇ ਕਿਹਾ, ''ਮੇਰਾ ਦਿਲ ਇਹ ਦੇਖ ਕੇ ਟੁੱਟ ਜਾਂਦਾ ਹੈ ਕਿ ਕੁਦਰਤ ਕਿੰਨੀਆਂ ਮੁਸ਼ਕਿਲਾਂ 'ਚੋਂ ਲੰਘ ਰਹੀ ਹੈ ਅਤੇ ਇਹ ਸਭ ਸਾਡੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਾਰਨ ਹੈ। ਮੈਂ ਪੂਰੀ ਤਰ੍ਹਾਂ ਸੋਚਦੀ ਹਾਂ ਕਿ ਇਹ ਕਾਰਵਾਈ ਕਰਨ ਅਤੇ ਘੱਟ ਗੱਲ ਕਰਨ ਦਾ ਸਮਾਂ ਹੈ ਕਿਉਂਕਿ ਸਾਡਾ ਹਰ ਕਾਰਜ ਕੁਦਰਤ ਨੂੰ ਬਚਾ ਸਕਦਾ ਹੈ ਜਾਂ ਮਾਰ ਸਕਦਾ ਹੈ। ਪਛਤਾਵਾ ਅਤੇ ਮੁਰੰਮਤ ਨਾਲੋਂ ਰੋਕਥਾਮ ਅਤੇ ਸੁਰੱਖਿਆ ਬਿਹਤਰ ਹੈ। ਇਹ ਉਹ ਹੈ, ਜੋ ਮੈਂ ਅੱਜ ਤੁਹਾਨੂੰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ।''

PunjabKesari

ਟੌਪ 3 'ਚ ਰਹੀਆਂ ਇਹ ਹਸੀਨਾਵਾਂ
1. ਹਰਨਾਜ਼ ਕੌਰ ਸੰਧੂ ਪਹਿਲੇ ਸਥਾਨ 'ਤੇ
2. ਮਿਸ ਪਰਾਗਵੇ ਦੂਜੇ ਸਥਾਨ 'ਤੇ ਰਹੀ
3. ਮਿਸ ਸਾਊਥ ਅਫਰੀਕਾ ਤੀਜੇ ਸਥਾਨ 'ਤੇ ਰਹੀ।

PunjabKesari

1 ਮਹੀਨੇ 'ਚ ਖ਼ੁਦ ਨੂੰ ਕੀਤਾ ਇਸ ਪ੍ਰਤੀਯੋਗਤਾ ਲਈ ਤਿਆਰ
ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਦੀ ਆਪਣੀ ਵੱਡੀ ਚੁਣੌਤੀ ਬਾਰੇ ਗੱਲ ਕਰਦੇ ਹੋਏ ਹਰਨਾਜ਼ ਨੇ ਕਿਹਾ, ''ਮੇਰੇ ਅਤੇ ਮੇਰੀ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮੇਰੀ ਜਿੱਤ (ਲਿਵਾ ਮਿਸ ਦੀਵਾ ਯੂਨੀਵਰਸ 2021 ਵਜੋਂ) ਤੋਂ ਬਾਅਦ, ਸਾਡੇ ਕੋਲ ਮਿਸ ਯੂਨੀਵਰਸ ਦੀ ਤਿਆਰੀ ਲਈ ਸਿਰਫ ਇੱਕ ਮਹੀਨਾ ਸੀ। ਇੰਨੇ ਘੱਟ ਸਮੇਂ 'ਚ ਮੈਨੂੰ ਤਿਆਰ ਕਰਨਾ ਇੱਕ ਵੱਡੀ ਚੁਣੌਤੀ ਸੀ। ਟੀਮ ਅਤੇ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ।''
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।

PunjabKesari


sunita

Content Editor

Related News