ਪ੍ਰੇਮੀ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ, ਨਾਬਾਲਗਾ ਨੇ ਚੁੱਕਿਆ ਖ਼ੌਫ਼ਨਾਕ ਕਦਮ

Monday, Oct 17, 2022 - 08:12 PM (IST)

ਪ੍ਰੇਮੀ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ, ਨਾਬਾਲਗਾ ਨੇ ਚੁੱਕਿਆ ਖ਼ੌਫ਼ਨਾਕ ਕਦਮ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ) : ਬੇਟ ਇਲਾਕੇ ਦੇ ਇਕ ਪਿੰਡ 'ਚ ਗਿਆਰ੍ਹਵੀਂ ਜਮਾਤ 'ਚ ਪੜ੍ਹ ਰਹੀ ਨਾਬਾਲਗ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ ਨਾਜਾਇਜ਼ ਸਬੰਧ ਬਣਾਉਣ ਵਾਲੇ ਨੌਜਵਾਨ ਵੱਲੋਂ ਵਿਆਹ ਤੋਂ ਇਨਕਾਰ ਕਰਨ ਕਾਰਨ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਇਸ ਸਬੰਧੀ ਟਾਂਡਾ ਪੁਲਸ ਨੇ ਮ੍ਰਿਤਕ ਲੜਕੀ ਦੇ ਪ੍ਰੇਮੀ ਅਤੇ ਪ੍ਰੇਮੀ ਦੇ ਭਰਾ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਟਾਂਡਾ ਸਬ-ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਟਾਂਡਾ ਪੁਲਸ ਨੇ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਪਿੰਡ ਬਹਾਦਰਪੁਰ ਨਿਵਾਸੀ ਸ਼ੈਂਟੀ ਪੁੱਤਰ ਰੇਸ਼ਮ ਸਿੰਘ ਉਰਫ਼ ਗਾਂਧੀ ਅਤੇ ਉਸ ਦੇ ਭਰਾ ਮੇਜਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਕੁੜੀ ਨੇ ਵਿਆਹ ਕਰਵਾਉਣ ਤੋਂ ਕੀਤੀ ਨਾਂਹ ਤਾਂ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਉਕਤ ਮੁਲਜ਼ਮ ਨਾਲ ਦੋਸਤੀ ਸੀ। ਸ਼ੈਂਟੀ ਨੇ ਉਸ ਦੀ ਬੇਟੀ ਨਾਲ ਵਿਆਹ ਕਰਨ ਦੀ ਗੱਲ ਕੀਤੀ ਸੀ। ਜਦੋਂ ਉਸ ਨੇ ਸ਼ੈਂਟੀ ਨੂੰ ਵਿਆਹ ਕਰਾਉਣ ਵਾਸਤੇ ਕਿਹਾ ਤਾਂ ਸ਼ੈਂਟੀ ਨੇ ਕਿਹਾ ਕੇ ਪਹਿਲਾਂ ਉਸ ਨੂੰ ਵਿਦੇਸ਼ ਜਾ ਕੇ 10 ਸਾਲ ਕੰਮ ਕਰਨਾ ਹੋਵੇਗਾ, ਫਿਰ ਉਹ ਵਿਆਹ ਕਰਵਾਏਗਾ। ਬੀਤੀ 15 ਅਕਤੂਬਰ ਨੂੰ ਉਸ ਦੀ ਬੇਟੀ ਸ਼ੈਂਟੀ ਨੂੰ ਦੁਪਹਿਰ 3 ਵਜੇ ਮਿਲਣ ਗਈ ਤੇ ਰਾਤ ਕਰੀਬ 9 ਵਜੇ ਘਰ ਆਈ। ਜਦ ਉਹ ਵਾਪਸ ਆਈ ਤਾਂ ਉਸ ਦੀ ਹਾਲਤ ਖ਼ਰਾਬ ਸੀ। ਉਸ ਨੇ ਦੱਸਿਆ ਕਿ ਸ਼ੈਂਟੀ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਇਸ ਮਾਮਲੇ 'ਚ ਸ਼ੈਂਟੀ ਅਤੇ ਉਸ ਦੇ ਭਰਾ ਨੇ ਉਸ ਨੂੰ ਬਹੁਤ ਜ਼ਲੀਲ ਕੀਤਾ। ਇਸ ਤੋਂ ਤੰਗ ਆ ਕੇ ਉਸ ਨੇ ਕੋਈ ਜ਼ਹਿਰੀਲੀ ਖਾ ਲਈ ਹੈ। ਉਪਰੰਤ ਉਸ ਨੂੰ ਸਰਕਾਰੀ ਹਸਪਤਾਲ ਟਾਂਡਾ ਦਾਖ਼ਲ ਕਰਾਇਆ ਗਿਆ ਅਤੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਜਲੰਧਰ ਦੇ ਇਕ ਨਿਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Manoj

Content Editor

Related News