ਲੁਧਿਆਣਾ : ਇਲਾਜ ਕਰਵਾਉਣ ਆਈ ਨਾਬਾਲਗ ਕੁੜੀ ਦੀ ਪੱਤ ਲੁੱਟਣ ਵਾਲੇ ਡਾਕਟਰ ਨੂੰ ਮਿਲੀ ਸਖ਼ਤ ਸਜ਼ਾ

Wednesday, Aug 25, 2021 - 06:28 PM (IST)

ਲੁਧਿਆਣਾ : ਇਲਾਜ ਕਰਵਾਉਣ ਆਈ ਨਾਬਾਲਗ ਕੁੜੀ ਦੀ ਪੱਤ ਲੁੱਟਣ ਵਾਲੇ ਡਾਕਟਰ ਨੂੰ ਮਿਲੀ ਸਖ਼ਤ ਸਜ਼ਾ

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਕੇ. ਕੇ. ਜੈਨ ਦੀ ਅਦਾਲਤ ਨੇ ਇਕ ਨਾਬਾਲਗ ਦਾ ਆਪਣੇ ਕਲੀਨਿਕ ’ਚ ਜਾਂਚ ਦੇ ਬਹਾਨੇ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਡਾਕਟਰ ਟਪਿੰਦਰ ਸਿੰਘ ਨਿਵਾਸੀ ਪਿੰਡ ਲੀਲ ਲੁਧਿਆਣਾ ਨੂੰ 20 ਸਾਲ ਦੀ ਕੈਦ ਅਤੇ 15 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਰਾਜਬੀਰ ਸਿੰਘ ਚਾਹਲ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਥਾਣਾ ਸੁਧਾਰ ਵੱਲੋਂ 30 ਅਗਸਤ 2018 ਨੂੰ ਪੀੜਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਡਾਕਟਰ ਵਿਰੁੱਧ ਜਬਰ-ਜ਼ਿਨਾਹ ਕਰਨ ਅਤੇ ਹੋਰਨਾਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਪੀੜਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੋਸ਼ ਲਾਇਆ ਸੀ ਕਿ ਉਹ 14 ਸਾਲਾਂ ਦੀ ਹੈ ਅਤੇ 9ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਉਸ ਦੇ ਬੀਮਾਰ ਹੋਣ ਕਾਰਨ ਉਸ ਦਾ ਇਲਾਜ ਉਕਤ ਡਾਕਟਰ ਵੱਲੋਂ ਉਸ ਦੇ ਰਾਜ ਕਲੀਨਿਕ ਵਿਖੇ ਬੀਤੇ 3 ਦਿਨ ਤੋਂ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਏ ਜਵਾਈ ਵਲੋਂ ਪਤਨੀ ਤੇ ਸੱਸ ਨੂੰ ਗੋਲ਼ੀਆਂ ਨਾਲ ਭੁੰਨਣ ਵਾਲੇ ਮਾਮਲੇ ’ਚ ਨਵਾਂ ਮੋੜ, ਸਾਹਮਣੇ ਆਇਆ ਸੱਚ

ਸ਼ਿਕਾਇਤਕਰਤਾ ਮੁਤਾਬਕ ਬੀਤੇ ਦਿਨ ਸ਼ਾਮ 6 ਵਜੇ ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਮੁਲਜ਼ਮ ਡਾਕਟਰ ਦੇ ਕਲੀਨਿਕ ’ਤੇ ਗਲੂਕੋਜ਼ ਲਗਵਾਉਣ ਗਈ ਤਾਂ ਮੁਲਜ਼ਮ ਉਸ ਨੂੰ ਆਪਣੇ ਨਾਲ ਅੰਦਰ ਲੈ ਗਿਆ, ਜਿੱਥੇ ਉਸ ਦੀ ਮਾਂ ਨੇ ਵੀ ਅੰਦਰ ਜਾਣ ਦਾ ਯਤਨ ਕੀਤਾ ਤਾਂ ਮੁਲਜ਼ਮ ਡਾਕਟਰ ਨੇ ਮਨ੍ਹਾ ਕਰ ਦਿੱਤਾ। ਸ਼ਿਕਾਇਤਕਰਤਾ ਮੁਤਾਬਕ ਅੰਦਰ ਲਿਜਾ ਕੇ ਜਦੋਂ ਮੁਲਜ਼ਮ ਡਾਕਟਰ ਨੇ ਜਾਂਚ ਦੇ ਬਹਾਨੇ ਉਸ ਨਾਲ ਗਲਤ ਹਰਕਤ ਕਰਨੀ ਸ਼ੁਰੂ ਕੀਤੀ ਤਾਂ ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਮੁਲਜ਼ਮ ਡਾਕਟਰ ਨੇ ਉਸ ਨੂੰ ਧਮਕਾਇਆ ਕਿ ਜੇਕਰ ਉਸ ਨੇ ਰੌਲਾ ਪਾਇਆ ਤਾਂ ਉਹ ਉਸ ਨੂੰ ਜ਼ਹਿਰ ਦਾ ਇੰਜੈਕਸ਼ਨ ਲਗਾ ਕੇ ਉਸ ਨੂੰ ਜਾਨੋਂ ਮਾਰ ਦੇਵੇਗਾ, ਜਿਸ ’ਤੇ ਉਹ ਡਰ ਦੇ ਮਾਰੇ ਚੁੱਪ ਹੋ ਗਈ ਅਤੇ ਮੁਲਜ਼ਮ ਨੇ ਉਸ ਦੀ ਇੱਛਾ ਦੇ ਵਿਰੁੱਧ ਉਸ ਨਾਲ ਜਬਰ-ਜ਼ਿਨਾਹ ਕੀਤਾ ਪਰ ਘਰ ਜਾ ਕੇ ਉਸ ਨੇ ਡਾਕਟਰ ਦੀ ਉਕਤ ਹਰਕਤ ਬਾਰੇ ਆਪਣੀ ਮਾਂ ਨੂੰ ਦੱਸ ਦਿੱਤਾ ਸੀ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਾਂਗਰਸ ’ਚ ਵੱਡੀ ਬਗਾਵਤ, ਮੁੱਖ ਮੰਤਰੀ ਬਦਲਣ ਦੀਆਂ ਤਿਆਰੀਆਂ

ਅਦਾਲਤ ’ਚ ਡਾਕਟਰ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਉਸ ਨੂੰ ਇਸ ਕੇਸ ’ਚ ਝੂਠਾ ਫਸਾਇਆ ਜਾ ਰਿਹਾ ਹੈ ਪਰ ਅਦਾਲਤ ਨੇ ਦੋਸ਼ੀ ਦੀਆਂ ਦਲੀਲਾਂ ਨਾਲ ਸਹਿਮਤ ਨਾ ਹੁੰਦੇ ਹੋਏ, ਉਸ ਨੂੰ 20 ਸਾਲ ਦੀ ਕੈਦ ਅਤੇ 15 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ। ਅਦਾਲਤ ਦੇ ਫ਼ੈਸਲੇ ਮੁਤਾਬਕ ਜੇਕਰ ਮੁਲਜ਼ਮ ਕੋਲੋਂ 15 ਲੱਖ ਰੁਪਇਆ ਵਸੂਲ ਹੁੰਦਾ ਹੈ ਤਾਂ ਉਹ ਪੀੜਤਾ ਨੂੰ ਅਦਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਉਗਰਾਹਾਂ ਵੱਲੋਂ ਸਿਆਸੀ ਪਾਰਟੀਆਂ ’ਤੇ ਹਮਲੇ, ਹਰਪਾਲ ਚੀਮਾ ਦੇ ਮੰਚ ’ਤੇ ਬੈਠਦਿਆਂ ਹੀ ਉਗਰਾਹਾਂ ਹੋਏ ਪਾਸੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News