ਨਾਬਾਲਗਾ ਨੇ ਲਾਇਆ ਆਪਣੇ ਦੋਸਤ ’ਤੇ ਜਬਰ-ਜ਼ਿਨਾਹ ਦਾ ਦੋਸ਼

Tuesday, Dec 13, 2022 - 05:56 PM (IST)

ਨਾਬਾਲਗਾ ਨੇ ਲਾਇਆ ਆਪਣੇ ਦੋਸਤ ’ਤੇ ਜਬਰ-ਜ਼ਿਨਾਹ ਦਾ ਦੋਸ਼

ਮੋਗਾ (ਅਜ਼ਾਦ) : ਜ਼ਿਲ੍ਹੇ ਦੇ ਪਿੰਡ ਦੀ ਰਹਿਣ ਵਾਲੀ ਇਕ ਸਾਢੇ 16 ਸਾਲਾ ਨਾਬਾਲਗ ਕੁੜੀ ਨੇ ਆਪਣੇ ਦੋਸਤ ’ਤੇ ਉਸ ਨੂੰ ਵਰਗਲਾ ਕੇ ਲੈ ਜਾਣ ਅਤੇ ਜਬਰ-ਜ਼ਿਨਾਹ ਕਰਨ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਪੀੜਤਾ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀ ਹਰਮਨਪ੍ਰੀਤ ਸਿੰਘ ਖ਼ਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਪਰਮਜੀਤ ਕੌਰ ਵਲੋਂ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਕਿਹਾ ਕਿ ਕਥਿਤ ਦੋਸ਼ੀ ਲੜਕੇ ਨਾਲ ਉਸ ਦੀ ਸੋਸ਼ਲ ਮੀਡੀਆ ਰਾਹੀਂ ਦੋਸਤੀ ਹੋਈ ਸੀ, ਉਹ ਉਸ ਨੂੰ 3 ਮਾਰਚ 2022 ਨੂੰ ਘੁਮਾਉਣ ਦੇ ਬਹਾਨੇ ਵਰਗਲਾ ਕੇ ਕਾਰ ਵਿਚ ਬਿਠਾ ਕੇ ਮੋਗਾ ਲੈ ਗਿਆ ਅਤੇ ਉਥੇ ਉਸਨੇ ਕੋਲਡ ਡਰਿੰਕ ਵਿਚ ਕੋਈ ਨਸ਼ੇ ਵਾਲੀ ਚੀਜ਼ ਮਿਲਾ ਕੇ ਮੈਨੂੰ ਬੇਹੋਸ਼ ਕਰ ਦਿੱਤਾ ਅਤੇ ਕਮਰੇ ਵਿਚ ਲਿਜਾ ਕੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਮੋਬਾਇਲ ’ਤੇ ਮੇਰੀ ਫੋਟੋ ਖਿੱਚ ਲਈ ਅਤੇ ਬਾਅਦ ਵਿਚ ਮੈਨੂੰ ਛੱਡ ਗਿਆ।

ਪੀੜਤਾ ਨੇ ਕਿਹਾ ਕਿ ਇਸ ਤੋਂ ਬਾਅਦ ਕਥਿਤ ਦੋਸ਼ੀ ਮੈਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ ਅਤੇ ਮੈਨੂੰ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਲੱਗਾ, ਜਿਸ ਤੋਂ ਮੈਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਸੋਸ਼ਲ ਮੀਡੀਆ ’ਤੇ ਮੇਰੀ ਤਸਵੀਰ ਵਾਇਰਲ ਕਰ ਦਿੱਤੀ ਅਤੇ ਫਰਜ਼ੀ ਆਈ.ਡੀ. ਬਣਾ ਕੇ ਉਸ ਵਿਚ ਯੂਨੀਸੈਕਸ ਮਸਾਜ ਸੈਲੂਨ ਦੇ ਪੋਸਟਰ ਬਣਾ ਕੇ ਪੋਸਟਰ ਵਿਚ ਮੇਰੇ ਤਾਇਆ ਅਤੇ ਮੇਰੀ ਮਾਤਾ ਦੀ ਫੋਟੋ ਲਗਾ ਦਿੱਤੀ ਅਤੇ ਪੋਸਟਰਾਂ ਨੂੰ ਉਸਨੇ ਮੇਰੇ ਘਰ ਦੇ ਆਸ-ਪਾਸ ਗਲੀਆਂ ਵਿਚ ਚਿਪਕਾ ਦਿੱਤਾ। ਇਸ ਤਰ੍ਹਾਂ ਉਸਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਦਨਾਮ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਪੀੜਤਾ ਦਾ ਮੈਡੀਕਲ ਚੈੱਕਅਪ ਕਰਵਾਉਣ ਦੇ ਬਾਅਦ ਮਾਣਯੋਗ ਅਦਾਲਤ ਵਿਚ ਬਿਆਨ ਦਰਜ ਕਰਵਾਏ ਜਾਣਗੇ। ਕਥਿਤ ਦੋਸ਼ੀ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News