ਮੱਥਾ ਟੇਕਣ ਗਈ 15 ਸਾਲਾ ਨਾਬਾਲਗ ਕੁੜੀ ਹੋਈ ਲਾਪਤਾ

08/17/2022 6:04:31 PM

ਤਰਨਤਾਰਨ (ਜ.ਬ) : ਗੁਰਦੁਆਰਾ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਮਾਂ ਅਤੇ ਭਰਾ ਨਾਲ ਮੱਥਾ ਟੇਕਣ ਆਈ 15 ਸਾਲ ਦੀ ਨਾਬਾਲਿਗ ਕੁੜੀ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਗੁਰਮੇਜ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਮਾੜੀਮੇਘਾ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਬੀਤੀ 14 ਅਗਸਤ ਨੂੰ ਉਸ ਦੀ ਨੂੰਹ ਬਲਜੀਤ ਕੌਰ, ਪੋਤਰੀ ਕਿਰਨਦੀਪ ਕੌਰ (ਉਮਰ 15 ਸਾਲ) ਅਤੇ ਪੋਤਰਾ ਸਾਰਜ ਸਿੰਘ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਆਏ ਸੀ।

ਮੱਥਾ ਟੇਕ ਕੇ ਉਸ ਦੀ ਨੂੰਹ ਅਤੇ ਪੋਤਰਾ ਗੁਰਦੁਆਰਾ ਸਾਹਿਬ ’ਚੋਂ ਬਾਹਰ ਆ ਗਏ ਪਰ ਉਸ ਦੀ ਪੋਤਰੀ ਬਾਹਰ ਨਹੀਂ ਆਈ, ਜਿਸ ਦੀ ਬਹੁਤ ਭਾਲ ਕੀਤੀ ਪ੍ਰੰਤੂ ਉਹ ਨਹੀਂ ਮਿਲੀ। ਉਨ੍ਹਾਂ ਨੂੰ ਸ਼ੱਕ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਸ ਦੀ ਪੋਤਰੀ ਨੂੰ ਵਰਗਲਾ ਕੇ ਲੈ ਗਿਆ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਤੁਰੰਤ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖ਼ਿਲਾਫ ਕੇਸ ਦਰਜ ਕਰਕੇ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ।


Gurminder Singh

Content Editor

Related News