ਅਣਖ ਲਈ ਮਾਰ ਮੁਕਾਈ ਨਾਬਾਲਗ ਧੀ, ਰਾਤੋ-ਰਾਤ ਕੀਤਾ ਸਸਕਾਰ

Saturday, May 25, 2019 - 06:41 PM (IST)

ਅਣਖ ਲਈ ਮਾਰ ਮੁਕਾਈ ਨਾਬਾਲਗ ਧੀ, ਰਾਤੋ-ਰਾਤ ਕੀਤਾ ਸਸਕਾਰ

ਲੌਂਗੋਵਾਲ (ਵਿਜੇ, ਵਸ਼ਿਸ਼ਟ) : ਨੇੜਲੇ ਪਿੰਡ ਮਿਰਜ਼ਾ ਪੱਤੀ ਨਮੌਲ ਵਿਖੇ ਇਕ ਪਰਿਵਾਰ ਵੱਲੋਂ ਅਣਖ ਖਾਤਰ ਆਪਣੀ ਨਾਬਾਲਗ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੁੱਢਲੀ ਕਾਰਵਾਈ ਕਰਦਿਆਂ ਥਾਣਾ ਚੀਮਾ ਦੀ ਪੁਲਸ ਵੱਲੋਂ ਜਿੱਥੇ 12 ਵਿਅਕਤੀਆਂ ਖਿਲਾਫ ਕਤਲ ਕਰਨ, ਸਬੂਤ ਖੁਰਦ-ਬੁਰਦ ਕਰਨ ਅਤੇ ਹੋਰ ਵੱਖ-ਵੱਖ ਧਾਰਾਵਾ ਤਹਿਤ ਕੇਸ ਦਰਜ ਕੀਤਾ ਹੈ। ਦੋਸ਼ੀਆਂ ਵਿਚੋਂ 8 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆ ਪਿੰਡ ਮਿਰਜ਼ਾ ਪੱਤੀ ਨਮੌਲ ਵਿਖੇ ਵੱਡੀ ਗਿਣਤੀ ਵਿਚ ਪੁਲਸ ਕਰਮੀ ਤਾਇਨਾਤ ਕੀਤੇ ਗਏ ਹਨ।
ਕੀ ਹੈ ਮਾਮਲਾ
ਦਿਲ ਕੰਬਾਉਣ ਵਾਲੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਚੀਮਾ ਦੇ ਮੁੱਖੀ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਸ ਪਾਰਟੀ ਨਾਲ ਨੇੜਲੇ ਪਿੰਡ ਸ਼ੇਰੋਂ ਵਿਖੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਮੁਖਬਰ ਨੇ ਜਾਣਕਾਰੀ ਦਿੱਤੀ ਕਿ ਪਿੰਡ ਮਿਰਜ਼ਾ ਪੱਤੀ ਨਮੌਲ ਦੇ ਇਕ ਪਰਿਵਾਰ ਵੱਲੋਂ ਪ੍ਰੇਮ ਸਬੰਧਾਂ ਦੇ ਸ਼ੱਕ ਵਿਚ ਆਪਣੀ ਨਾਬਾਲਗ ਪੁੱਤਰੀ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਲੜਕੀ ਦੇ ਪਰਿਵਾਰ ਮਾਮਲੇ ਨੂੰ ਰਫਾ-ਦਫਾ ਕਰਨ ਲਈ ਉਸ ਦਾ ਰਾਤੋਂ-ਰਾਤ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਿੰਡ ਮਿਰਜ਼ਾ ਪੱਤੀ ਨਮੌਲ ਨਿਵਾਸੀ ਮੱਖਣ ਸਿੰਘ ਉਰਫ ਭੰਡੀ ਅਤੇ ਉਸ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਦੇ ਕਿਸੇ ਲੜਕੇ ਨਾਲ ਪ੍ਰੇਮ ਸਬੰਧ ਹਨ ਅਤੇ ਉਹ ਉਸ ਲੜਕੇ ਨਾਲ ਫੋਨ 'ਤੇ ਵੀ ਲੰਬਾ ਸਮਾਂ ਗੱਲਾਂ ਕਰਦੀ ਸੀ। ਉਨ੍ਹਾਂ ਦੱਸਿਆ ਕਿ ਘੜੀ ਮਿੱਥੀ ਸਾਜ਼ਿਸ ਦੇ ਤਹਿਤ ਘਟਨਾ ਵਾਲੇ ਦਿਨ ਲੜਕੀ ਦਾ ਪਿਤਾ ਮੱਖਣ ਸਿੰਘ ਯੂ.ਪੀ. ਚਲਾ ਗਿਆ ਅਤੇ ਉਸ ਦੇ ਪਿੱਛੋਂ ਮੱਖਣ ਸਿੰਘ ਦੀ ਪਤਨੀ ਨਿੰਮੋਂ ਕੌਰ, ਉਸ ਦੇ ਭਰਾ ਜਰਨੈਲ ਸਿੰਘ ਅਤੇ ਭਰਜਾਈ ਰਣਜੀਤ ਕੌਰ ਨਾਲ ਰਚੀ ਗਈ ਸਾਜ਼ਿਸ਼ ਤਹਿਤ ਰਾਣੀ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।    
ਕੀ ਕਹਿੰਦੇ ਹਨ ਅਧਿਕਾਰੀ
ਥਾਣਾ ਚੀਮਾ ਦੇ ਮੁੱਖੀ ਕਰਨੈਲ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਹਰਕਤ ਵਿਚ ਆ ਗਈ।ਪੁਲਸ ਨੇ 12 ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ ਜਿਸ ਵਿਚੋਂ 8 ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ 4 ਦੋਸ਼ੀ ਅਜੇ ਵੀ ਫਰਾਰ ਹਨ। ਥਾਣਾ ਮੁੱਖੀ ਨੇ ਕਿਹਾ ਕਿ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


author

Gurminder Singh

Content Editor

Related News