ਲੁਧਿਆਣੇ ਦੇ ''ਮਿੰਨੀ ਰੋਜ਼ ਗਾਰਡਨ'' ਦੀ ਦੇਖ-ਭਾਲ ਰਾਮ ਭਰੋਸੇ
Tuesday, Jun 26, 2018 - 11:27 AM (IST)
ਲੁਧਿਆਣਾ (ਰਿੰਕੂ) : ਹਲਕਾ ਸੈਂਟਰਲ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨ ਮਿੰਨੀ ਰੋਜ਼ ਗਾਰਡਨ ਵਿਚ ਦੇਖ-ਭਾਲ ਰਾਮ ਭਰੋਸੇ ਦਿਖਾਈ ਦੇ ਰਹੀ ਹੈ। ਅੱਜ ਮਿੰਨੀ ਰੋਡ ਗਾਰਡਨ ਦਾ ਦੌਰਾ ਕਰਨ ਪਹੁੰਚੇ ਹਲਕੇ ਦੇ ਕਾਂਗਰਸੀ ਵਿਧਾਇਕ ਸੁਰਿੰਦਰ ਡਾਬਰ ਨੂੰ ਸੈਰ ਕਰਨ ਆਏ ਲੋਕਾਂ ਨੇ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਬੇਸ਼ੱਕ ਮਿੰਨੀ ਰੋਜ਼ ਗਾਰਡਨ ਇਲਾਕੇ ਦਾ ਪ੍ਰਮੁੱਖ ਸੈਰ ਸਪਾਟਾ ਸਥਾਨ ਹੈ ਪਰ ਇਥੇ ਬੇਨਿਯਮੀਆਂ ਦਾ ਬੋਲਬਾਲਾ ਹੈ ਤੇ ਸਫਾਈ ਵਿਵਸਥਾ ਪੂਰੀ ਤਰ੍ਹਾਂ ਡਗਮਗਾਈ ਹੋਈ ਹੈ।
ਇਸ ਦੇ ਚਾਰੇ ਪਾਸੇ ਫੈਲੀ ਗੰਦਗੀ ਕਾਰਨ ਰੋਜ਼ਾਨਾ ਸੈਰ ਕਰਨ ਆਉਂਦੇ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਵਿਧਾਇਕ ਡਾਬਰ ਨੂੰ ਦੱਸਿਆ ਕਿ ਇਸ ਦੀ ਦੇਖ-ਭਾਲ ਵੱਲ ਨਿਗਮ ਪ੍ਰਸ਼ਾਸਨ ਦਾ ਬਿਲਕੁਲ ਧਿਆਨ ਨਹੀਂ ਹੈ, ਜਿਸ 'ਤੇ ਵਿਧਾਇਕ ਡਾਬਰ ਨੇ ਸਬੰਧਿਤ ਨਗਰ ਨਿਗਮ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾ ਕੇ ਇਸ ਸਮੱਸਿਆ ਦਾ ਇਕ ਹਫਤੇ ਦੇ ਅੰਦਰ ਹੱਲ ਕਰਨ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਉਹ ਇਕ ਹਫਤੇ ਬਾਅਦ ਫਿਰ ਤੋਂ ਮਿੰਨੀ ਰੋਜ਼ ਗਾਰਡਨ ਦਾ ਦੌਰਾ ਕਰਨਗੇ।
ਇਸ ਮੌਕੇ ਕੌਂਸਲਰ ਗੁਰਦੀਪ ਸਿੰਘ ਨੀਟੂ, ਕੌਂਸਲਰ ਪਤੀ ਤੇ ਬਲਾਕ ਕਾਂਗਰਸ ਪ੍ਰਧਾਨ ਗੁਰਮੁਖ ਮਿੱਠੂ, ਪੰਜਾਬ ਕਾਂਗਰਸ ਸਕੱਤਰ ਵਿਜੇ ਗਾਬਾ, ਰੰਗਾ ਮਦਾਨ, ਗਣਪਤ ਰਾਏ, ਵਿਨੋਦ ਡਾਬਰ, ਅਹਿਮਦ ਅਲੀ ਗੁੱਡੂ, ਦਰਸ਼ਨ ਡਾਬਾ, ਪੰਮਾ, ਜਨਕ ਭਗਤ ਤੇ ਹੋਰ ਮੌਜੂਦ ਸਨ।
