ਸਿੱਖਿਆ ਮੰਤਰੀ ਨੇ ਪਹਿਲੇ, ਦੂਜੇ ਤੇ ਤੀਜੇ ਸਥਾਨ ਆਉਣ ਵਾਲੇ ਵਿਦਿਆਰਥੀਆਂ ਨੂੰ ਵੰਡੇ ਇਨਾਮੀ ਚੈੱਕ

Monday, Nov 09, 2020 - 06:09 PM (IST)

ਲੁਧਿਆਣਾ (ਵਿੱਕੀ) : ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸੋਮਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਚ ਮਾਰਚ 2019 ਦੀਆਂ ਮੈਟ੍ਰਿਕ ਪੱਧਰੀ ਬੋਰਡ ਪ੍ਰੀਖਿਆਵਾਂ ਦੌਰਾਨ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਬੋਰਡ ਦੇ ਚੇਅਰਮੈਨ ਪ੍ਰੋਫ਼ੈਸਰ (ਡਾ.) ਯੋਗਰਾਜ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਅਤੇ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੀ ਮੌਜੂਦ ਸਨ। ਇਨਾਮੀ ਰਾਸ਼ੀ ਦੇ ਚੈੱਕ 10 ਵਿਦਿਆਰਥੀਆਂ ਨੂੰ ਦਿੱਤੇ ਗਏ ਜੋ ਕਿ ਆਪਣੇ ਮਾਪਿਆਂ ਸਮੇਤ ਸਮਾਗਮ ਵਿਚ ਸ਼ਾਮਲ ਹੋਏ ਸਨ।

ਵੇਰਵਿਆਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਸੂਬੇ ਵਿਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਕ ਲੱਖ ਰੁਪਏ, ਦੂਸਰੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 75 ਹਜ਼ਾਰ ਰੁਪਏ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਇਨਾਮ ਵਜੋਂ ਦਿੱਤੇ ਜਾਂਦੇ ਹਨ। ਦਸਵੀਂ ਸ਼੍ਰੇਣੀ ਦੇ ਮਾਰਚ 2019 ਦੀ ਪ੍ਰੀਖਿਆ ਵਿਚ ਪਹਿਲੇ ਸਥਾਨ 'ਤੇ ਰਹੀ ਤੇਜਾ ਸਿੰਘ ਸੁਤੰਤਰ ਸਕੂਲ ਲੁਧਿਆਣਾ ਦੀ ਵਿਦਿਆਰਥਣ ਨੇਹਾ ਵਰਮਾ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸਿੱਖਿਆ ਮੰਤਰੀ ਵੱਲੋਂ ਪਹਿਲਾਂ ਹੀ ਦੇ ਦਿੱਤਾ ਗਿਆ ਸੀ। ਦੂਸਰੇ ਸਥਾਨ 'ਤੇ ਰਹੇ ਤਿੰਨ ਵਿਦਿਆਰਥੀਆਂ, ਰੌਬਿਨ ਮਾਡਲ ਸੀਨੀ. ਸੈਕੰ. ਸਕੂਲ ਧੂਰੀ ਦੀ ਵਿਦਿਆਰਥਣ ਹਰਲੀਨ ਕੌਰ, ਆਰ. ਐੱਸ. ਮਾਡਲ ਸੀਨੀ. ਸੈਕੰ. ਸਕੂਲ ਲੁਧਿਆਣਾ ਦੀ ਵਿਦਿਆਰਥਣ ਅੰਕਿਤਾ ਸਚਦੇਵਾ ਤੇ ਬੀ.ਐੱਸ.ਐੱਮ. ਸੀਨੀ. ਸੈਕੰ. ਸਕੂਲ ਲੁਧਿਆਣਾ ਦੀ ਵਿਦਿਆਰਥਣ ਅੰਜਲੀ ਨੂੰ, 75 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਦੇ ਚੈੱਕ ਸਿੱਖਿਆ ਮੰਤਰੀ ਵੱਲੋਂ ਸੋਮਵਾਰ ਨੂੰ ਦਿੱਤੇ ਗਏ।

ਇਸ ਤੋਂ ਇਲਾਵਾ ਤੀਸਰੇ ਸਥਾਨ 'ਤੇ ਰਹੇ ਵਿਦਿਆਰਥੀਆਂ, ਬੀ.ਐੱਸ.ਐੱਮ. ਸੀਨ. ਸੈਕੰ. ਸਕੂਲ ਲੁਧਿਆਣਾ ਦੇ ਅਭੀਗਿਆਨ ਕੁਮਾਰ, ਸ੍ਰੀ ਗੁਰੂ ਹਰਗੋਬਿੰਦ ਸੀਨੀ. ਸੈਕੰ. ਸਕੂਲ ਅੰਮ੍ਰਿਤਸਰ ਦੀ ਖੁਸ਼ਪ੍ਰੀਤ ਕੌਰ, ਨਾਨਕਾਣਾ ਸਾਹਿਬ ਮਾਡਲ ਸੀਨੀ. ਸੈਕੰ. ਸਕੂਲ ਲੁਧਿਆਣਾ ਦੀ ਅਨੀਸ਼ਾ ਚੋਪੜਾ, ਡਾ. ਆਸਾ ਨੰਦਾ ਆਰੀਆ ਮਾਡਲ ਸੀਨੀ. ਸੈਕੰ. ਸਕੂਲ ਐੱਸ.ਬੀ.ਐੱਸ.ਨਗਰ ਦੇ ਜੀਆ ਨੰਦਾ, ਸ਼ਹੀਦ ਬੀਬੀ ਸੁੰਦਰੀ ਪਬਲਿਕ ਸਕੂਲ ਕਾਹਨੂੰਵਾਨ ਦੀ ਵਿਦਿਆਰਥਣ ਦਮਨਪ੍ਰੀਤ ਕੌਰ, ਸਰਕਾਰੀ ਮਾਡਲ ਸੀਨੀ. ਸੈਕੰ. ਸਕੂਲ ਲੁਧਿਆਣਾ ਦੀ ਸੋਨੀ ਕੌਰ ਤੇ ਸਰਕਾਰੀ ਸੀਨੀ. ਸੈਕੰ. ਸਕੂਲ ਫ਼ਾਜ਼ਿਲਕਾ ਦੇ ਇਸ਼ੂ ਨੂੰ 50 ਹਜ਼ਾਰ ਰੁਪਏ ਦੇ ਚੈੱਕ ਹਰ ਵਿਦਿਆਰਥੀ ਨੂੰ ਸੌਂਪੇ ਗਏ।


Gurminder Singh

Content Editor

Related News