ਕੋਇਲੇ ''ਚ ਲੁਕਾ ਕੇ ਲਿਆਂਦਾ ਜਾ ਰਿਹਾ ਲੱਖਾਂ ਦਾ ਚੂਰਾ ਪੋਸਤ ਬਰਾਮਦ
Tuesday, Sep 07, 2021 - 02:03 AM (IST)
ਮੋਗਾ(ਆਜ਼ਾਦ,ਵਿਪਨ)- ਜ਼ਿਲ੍ਹਾ ਪੁਲਸ ਮੁਖੀ ਮੋਗਾ ਧਰੂਮਨ ਐੱਚ. ਨਿੰਬਾਲੇ ਨੇ ਅੱਜ ਜ਼ਿਲ੍ਹਾ ਪੁਲਸ ਦਫਤਰ ਵਿਚ ਦੱਸਿਆ ਕਿ ਨਸ਼ੀਲੇ ਪਦਾਰਥਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਮੋਗਾ ਪੁਲਸ ਨੇ ਝਾਰਖੰਡ ਤੋਂ ਆ ਰਹੇ ਕੋਇਲੇ ਨਾਲ ਭਰੇ ਟਰੱਕ ਵਿਚ ਛੁਪਾ ਕੇ ਲਿਆਂਦਾ ਜਾ ਰਿਹਾ ਲੱਖਾਂ ਰੁਪਏ ਮੁੱਲ ਦਾ ਚੂਰਾ ਪੋਸਤ ਸਮੇਤ ਇਕ ਸਮੱਗਲਰ ਨੂੰ ਕਾਬੂ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਦ ਸੀ. ਪੀ. ਆਈ. ਜਗਤਪ੍ਰੀਤ ਸਿੰਘ ਦੀ ਅਗਵਾਈ ਵਿਚ ਸੀ. ਆਈ. ਏ. ਸਟਾਫ਼ ਦੀ ਪੁਲਸ ਪਾਰਟੀ ਵੱਲੋਂ ਮੋਗਾ-ਲੁਧਿਆਣਾ ਜੀ. ਟੀ. ਰੋਡ ’ਤੇ ਅਜੀਤਵਾਲ ਕੋਲ ਮੌਜੂਦ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਗੁਰਦੇਵ ਸਿੰਘ ਨਿਵਾਸੀ ਪਿੰਡ ਸੂਦਾਂ (ਮਖੂ) ਫਿਰੋਜ਼ਪੁਰ ਆਪਣੇ ਟਰੱਕ ਵਿਚ ਹੋਰ ਸੂਬਿਆਂ ਤੋਂ ਕੋਇਲੇ ਵਿਚ ਚੂਰਾ ਪੋਸਤ ਛੁਪਾ ਕੇ ਲਿਆਉਂਦਾ ਹੈ ਅਤੇ ਅੱਜ ਵੀ ਉਹ ਝਾਰਖੰਡ (ਬਿਹਾਰ) ਤੋਂ ਕਇਲੇ ਦੇ ਭਰੇ ਟਰੱਕ ਵਿਚ ਚੂਰਾ ਪੋਸਤ ਛੁਪਾ ਕੇ ਲਿਆ ਰਿਹਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ ਜਦ ਉਕਤ ਟਰੱਕ ਨੂੰ ਰੋਕਿਆ ਅਤੇ ਤਲਾਸ਼ੀ ਲੈਣ ’ਤੇ 2 ਕੁਇੰਟਲ (200 ਕਿੱਲੋ) ਜੋ ਬੋਰੀਆਂ ਵਿਚ ਛੁਪਾ ਕੇ ਰੱਖਿਆ ਸੀ, ਚੂਰਾ ਪੋਸਤ ਬਰਾਮਦ ਕੀਤਾ, ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਸਮੱਗਲਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਇਹ ਜਾਨਣ ਦਾ ਯਤਨ ਕਰ ਰਹੇ ਹਨ ਕਿ ਉਕਤ ਚੂਰਾ ਪੋਸਤ ਕਿਸ ਵਿਅਕਤੀ ਤੋਂ ਲੈ ਕੇ ਆਇਆ ਸੀ ਅਤੇ ਉਸ ਨੂੰ ਕਿਥੇ ਸਪਲਾਈ ਕਰਨਾ ਸੀ। ਸਮੱਗਲਰ ਖਿਲਾਫ਼ ਪਹਿਲਾਂ ਵੀ ਥਾਣਾ ਮਖੂ ਵਿਚ 2019 ਨੂੰ ਮਾਮਲਾ ਦਰਜ ਕੀਤਾ ਗਿਆ ਸੀ।