ਦੁੱਧ ਦੇ ਟੈਂਕਰ ਨੇ ਹਰਿਦੁਆਰ ਜਾ ਰਹੀ ਬੱਸ ਨੂੰ ਮਾਰੀ ਟੱਕਰ

02/09/2018 7:41:26 AM

ਮੋਹਾਲੀ  (ਰਾਣਾ) - ਫੇਜ਼-6 ਆਈ. ਐੱਸ. ਬੀ. ਟੀ. ਬੱਸ ਸਟੈਂਡ ਸਥਿਤ ਲਾਈਟ ਪੁਆਇੰਟ 'ਤੇ ਬੁੱਧਵਾਰ ਦੇਰ ਰਾਤ ਇਕ ਤੇਜ਼ ਰਫਤਾਰ ਨਾਲ ਆ ਰਹੇ ਦੁੱਧ ਦੇ ਟੈਂਕਰ ਨੇ ਧਰਮਸ਼ਾਲਾ ਤੋਂ ਹਰਿਦੁਆਰ ਜਾ ਰਹੀ ਹਿਮਾਚਲ ਦੀ ਵੋਲਵੋ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਦਰੱਖਤ ਨਾਲ ਟਕਰਾ ਗਈ। ਬੱਸ 'ਚ ਬੈਠੀਆਂ ਸਵਾਰੀਆਂ ਅੰਦਰ ਹੀ ਫਸ ਗਈਆਂ । ਲਗਭਗ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਯਾਤਰੀਆਂ ਨੂੰ ਬੱਸ ਵਿਚੋਂ ਕੱਢਿਆ ਗਿਆ।
ਇਸ ਹਾਦਸੇ ਵਿਚ 12 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਚਾਰ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਹੈ। ਇਨ੍ਹਾਂ ਵਿਚੋਂ ਇਕ ਦੀ ਪੀ. ਜੀ. ਆਈ. ਵਿਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ (32) ਨਿਵਾਸੀ ਕਾਂਗੜਾ ਦੇ ਰੂਪ ਵਿਚ ਹੋਈ ਹੈ, ਜੋ ਕਿ ਮੈਟਰੋ ਹੋਟਲ ਹਰਿਦੁਆਰ ਵਿਚ ਕੰਮ ਕਰਦਾ ਸੀ। ਇਸੇ ਤਰ੍ਹਾਂ ਬੱਸ ਡਰਾਈਵਰ ਹਰਵਿੰਦਰ ਸਿੰਘ ਨਿਵਾਸੀ ਲੁਧਿਆਣਾ, ਕੰਡਕਟਰ ਰਾਜਿੰਦਰ ਕੁਮਾਰ ਨਿਵਾਸੀ ਮੰਗੇਵਾਲ ਕਾਂਗੜਾ ਅਤੇ ਦੁੱਧ ਟੈਂਕਰ ਦਾ ਕੰਡਕਟਰ ਜੱਗੀ ਵੀ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਪੀ. ਜੀ. ਆਈ. ਵਿਚ ਇਲਾਜ ਚੱਲ ਰਿਹਾ ਹੈ । ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਜਿਵੇਂ ਹੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੀ ਤਾਂ ਉਹ ਵੀ ਮੌਕੇ 'ਤੇ ਪੁੱਜੇ ਅਤੇ ਪੂਰੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ।  
ਇਸ ਤਰ੍ਹਾਂ ਹੋਇਆ ਹਾਦਸਾ
ਬੁੱਧਵਾਰ ਰਾਤ ਲਗਭਗ ਸਾਢੇ 12 ਤੋਂ ਪੌਣੇ 1 ਵਜੇ ਵਿਚ ਬੱਸ ਧਰਮਸ਼ਾਲਾ ਤੋਂ ਹਰਿਦੁਆਰ ਜਾ ਰਹੀ ਸੀ । ਜਿਵੇਂ ਹੀ ਤੇਜ਼ ਰਫਤਾਰ ਬੱਸ ਫੇਜ਼-6 ਦੇ ਆਈ. ਐੱਸ. ਬੀ. ਟੀ. ਬੱਸ ਸਟੈਂਡ ਸਥਿਤ ਲਾਈਟ ਪੁਆਂਇੰਟ ਕੋਲ ਪਹੁੰਚੀ ਤਾਂ ਫੇਜ਼-1 ਥਾਣੇ ਵੱਲੋਂ ਆ ਰਹੇ ਦੁੱਧ ਦੇ ਟੈਂਕਰ ਨਾਲ ਟਕਰਾ ਗਈ। ਇਸ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਸਫੈਦੇ ਦੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਨਾਲ ਹੀ ਸਵਾਰੀਆਂ ਨੀਂਦ ਵਿਚ ਹੋਣ ਕਾਰਨ ਬੱਸ ਵਿਚ ਫਸ ਗਈਆਂ।
ਸੂਚਨਾ ਮਿਲਦੇ ਹੀ ਮੌਕੇ 'ਤੇ ਫੇਜ਼-6 ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਪੂਰੀ ਟੀਮ ਨਾਲ ਪੁੱਜੇ ਅਤੇ ਉਨ੍ਹਾਂ ਨੇ ਸਾਰੇ ਜ਼ਖ਼ਮੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ 4 ਦੀ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ। ਉਨ੍ਹਾਂ ਵਿਚੋਂ ਇਕ ਦੀ ਰਾਤ ਨੂੰ ਹੀ ਇਲਾਜ ਦੌਰਾਨ ਮੌਤ ਹੋ ਗਈ। ਹੋਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਤੋਂ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ।
ਮ੍ਰਿਤਕ ਫਤਿਹ ਬੱਸ ਡਰਾਈਵਰ ਦੀ ਸਾਈਡ ਵਾਲੀ ਸੀਟ 'ਤੇ ਹੀ ਬੈਠਾ ਸੀ । ਜਿਵੇਂ ਹੀ ਟੈਂਕਰ ਨੇ ਉਸ ਦੀ ਸਾਈਡ ਤੋਂ ਬੱਸ ਨੂੰ ਟੱਕਰ ਮਾਰੀ ਤਾਂ ਉਹ ਟੈਂਕਰ ਦੇ ਅੱਗੇ ਡਿੱਗ ਗਿਆ। ਉਸ ਟੈਂਕਰ 'ਤੇ ਵੇਰਕਾ ਲਿਖਿਆ ਹੋਇਆ ਸੀ। ਅਜਿਹੇ ਵਿਚ ਪੁਲਸ ਨੇ ਵੇਰਕਾ ਦੇ ਅਧਿਕਾਰੀਆਂ ਨੂੰ ਵੀ ਇਸ ਬਾਰੇ ਪੁੱਛਗਿਛ ਲਈ ਬੁਲਾਇਆ ਸੀ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਟੈਂਕਰ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਜਿਸ ਤੋਂ ਬਾਅਦ ਪੁਲਸ ਟੈਂਕਰ ਮਾਲਕ ਦੀ ਪੜਤਾਲ ਵਿਚ ਲੱਗ ਗਈ ਹੈ ਤਾਂ ਕਿ ਟੈਂਕਰ ਚਾਲਕ ਦੀ ਪਛਾਣ ਹੋ ਸਕੇ।


Related News