ਚੱਲਦੀ ਬੱਸ ਦਾ ਸਟੀਅਰਿੰਗ ਲਾਕ, ਖਿੜਕੀ ''ਚੋਂ ਬਾਹਰ ਡਿੱਗੀ ਕੁੜੀ, ਪਈਆਂ ਭਾਜੜਾਂ

Monday, Jul 20, 2026 - 01:04 PM (IST)

ਚੱਲਦੀ ਬੱਸ ਦਾ ਸਟੀਅਰਿੰਗ ਲਾਕ, ਖਿੜਕੀ ''ਚੋਂ ਬਾਹਰ ਡਿੱਗੀ ਕੁੜੀ, ਪਈਆਂ ਭਾਜੜਾਂ

ਜ਼ੀਰਕਪੁਰ (ਧੀਮਾਨ) : ਚੰਡੀਗੜ੍ਹ ਤੋਂ ਹਲਦਵਾਨੀ ਜਾ ਰਹੀ ਸੀ. ਟੀ. ਯੂ. ਦੀ ਡੀਲਕਸ ਬੱਸ ਜ਼ੀਰਕਪੁਰ ’ਚ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦਾ ਸਟੀਅਰਿੰਗ ਅਚਾਨਕ ਲਾਕ ਹੋਣ ਕਾਰਨ ਚਾਲਕ ਨੇ ਵਾਹਨ ’ਤੇ ਕੰਟਰੋਲ ਖੋਹ ਦਿੱਤਾ ਅਤੇ ਬੱਸ ਅੱਗੇ ਚੱਲ ਰਹੇ ਕੈਂਟਰ ਨਾਲ ਜਾ ਟਕਰਾਈ। ਹਾਦਸੇ ’ਚ ਚਾਲਕ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਦੋਂ ਕਿ ਇਕ ਕੁੜੀ ਬੱਸ ਦੀ ਖਿੜਕੀ ਰਾਹੀਂ ਸੜਕ ’ਤੇ ਜਾ ਡਿੱਗੀ। ਚੰਗੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਲੰਬਾ ਜਾਮ ਲੱਗ ਗਿਆ। ਸੂਚਨਾ ਮਿਲਦੇ ਹੀ ਜ਼ੀਰਕਪੁਰ ਪੁਲਸ ਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਹਾਈਡ੍ਰੌਲਿਕ ਮਸ਼ੀਨ ਦੀ ਮਦਦ ਨਾਲ ਹਾਦਸੇ ਦੇ ਸ਼ਿਕਾਰ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਟ੍ਰੈਫਿਕ ਨੂੰ ਮੁੜ ਸੁਚਾਰੂ ਬਣਾਇਆ ਗਿਆ। ਕੁੱਝ ਯਾਤਰੀਆਂ ਨੂੰ ਟੁੱਟੇ ਸ਼ੀਸ਼ਿਆਂ ਦੇ ਕੱਚ ਲੱਗਣ ਕਾਰਨ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਜੀ.ਐੱਮ.ਸੀ.ਐੱਚ.-32 ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਡਰਾਈਵਰ ਨੇ ਦੱਸੀ ਹਾਦਸੇ ਦੀ ਵਜ੍ਹਾ
ਬੱਸ ਚਾਲਕ ਸੁਖਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਜਿਵੇਂ ਹੀ ਬੱਸ ਪੁਲ਼ ਤੋਂ ਹੇਠਾਂ ਉਤਰੀ ਤਾਂ ਅਚਾਨਕ ਬੱਸ ਦੀ ਇਲੈਕਟ੍ਰਿਕ ਪਾਵਰ ਬੰਦ ਹੋ ਗਈ ਅਤੇ ਸਟੀਅਰਿੰਗ ਲਾਕ ਹੋ ਗਿਆ। ਇਸ ਕਾਰਨ ਬੱਸ ’ਤੇ ਕੰਟਰੋਲ ਨਹੀਂ ਰਿਹਾ ਅਤੇ ਉਹ ਕੈਂਟਰ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਇਸ ਦੇ ਬਾਵਜੂਦ ਟੱਕਰ ਹੋ ਗਈ। ਉਨ੍ਹਾਂ ਮੁਤਾਬਕ ਜ਼ਖ਼ਮੀ ਹੋਈ ਕੁੜੀ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਕੰਮ ਕਰਦੀ ਹੈ। ਉਸ ਦੇ ਸਿਰ ’ਤੇ ਸੱਟ ਲੱਗੀ ਸੀ ਪਰ ਐਕਸ-ਰੇ ਰਿਪੋਰਟ ’ਚ ਕੋਈ ਗੰਭੀਰ ਸੱਟ ਸਾਹਮਣੇ ਨਹੀਂ ਆਈ।
ਦੂਜੀ ਬੱਸ ਰਾਹੀਂ ਭੇਜੇ ਯਾਤਰੀ
ਹਾਦਸੇ ਵੇਲੇ ਬੱਸ ’ਚ ਕਰੀਬ 6 ਤੋਂ 7 ਯਾਤਰੀ ਸਵਾਰ ਸਨ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਦੂਜੀ ਸੀ. ਟੀ. ਯੂ. ਬੱਸ ਰਾਹੀਂ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। ਹਾਦਸੇ ਦੀ ਸ਼ਿਕਾਰ ਬੱਸ ਨੂੰ ਜਾਂਚ ਲਈ ਚੰਡੀਗੜ੍ਹ ਵਰਕਸ਼ਾਪ ਭੇਜ ਦਿੱਤਾ ਗਿਆ ਹੈ, ਜਿੱਥੇ ਇਹ ਪਤਾ ਲਗਾਇਆ ਜਾਵੇਗਾ ਕਿ ਬੱਸ ਦੀ ਇਲੈਕਟ੍ਰਿਕ ਸਿਸਟਮ ’ਚ ਅਚਾਨਕ ਕੀ ਖ਼ਰਾਬੀ ਆਈ, ਜਿਸ ਕਾਰਨ ਸਟੀਅਰਿੰਗ ਲਾਕ ਹੋ ਗਿਆ। ਜ਼ੀਰਕਪੁਰ ਥਾਣੇ ਦੇ ਐੱਸ. ਐੱਚ. ਓ. ਸਤਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਸਨ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਵਿੱਚ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News