ਪੰਜਾਬ ਕਾਂਗਰਸ ''ਚ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਹਾਈਕਮਾਂਡ ਨੇ ਸੱਦ ਲਈ ਮੀਟਿੰਗ

Monday, Jul 20, 2026 - 07:25 PM (IST)

ਪੰਜਾਬ ਕਾਂਗਰਸ ''ਚ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਹਾਈਕਮਾਂਡ ਨੇ ਸੱਦ ਲਈ ਮੀਟਿੰਗ

ਚੰਡੀਗੜ੍ਹ/ਨਵੀਂ ਦਿੱਲੀ- ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਨੂੰ ਲੈ ਕੇ ਦਿੱਲੀ 'ਚ ਪਾਰਟੀ ਹਾਈ ਕਮਾਂਡ ਨੇ ਭਲਕੇ ਪੰਜਾਬ ਦੇ ਸਾਰੇ ਸੀਨੀਅਰ ਆਗੂਆਂ ਨੂੰ ਅਹਿਮ ਬੈਠਕ ਲਈ ਤਲਬ ਕੀਤਾ ਹੈ। ਇਹ ਮੀਟਿੰਗ ਨੂੰ ਸਿਰਫ਼ ਇਕ ਰੁਟੀਨ ਸਿਆਸੀ ਬੈਠਕ ਨਹੀਂ, ਸਗੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇੱਕਜੁੱਟ ਕਰਨ ਅਤੇ ਨਵੀਂ ਦਿਸ਼ਾ ਦੇਣ ਵਾਲੇ ਕਦਮ ਵਜੋਂ ਵੇਖਿਆ ਜਾ ਰਿਹਾ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਸੰਗਠਨ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਮਗਰੋਂ ਹੁਣ ਕਾਂਗਰਸ ਲੀਡਰਸ਼ਿਪ ਇਕਜੁੱਟਤਾ ਦਾ ਮਜ਼ਬੂਤ ਸੰਦੇਸ਼ ਦੇਣ ਦੀ ਕੋਸ਼ਿਸ਼ ਵਿੱਚ ਨਜ਼ਰ ਆ ਰਹੀ ਹੈ।

ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਪਾਰਟੀ 'ਚ "ਆਲ ਇਜ਼ ਵੈੱਲ" ਹੈ ਅਤੇ ਕਾਂਗਰਸ ਦਾ ਹਰ ਆਗੂ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੋ ਕੇ ਕੰਮ ਕਰੇਗਾ। ਚੰਨੀ ਦੇ ਇਸ ਬਿਆਨ ਨੂੰ ਪਾਰਟੀ ਅੰਦਰ ਸਕਾਰਾਤਮਕ ਸੰਦੇਸ਼ ਵਜੋਂ ਵੇਖਿਆ ਗਿਆ। ਇਸ ਤੋਂ ਇਲਾਵਾ ਹੋਰ ਕਈ ਸੀਨੀਅਰ ਆਗੂਆਂ ਨੇ ਵੀ ਜਨਤਕ ਤੌਰ 'ਤੇ ਇਕਜੁੱਟਤਾ ਦੀ ਗੱਲ ਕਰਦਿਆਂ ਸਪੱਸ਼ਟ ਕੀਤਾ ਕਿ ਨਿੱਜੀ ਮਤਭੇਦਾਂ ਤੋਂ ਉੱਪਰ ਉੱਠ ਕੇ ਪਾਰਟੀ ਹਿੱਤਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸੇ ਪਿਛੋਕੜ 'ਚ ਦਿੱਲੀ ਦੀ ਇਹ ਬੈਠਕ ਹੋਰ ਵੀ ਮਹੱਤਵਪੂਰਨ ਬਣ ਗਈ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਕੀ ਅੱਜ ਦੀ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਇਕ ਮਜ਼ਬੂਤ ਅਤੇ ਇਕਜੁੱਟ ਟੀਮ ਵਜੋਂ ਸਾਹਮਣੇ ਆਵੇਗੀ ਅਤੇ 2027 ਦੀਆਂ ਚੋਣਾਂ ਦੀ ਤਿਆਰੀ ਦਾ ਰਸਮੀ ਆਗਾਜ਼ ਕਰੇਗੀ।

ਇਹ ਵੀ ਪੜ੍ਹੋ: ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ

ਦਰਅਸਲ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਕਰੀਬ ਛੇ ਦਿਨਾਂ ਤੱਕ ਪੰਜਾਬ ਦਾ ਵਿਸਤ੍ਰਿਤ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਧੜਿਆਂ ਦੇ ਆਗੂਆਂ, ਮੌਜੂਦਾ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਸੀਨੀਅਰ ਲੀਡਰਸ਼ਿਪ ਨਾਲ ਲਗਾਤਾਰ ਮੀਟਿੰਗਾਂ ਕਰਕੇ ਉਨ੍ਹਾਂ ਦੀ ਰਾਇ ਜਾਣੀ। ਬਘੇਲ ਦਾ ਇਹ ਦੌਰਾ ਸਿਰਫ਼ ਰਸਮੀ ਨਹੀਂ ਸੀ, ਸਗੋਂ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਹਰੇਕ ਆਗੂ ਦੀ ਸੋਚ ਨੂੰ ਹਾਈ ਕਮਾਂਡ ਤੱਕ ਪਹੁੰਚਾਉਣ ਦੀ ਕਵਾਇਦ ਮੰਨੀ ਗਈ। ਦੌਰੇ ਤੋਂ ਬਾਅਦ ਭੂਪੇਸ਼ ਬਘੇਲ ਨੇ ਪੂਰੀ ਰਿਪੋਰਟ ਕਾਂਗਰਸ ਹਾਈ ਕਮਾਂਡ ਨੂੰ ਸੌਂਪੀ। ਮੰਨਿਆ ਜਾ ਰਿਹਾ ਹੈ ਕਿ ਉਸੇ ਫੀਡਬੈਕ ਦੇ ਆਧਾਰ 'ਤੇ ਹੁਣ ਦਿੱਲੀ ਵਿੱਚ ਇਹ ਅਹਿਮ ਬੈਠਕ ਬੁਲਾਈ ਗਈ ਹੈ। ਇਸ ਵਿੱਚ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਸੰਗਠਨ ਦੀ ਮਜ਼ਬੂਤੀ, ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਅਤੇ ਪਾਰਟੀ ਦੀ ਜਨ ਸੰਪਰਕ ਮੁਹਿੰਮ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਵੇਗਾ।

ਸੂਤਰਾਂ ਮੁਤਾਬਕ ਹਾਈ ਕਮਾਂਡ ਦੀ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਸਾਰੇ ਸੀਨੀਅਰ ਆਗੂ ਇੱਕੋ ਮੰਚ 'ਤੇ ਨਜ਼ਰ ਆਉਣ ਅਤੇ ਵਰਕਰਾਂ ਤੱਕ ਇਹ ਸੰਦੇਸ਼ ਪਹੁੰਚੇ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ। ਪਾਰਟੀ ਦਾ ਮੰਨਣਾ ਹੈ ਕਿ ਚੋਣਾਂ ਤੋਂ ਪਹਿਲਾਂ ਸੰਗਠਨਕ ਏਕਤਾ ਹੀ ਸਭ ਤੋਂ ਵੱਡੀ ਤਾਕਤ ਸਾਬਤ ਹੋ ਸਕਦੀ ਹੈ।
ਪੰਜਾਬ ਕਾਂਗਰਸ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਪ੍ਰਧਾਨਗੀ ਅਤੇ ਸੰਗਠਨ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਜ਼ਰੂਰ ਚੱਲੀਆਂ, ਪਰ ਹਾਈ ਕਮਾਂਡ ਵੱਲੋਂ ਲਗਾਤਾਰ ਇਹ ਸੰਦੇਸ਼ ਦਿੱਤਾ ਗਿਆ ਕਿ ਪਾਰਟੀ ਦਾ ਮੁੱਖ ਉਦੇਸ਼ ਸੰਗਠਨ ਨੂੰ ਮਜ਼ਬੂਤ ਕਰਨਾ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਦਿੱਲੀ ਦੀ ਇਹ ਬੈਠਕ ਸਾਰੀਆਂ ਅਟਕਲਾਂ 'ਤੇ ਵੀ ਵਿਰਾਮ ਲਗਾ ਸਕਦੀ ਹੈ ਅਤੇ ਪਾਰਟੀ ਇੱਕ ਸਾਂਝੇ ਐਜੰਡੇ ਨਾਲ ਅੱਗੇ ਵਧਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਰਾਜਨੀਤਿਕ ਵਿਸ਼ਲੇਸ਼ਕ ਵੀ ਮੰਨਦੇ ਹਨ ਕਿ 2027 ਦੀਆਂ ਚੋਣਾਂ ਲਈ ਹੁਣ ਬਹੁਤ ਜ਼ਿਆਦਾ ਸਮਾਂ ਨਹੀਂ ਬਚਿਆ। ਅਜਿਹੇ ਵਿੱਚ ਕਾਂਗਰਸ ਆਪਣਾ ਵੱਧ ਤੋਂ ਵੱਧ ਧਿਆਨ ਸੰਗਠਨ ਮਜ਼ਬੂਤ ਕਰਨ, ਬੂਥ ਪੱਧਰ ਤੱਕ ਵਰਕਰਾਂ ਨੂੰ ਸਰਗਰਮ ਕਰਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ 'ਤੇ ਕੇਂਦਰਿਤ ਕਰਨਾ ਚਾਹੁੰਦੀ ਹੈ। ਇਸ ਲਈ ਹਾਈ ਕਮਾਂਡ ਵੀ ਹੁਣ ਸਾਰੇ ਆਗੂਆਂ ਨੂੰ ਇੱਕ ਦਿਸ਼ਾ ਵਿੱਚ ਕੰਮ ਕਰਨ ਦਾ ਸੰਦੇਸ਼ ਦੇ ਸਕਦੀ ਹੈ। ਇਸ ਬੈਠਕ ਵਿੱਚ ਨਵੇਂ ਅਹੁਦੇਦਾਰਾਂ ਦੀਆਂ ਜ਼ਿੰਮੇਵਾਰੀਆਂ, ਬੂਥ ਪੱਧਰ ਦੀ ਮਜ਼ਬੂਤੀ, ਜਨ ਅੰਦੋਲਨਾਂ ਦੀ ਰੂਪ-ਰੇਖਾ ਅਤੇ ਸਰਕਾਰ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਰਣਨੀਤੀ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਨਾਲ ਹੀ ਵਰਕਰਾਂ ਵਿੱਚ ਨਵਾਂ ਉਤਸ਼ਾਹ ਪੈਦਾ ਕਰਨ ਅਤੇ ਪਿੰਡ ਤੋਂ ਸ਼ਹਿਰ ਤੱਕ ਸੰਗਠਨ ਨੂੰ ਹੋਰ ਸਰਗਰਮ ਬਣਾਉਣ ਲਈ ਵੀ ਦਿਸ਼ਾ-ਨਿਰਦੇਸ਼ ਦਿੱਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ: ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਇਨ੍ਹਾਂ ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ

ਪਾਰਟੀ ਦੇ ਕਈ ਸੀਨੀਅਰ ਆਗੂ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਕਾਂਗਰਸ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਸੰਗਠਨ ਅਤੇ ਵਰਕਰ ਹਨ। ਇਸ ਕਰਕੇ ਲੀਡਰਸ਼ਿਪ ਦਾ ਜ਼ੋਰ ਇਸ ਗੱਲ 'ਤੇ ਹੈ ਕਿ ਨਿੱਜੀ ਮਤਭੇਦਾਂ ਨੂੰ ਪਿੱਛੇ ਛੱਡ ਕੇ ਸਾਰੇ ਆਗੂ ਇੱਕ ਟੀਮ ਵਜੋਂ ਕੰਮ ਕਰਨ। ਮੰਨਿਆ ਜਾ ਰਿਹਾ ਹੈ ਕਿ ਅੱਜ ਦੀ ਬੈਠਕ ਦੌਰਾਨ ਵੀ ਇਹੀ ਸੰਦੇਸ਼ ਸਭ ਤੋਂ ਵੱਧ ਉਭਰ ਕੇ ਸਾਹਮਣੇ ਆਵੇਗਾ। ਦਿੱਲੀ ਵਿੱਚ ਹੋਣ ਵਾਲੀ ਇਸ ਮਹਾਬੈਠਕ ਨੂੰ ਪੰਜਾਬ ਕਾਂਗਰਸ ਲਈ ਨਵੀਂ ਸ਼ੁਰੂਆਤ ਵਜੋਂ ਵੀ ਦੇਖਿਆ ਜਾ ਰਿਹਾ ਹੈ। ਜੇਕਰ ਮੀਟਿੰਗ ਤੋਂ ਬਾਅਦ ਸਾਰੇ ਆਗੂ ਇਕੱਠੇ ਹੋ ਕੇ ਇੱਕਜੁੱਟਤਾ ਦਾ ਸੰਦੇਸ਼ ਦਿੰਦੇ ਹਨ ਤਾਂ ਇਹ ਨਾ ਸਿਰਫ਼ ਪਾਰਟੀ ਵਰਕਰਾਂ ਦਾ ਮਨੋਬਲ ਵਧਾਏਗਾ, ਸਗੋਂ ਵਿਰੋਧੀਆਂ ਨੂੰ ਵੀ ਇੱਕ ਸਪੱਸ਼ਟ ਸੰਕੇਤ ਮਿਲੇਗਾ ਕਿ ਕਾਂਗਰਸ ਹੁਣ ਚੋਣੀ ਮੋਡ ਵਿੱਚ ਦਾਖ਼ਲ ਹੋ ਚੁੱਕੀ ਹੈ।

ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਦਿੱਲੀ ਦੀ ਇਹ ਬੈਠਕ ਪੰਜਾਬ ਕਾਂਗਰਸ ਲਈ ਕਿੰਨਾ ਵੱਡਾ ਮੋੜ ਸਾਬਤ ਹੁੰਦੀ ਹੈ। ਚੰਨੀ ਵੱਲੋਂ ਦਿੱਤੇ "ਆਲ ਇਜ਼ ਵੈਲ" ਦੇ ਸੰਦੇਸ਼ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਇਕਜੁੱਟਤਾ ਦੇ ਭਰੋਸੇ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਦੀ ਮੀਟਿੰਗ ਪਾਰਟੀ ਨੂੰ ਨਵੀਂ ਊਰਜਾ, ਨਵਾਂ ਵਿਸ਼ਵਾਸ ਅਤੇ 2027 ਦੀਆਂ ਚੋਣਾਂ ਲਈ ਇੱਕ ਮਜ਼ਬੂਤ ਸਾਂਝਾ ਰੋਡਮੈਪ ਦੇ ਸਕਦੀ ਹੈ। ਪੰਜਾਬ ਦੀ ਸਿਆਸਤ ਵਿੱਚ ਅੱਜ ਦੀ ਇਹ ਬੈਠਕ ਇਸੇ ਕਾਰਨ ਬੇਹੱਦ ਅਹਿਮ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ: ਨਸ਼ੇ ਕਾਰਨ ਉਜੜਿਆ ਹੱਸਦਾ-ਵੱਸਦਾ ਘਰ! 3 ਭੈਣਾਂ ਦੇ ਇਕਲੌਤੇ ਭਰਾ ਦੀ ਓਵਰਡੋਜ਼ ਨਾਲ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News