ਨਕਲੀ IPS ਅਧਿਕਾਰੀ ਦਾ ਪਰਦਾਫਾਸ਼: ਪੁਲਸ ਭਰਤੀ ਦੇ ਨਾਂ 'ਤੇ ਮਾਰੀ ਠੱਗੀ, ਪਤਨੀ ਸਣੇ ਕਾਬੂ

Tuesday, Jul 14, 2026 - 06:46 AM (IST)

ਨਕਲੀ IPS ਅਧਿਕਾਰੀ ਦਾ ਪਰਦਾਫਾਸ਼: ਪੁਲਸ ਭਰਤੀ ਦੇ ਨਾਂ 'ਤੇ ਮਾਰੀ ਠੱਗੀ, ਪਤਨੀ ਸਣੇ ਕਾਬੂ

ਸ਼ਾਹਕੋਟ (ਅਰਸ਼ਦੀਪ) : ਸ਼ਾਹਕੋਟ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਖ਼ੁਦ ਨੂੰ ਆਈ. ਪੀ. ਐੱਸ. ਅਧਿਕਾਰੀ ਦੱਸ ਕੇ ਪੁਲਸ ਵਿਭਾਗ ਵਿਚ ਉੱਚ ਅਹੁਦਿਆਂ ’ਤੇ ਭਰਤੀ ਕਰਵਾਉਣ ਦੇ ਨਾਂ ’ਤੇ 31 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਠੱਗ ਅਨਮੋਲ ਰਤਨ ਤੇ ਉਸ ਦੀ ਪਤਨੀ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਮੁਲਜ਼ਮ ਦਾ ਪਿਤਾ ਪਹਿਲਾਂ ਹੀ ਜੇਲ ਵਿਚ ਬੰਦ ਹੈ। ਡੀ. ਐੱਸ. ਪੀ. ਸ਼ਾਹਕੋਟ ਸਰਵਣ ਸਿੰਘ ਬੱਲ ਅਤੇ ਐੱਸ. ਐੱਚ. ਓ. ਅਮਨ ਸੈਣੀ ਨੇ ਦੱਸਿਆ ਕਿ ਬਾਊਪੁਰ ਬੇਟ (ਸ਼ਾਹਕੋਟ) ਦੀ ਰਹਿਣ ਵਾਲੀ ਰਵੀਨ ਕੌਰ ਨੂੰ ਪੁਲਸ ਵਿਭਾਗ ਵਿਚ ਡੀ. ਐੱਸ. ਪੀ., ਉਸ ਦੀ ਭਤੀਜੀ ਸੰਦੀਪ ਕੌਰ ਨੂੰ ਇੰਸਪੈਕਟਰ ਅਤੇ ਭਰਾ ਹਰਦੀਪ ਸਿੰਘ ਨੂੰ ਹੌਲਦਾਰ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਪਿੰਡ ਕੋਟਲਾ ਸੁਲੇਮਾਨ (ਫਤਿਹਗੜ੍ਹ ਸਾਹਿਬ) ਦੇ ਰਹਿਣ ਵਾਲੇ ਅਨਮੋਲ ਰਤਨ ਨੇ 31 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਸੀ।

ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਨੇ ਜਾਮ ਕੀਤੀ ਲੁਧਿਆਣਾ ਦੀ ਮੁੱਖ ਸੜਕ! ਆਵਾਜਾਈ ਪੂਰੀ ਤਰ੍ਹਾਂ ਠੱਪ

ਇਸ ਸਬੰਧੀ ਥਾਣਾ ਸ਼ਾਹਕੋਟ ਵਿਚ ਕੇਸ ਦਰਜ ਕੀਤਾ ਗਿਆ ਸੀ। ਠੱਗੀ ਮਾਰਨ ਤੋਂ ਬਾਅਦ ਅਨਮੋਲ ਰਤਨ ਫ਼ਰਾਰ ਹੋ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਦੇ ਪਿਤਾ ਬਲਵਿੰਦਰ ਸਿੰਘ ਦੇ ਖਾਤੇ ਵਿਚ 3 ਲੱਖ ਰੁਪਏ ਟਰਾਂਸਫਰ ਹੋਏ ਸਨ, ਜਿਸ ਤੋਂ ਬਾਅਦ ਪੁਲਸ ਨੇ 23 ਜੂਨ 2026 ਨੂੰ ਉਸ ਨੂੰ ਗ੍ਰਿਫ਼ਤਾਰ ਕਰ ਕੇ ਕੇਂਦਰੀ ਜੇਲ ਕਪੂਰਥਲਾ ਭੇਜ ਦਿੱਤਾ ਸੀ। ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਟੈਕਨੀਕਲ ਸੈੱਲ ਦੀ ਮਦਦ ਨਾਲ 8 ਜੁਲਾਈ 2026 ਨੂੰ ਅਨਮੋਲ ਰਤਨ ਅਤੇ ਉਸ ਦੀ ਪਤਨੀ ਮਨਦੀਪ ਕੌਰ ਨੂੰ ਕਾਬੂ ਕਰ ਕੇ 5 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਇਕ ਲੈਪਟਾਪ, ਇਕ ਮੋਬਾਈਲ ਫ਼ੋਨ, ਜਾਅਲੀ ਆਈ. ਡੀ. ਕਾਰਡ ਅਤੇ ਹੋਰ ਨਕਲੀ ਦਸਤਾਵੇਜ਼ ਬਰਾਮਦ ਹੋਏ ਹਨ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਆਈ. ਪੀ. ਐੱਸ. ਅਧਿਕਾਰੀ ਹੋਣ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਕਈ ਲੋਕਾਂ ਨਾਲ ਠੱਗੀ ਕੀਤੀ ਹੈ।

ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਠੱਗੀ ਦੀ ਰਕਮ ਵਿਚੋਂ 17 ਲੱਖ ਰੁਪਏ ਆਪਣੇ ਸਾਲੇ ਦੀ ਸ਼ਾਹਕੋਟ ਸਥਿਤ ‘ਠਾਠ-ਬਾਠ’ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿਚ ਲਾਏ ਗਏ ਸਨ। ਇਸ ਤੋਂ ਇਲਾਵਾ ਕਾਰ ਖਰੀਦਣ ਲਈ 1 ਲੱਖ 10 ਹਜ਼ਾਰ ਰੁਪਏ ਦੀ ਡਾਊਨ ਪੇਮੈਂਟ ਕੀਤੀ ਗਈ ਅਤੇ ਨਕੋਦਰ ਵਿਖੇ ਆਪਣੀ ਮਾਤਾ ਦੇ ਨਾਂ ’ਤੇ ਕੋਠੀ ਖਰੀਦਣ ਲਈ 10 ਲੱਖ ਰੁਪਏ ਦਿੱਤੇ ਗਏ ਸਨ। ਪੁਲਸ ਵੱਲੋਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News