ਪੁਰਾਤਨ ਸਮੇਂ ਨੂੰ ਯਾਦ ਕਰਦਿਆਂ ਆਓ ਜਾਣਦੇ ਹਾਂ ‘ਭਾਰਤ ਤੋਂ ਵਿਦੇਸ਼ਾਂ ਵੱਲ ਦੇ ਪ੍ਰਵਾਸ’ ਨੂੰ

Monday, May 18, 2020 - 05:03 PM (IST)

ਪੁਰਾਤਨ ਸਮੇਂ ਨੂੰ ਯਾਦ ਕਰਦਿਆਂ ਆਓ ਜਾਣਦੇ ਹਾਂ ‘ਭਾਰਤ ਤੋਂ ਵਿਦੇਸ਼ਾਂ ਵੱਲ ਦੇ ਪ੍ਰਵਾਸ’ ਨੂੰ

ਨਰੇਸ਼ ਕੁਮਾਰੀ

 00918146914590

ਇਕ ਥਾਂ ਤੋਂ ਦੂਜੀ ਥਾਂ ਘੁੰਮਣਾ ਫਿਰਨਾ ਇਨਸਾਨ ਦੀ ਫਿਤਰਤ ਹੈ। ਇਨਸਾਨ ਜਦੋਂ ਤੋਂ ਧਰਤੀ ’ਤੇ ਆਇਆ, ਉਹ ਇਕ ਤੋਂ ਦੂਜੀ ਥਾਂ ਭਟਕਦਾ ਹੀ ਰਿਹਾ ਹੈ, ਫਿਰ ਭਾਵੇਂ ਭੋਜਨ ਉਹ ਭੋਜਨ ਦੀ ਖਾਤਰ, ਵਧੀਆ ਜੀਵਨ ਸਹੂਲਤਾਂ ਲਈ, ਸਾਥੀ ਲੱਭਣ ਲਈ ਜਾਂ ਕਿਸੇ ਹੋਰ ਕਾਰਣ। ਉਂਝ ਵੇਖਿਆ ਜਾਵੇ ਤਾਂ ਇਕ ਹੀ ਸਥਾਨ ’ਤੇ ਸਥਿਰ ਰਹਿ ਕੇ ਮਨੁੱਖ ਤਾਂ ਕੀ ਜਾਨਵਰ ਵੀ ਅੱਕ ਜਾਂਦੇ ਹਨ। ਮਨੁੱਖ ਦੀ ਫਿਰਨ ਤੁਰਨ ਦੀ ਇਸੇ ਆਦਤ ਨੇ ਸੰਸਾਰਿਕ ਵਿਕਾਸ ਨੂੰ ਜਨਮ ਦਿੱਤਾ ਹੈ। ਇਕ ਤੋਂ ਦੂਜੇ ਲਈ ਆਕਰਸ਼ਣ ਕੇਵਲ ਸਾਡੇ ਹੀ ਮੁਲਕ ਵਿਚ ਹੀ ਨਹੀਂ ਸਗੋਂ ਸਾਰੇ ਜਗਤ ਵਿਚ ਵਿਆਪਤ ਹੈ। ਕੁਝ ਲੋਕਾਂ ਦੇ ਤਾਂ ਜੀਵਨ ਦਾ ਮਕਸਦ ਹੀ ਭ੍ਰਮਣ ਹੁੰਦਾ ਹੈ। ਅੱਜ ਦੇ ਯੁੱਗ ਵਿਚ ਇਸ ਘੁੰਮਣ ਫਿਰਨ ਨੇ ਹੁਣ ਪ੍ਰਵਾਸ ਦਾ ਰੂਪ ਲੈ ਲਿਆ ਹੈ। ਇਸ ਲਈ ਸਿੱਧਾ ਮੁੱਦੇ ’ਤੇ ਆਉਂਦੇ ਹੋਏ ਭਾਰਤ ਵਿਚੋਂ ਪ੍ਰਵਾਸ ਦੀ ਗੱਲ ਕਰਦੇ ਹਾਂ। ਮੋਟੇ ਤੌਰ ’ਤੇ ਭਾਰਤ ਵਿਚੋਂ ਪ੍ਰਵਾਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ।

ਅੰਗ੍ਰੇਜ਼ਾਂ ਤੋਂ ਪਹਿਲਾਂ ਭਾਰਤ ਤੋਂ ਪ੍ਰਵਾਸ:
ਇਸ ਸਮੇਂ ਵਿਚ ਪ੍ਰਵਾਸ ਸਿਰਫ ਨਾਮ ਮਾਤਰ ਹੀ ਸੀ। ਉਸ ਸਮੇਂ ਵੱਖ-ਵੱਖ ਤਰ੍ਹਾਂ ਦੀ ਬਾਦਸ਼ਾਹਤ ਸਹਿਣ ਤੋਂ ਬਾਅਦ ਹਿੰਦੁਸਤਾਨ ਮੁਗਲਾਂ ਦੀ ਦਾਸਤਾਨ ਸਹਿ ਰਿਹਾ ਸੀ। ਉਨ੍ਹਾਂ ਵਿਚੋਂ ਕਈ ਆਉਂਦੇ ਤੇ ਭਾਰਤ ਨੂੰ ਲੁੱਟ ਕੇ ਚਲੇ ਜਾਂਦੇ। ਹੌਲੀ -ਹੌਲੀ ਇਸੇ ਸਮੇਂ ਤਰ੍ਹਾਂ ਵਪਾਰ ਦਾ ਅਰੰਭ ਹੋਇਆ। ਇਹ ਜ਼ਿਆਦਾਤਰ ਭਾਰਤ ਅਤੇ ਅਰਬ ਦੇਸ਼ਾਂ ਵਿਚਕਾਰ ਸੀਮਿਤ ਸੀ। ਉਸ ਤੋਂ ਬਾਅਦ ਇਹ ਵੱਡੇ-ਵੱਡੇ ਸਮੁੰਦਰੀ ਬੇੜਿਆਂ ਰਾਹੀਂ ਪੱਛਮੀ ਦੇਸ਼ਾਂ ਵੱਲ ਵੀ ਵਧਣ ਲੱਗਾ। ਹੁਣ ਤੱਕ ਇਹ ਸੈਰ ਸਪਾਟੇ ਤੋਂ ਅੱਗੇ ਵਧ ਕੇ ਵਪਾਰ ਦਾ ਰੂਪ ਬਣ ਚੁੱਕਾ  ਸੀ। ਇਸਦੇ ਨਾਲ-ਨਾਲ ਥੋੜੇ ਬਹੁਤੇ ਲੋਕ ਇਨ੍ਹਾਂ ਦੇਸ਼ਾਂ ਨੂੰ ਆਪਣਾਅ ਵੀ ਚੁੱਕੇ ਸਨ। ਭਾਵ ਆਪਣੇ ਘਰ ਬਣਾ ਚੁੱਕੇ ਸਨ।

ਅੰਗਰੇਜ਼ੀ ਰਾਜ ਵਿਚ ਪ੍ਰਵਾਸ:
ਕੁਲ ਮਿਲਾ ਕੇ ਅੰਗਰੇਜ਼ਾਂ ਨੇ ਭਾਰਤ ਉੱਤੇ ਲੱਗਭਗ ਦੋ ਸੌ ਸਾਲ ਰਾਜ ਕੀਤਾ। ਇਸ ਸਮੇਂ ਦੌਰਾਨ ਭਾਰਤ ਨੇ ਗਹਿਰੇ ਦਰਦ ਨੂੰ ਤਾਂ ਹੰਢਾਇਆ ਹੀ ਸੀ, ਨਾਲ ਹੀ ਵਪਾਰ ਵਿਚ ਵੀ ਵਾਧਾ ਹੋਇਆ, ਉਹ ਵੀ ਅੰਗਰੇਜ਼ਾਂ ਨਾਲ। ਇਸ ਤੋਂ ਇਲਾਵਾ ਜਦੋਂ ਭਾਰਤੀ ਬਾਹਰ ਨਿੱਕਲੇ ਤਾਂ ਹੌਲੀ-ਹੌਲੀ ਸਾਰੇ ਸੰਸਾਰ ਵਿਚ ਫੈਲਦੇ ਗਏ। ਉਸੇ ਤਰ੍ਹਾਂ ਵਪਾਰ ਦੇ ਨਾਲ-ਨਾਲ ਪੂਰੇ ਸੰਸਾਰ ਵਿਚ ਵੱਸਣ ਲੱਗ ਗਏ।

ਅੰਗਰੇਜ਼ੀ ਰਾਜ ਤੋਂ ਬਾਅਦ ਪ੍ਰਵਾਸ:
ਲੱਗਭਗ 20ਵੀਂ ਸ਼ਤਾਬਦੀ ਦੇ ਅੱਧ ਵਿਚ ਅੰਗਰੇਜ਼ਾਂ ਨੇ ਭਾਰਤ ਅਜ਼ਾਦ ਕੀਤਾ। ਅਤਿਅੰਤ ਮੁਸ਼ਕਲਾਂ, ਬਲਿਦਾਨਾਂ ਅਤੇ ਜੱਦੋ ਜ਼ਹਿਦ ਨਾਲ ਮਿਲੀ ਇਹ ਆਜ਼ਾਦੀ ਭਾਰਤ ਵਾਸੀਆਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ। ਇਹੋ ਜਿਹੀ ਸਥਿਤੀ ਜਾਪਦੀ ਸੀ, ਜਿਵੇਂ ਸਦੀਆਂ ਬਾਅਦ ਪਿੰਜਰੇ ਵਿਚੋਂ ਕੋਈ ਪੰਛੀ ਨਿਕਲਿਆ ਹੋਵੇ ਤੇ ਆਪਣੇ ਖੰਭ ਖੋਲ੍ਹਣ ਲਈ ਆਜ਼ਾਦ ਹੋਇਆ ਹੋਵੇ। ਇਸ ਵਕਤ ਹਰ ਵਿਅਕਤੀ ਦੀ ਮਾਨਸਿਕ ਸਥਿਤੀ ਇਹ ਸੀ ਕਿ ਉਹ ਆਜ਼ਾਦੀ ਨੂੰ ਪੂਰੀ ਤਰ੍ਹਾਂ ਜੀਣਾ ਚਾਹੁੰਦਾ ਸੀ। ਹਿੰਦੁਸਤਾਨ ਨਵਾਂ ਸੀ, ਲੋਕਾਂ ਦੇ ਅਰਮਾਨ ਨਵੇਂ ਸਨ, ਬਹੁਤ ਸਾਰੇ ਸੁਪਨੇ, ਜੋ ਅਧੂਰੇ ਸਨ, ਉਨ੍ਹਾਂ ਨੂੰ ਪੂਰੇ ਕਰਨ ਦਾ ਸਮਾਂ ਆ ਗਿਆ ਸੀ। ਇਸਦੇ ਨਾਲ-ਨਾਲ ਬਾਹਰ ਦੀ ਦੁਨੀਆਂ ਬਾਰੇ ਵੀ ਥੋੜੀ ਬਹੁਤ ਜਾਣਕਾਰੀ ਹੋ ਚੁੱਕੀ ਸੀ ਅਤੇ ਮਨਾਂ ਵਿਚ ਆਕਰਸ਼ਨ ਜਨਮ ਲੈ ਚੁੱਕਾ ਸੀ। ਇਹ ਸਾਰਾ ਕੁਝ ਅੰਗਰੇਜ਼ਾਂ ਵਿਚ ਵਿਚਰਣ ਕਾਰਣ ਹੋਇਆ। ਬਸ ਇਸੇ ਖਿੱਚ ਸਦਕਾ ਕੁਝ ਉੱਦਮੀ ਅਤੇ ਥੋੜੇ ਪੜ੍ਹੇ ਲਿਖੇ ਲੋਕਾਂ ਨੇ ਬਾਹਰਲੇ ਮੁਲਕਾਂ ਵੱਲ ਵਹੀਰਾਂ ਘੱਤਣਂ ਦੀ ਹਿੰਮਤ ਕੀਤੀ। ਇਸ ਸਮੇਂ ਸਾਧਨਾਂ ਦੀ ਬੜੀ ਥੁੜ ਸੀ, ਖਾਸ ਕਰਕੇ ਸੰਪਰਕ ਸਾਧਨਾਂ ਦੀ। ਫਿਰ ਵੀ ਪੱਛਮੀ ਮੁਲਕਾਂ ਦੇ ਹਾਲਾਤ, ਅੱਜ ਦੀ ਤਰ੍ਹਾਂ ਹੀ ਭਾਰਤ ਦੇ ਮੁਕਾਬਲੇ ਕਾਫੀ ਵਿਕਸਿਤ ਸਨ। ਇਸ ਲਈ ਜੋ ਲੋਕ ਰੋਜ਼ਗਾਰ ਦੀ ਭਾਲ ਵਿਚ, ਉਥੇ ਗਏ ਤੇ ਪੱਕੇ ਤੌਰ ਉਤੇ ਉਥੇ ਦੇ ਹੀ ਹੋ ਕੇ ਰਹਿ ਗਏ। ਇਹ ਤਾਂ ਸੀ 1950 ਤੋਂ 1960 ਦੇ ਵਿਚ ਦੀ ਕਹਾਣੀ।

1970 ਤੋਂ 1990 ਵਿਚਲਾ ਭਾਰਤ ਤੋਂ ਪ੍ਰਵਾਸ:
ਇਸ ਸਮੇਂ ਦੌਰਾਨ ਭਾਰਤ ਵਿਚਲੀ ਸਾਕਸ਼ਰਤਾ ਦੀ ਦਰ ਵਧਣ ਲੱਗੀ। ਲੋਕਾਂ ਦਾ ਬਾਹਰਲੇ ਮੁਲਕਾਂ ਵੱਲ ਨੂੰ ਰੁਝਾਨ ਵੀ ਵਧਣ ਲੱਗ ਪਿਆ। ਇਸ ਵਕਤ ਤੱਕ ਭਾਰਤ ਵਿਚ ਵੱਸਦੇ ਪਰਿਵਾਰਾਂ ਨੂੰ ਬਾਹਰ ਗਏ ਮੈਂਬਰ ਬਾਰੇ ਕੁਝ ਜ਼ਿਆਦਾ ਨਹੀਂ ਪਤਾ ਹੁੰਦਾ ਸੀ। ਉਥੇ ਰਹਿਣ ਵਾਲੇ ਲੋਕ ਆਪਣਾ ਧੰਦਾ, ਪਰਿਵਾਰਿਕ ਜੀਵਨ ’ਤੇ ਬਹੁਤ ਕੁਝ ਛੁਪਾਕੇ, ਇਥੇ ਵਾਲਿਆਂ ਨੂੰ ਕੁਝ ਦਾ ਕੁਝ ਦੱਸ ਕੇ ਹਨੇਰੇ ਵਿਚ ਵੀ ਰੱਖਿਆ ਕਰਦੇ ਸਨ। ਇਥੋਂ ਤੱਕ ਕਿ ਇਕ ਵਿਆਹ ਇਥੇ ਹੋਇਆ ਹੋਣ ਦੇ ਬਾਵਜੂਦ ਉਥੇ ਕਈ ਕਈ ਵਿਆਹ ਕਰਵਾ ਲੈਂਦੇ ਸਨ। ਇਹ ਪ੍ਰਵਾਸੀ ਜਦੋਂ ਵਤਨ ਗੇੜਾ ਮਾਰਨ ਆਉਂਦੇ ਤਾਂ ਪਿੱਛੇ ਰਹਿੰਦੇ ਲੋਕਾਂ ’ਤੇ ਖਾਸਾ ਰੋਅਬ ਝਾੜਦੇ। ਸੋਨੇ ਦੇ ਪਾਣੀ ਚੜ੍ਹੇ ਗਹਿਣੇ ਪਾ ਕੇ, ਵੱਡੀਆਂ-ਵੱਡੀਆਂ ਘੜੀਆਂ ਤੇ ਬਾਕੀ ਵਿਦੇਸ਼ੀ ਵਸਤਾਂ ਇਸਤੇਮਾਲ ਕਰਦੇ। ਹੁਣ ਤੱਕ ਇਥੇ ਰਹਿਣ ਵਾਲਿਆਂ ਨੂੰ ਵਿਦੇਸ਼ ਕਿਸੇ ਪਰੀ ਲੋਕ ਨਾਲ਼ੋਂ ਘੱਟ ਨਹੀਂ ਲੱਗਦਾ ਸੀ। ਨੱਬੇ ਤੱਕ ਆਉਂਦੇ-ਆਉਂਦੇ ਹਾਲਾਤ ਕਾਫੀ ਬਦਲ ਗਏ ਸਨ, ਹੁਣ ਤੱਕ ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਵੱਸ ਚੁੱਕੇ ਸਨ ਤੇ ਇਸਦੇ ਨਾਲ-ਨਾਲ ਜਾਣਕਾਰੀਆਂ ਵਿਚ ਵੀ ਕਾਫ਼ੀ ਵਾਧਾ ਹੋ ਗਿਆ ਸੀ। ਕੰਪਿਊਟਰ ਯੁੱਗ ਆ ਜਾਣ ਕਾਰਣ ਤਕਨੀਕ ਵਿਚ ਇਕ ਕ੍ਰਾਂਤੀ ਆ ਚੁੱਕੀ ਸੀ। ਇਹ ਕ੍ਰਾਂਤੀ ਹਰ ਪੱਖ ਤੋਂ ਆਈ ਸੀ ਜਿਵੇਂ, ਸਿਖਿਆ, ਤਕਨੀਕ, ਮੈਡੀਕਲ ਤੇ ਹੋਰ ਸਾਰੇ ਹੀ ਖਿੱਤੇ। ਹੁਣ ਲੋਕ ਬਾਹਰਵੀਂ ਕਰਾਕੇ ਆਪਣੇ ਬੱਚੇ ਨੂੰ ਆਈਲੈਟਸ ਦੀ ਤਿਆਰੀ ਵਿਚ ਪਾਉਂਦੇ ਅਤੇ ਵਿਦੇਸ਼ ਭੇਜ ਦਿੰਦੇ। ਇਥੇ ਤੱਕ ਤਾਂ ਫਿਰ ਵੀ ਭਾਰਤ ਵਲੋਂ ਬਾਹਰਲੇ ਮੁਲਕਾਂ ਵੱਲ ਪ੍ਰਵਾਸ ਠੀਕ ਠੀਕ ਸੀ ਪਰ ਉਸਤੋਂ ਬਾਅਦ ਇਸ ਦਿਸ਼ਾ ਵੱਲ ਜਿਹੜੀ ਹਨੇਰੀ ਝੁੱਲੀ, ਉਹ ਬੱਸ ਤੋਬਾ ਤੋਬਾ। ਇਸ ਹਨੇਰੀ ਨੇ ਉੱਤਰ ਭਾਰਤ ਵਿਚੋਂ ਪੜ੍ਹੇ ਲਿਖੇ ਨੌਜਵਾਨ ਤਾਂ ਖਤਮ ਹੀ ਕਰ ਦਿੱਤੇ। ਇਸੇ ਲੜੀ ਵਿਚ ਅਗਲੇ ਹਾਲਾਤ ਹੇਠਾਂ ਬਿਆਨ ਕੀਤੇ ਜਾਂਦੇ ਹਨ।

ਪ੍ਰਵਾਸ 91ਤੋਂ 2020 ਤੱਕ:
ਇਹ ਦੌਰ ਅਜਿਹਾ ਹੈ ਜਿਸ ਵਿਚ ਭਾਰਤ ਛੱਡਕੇ ਬਾਹਰਲੇ ਮੁਲਕਾਂ ਲਈ ਦੌੜ ਲੱਗੀ ਹੋਈ ਹੈ। ਇਸਤੋਂ ਪਹਿਲਾਂ ਵਾਲੇ ਵਕਤ ਵਿਚ ਲੋਕ ਆਪਣੇ ਬੱਚਿਆਂ ਨੂੰ ਡਾਕਟਰ, ਤੇ ਫਿਰ ਇੰਜੀਨੀਅਰ ਬਣਾਉਣਾ ਚਾਹੁੰਦੇ ਸਨ। 90 ਦਾ ਦੌਰ ਇਸ ਤਰਾਂ ਦਾ ਆਇਆ ਕਿ ਜਿਸ ਵਿਚ ਲੋਕਾਂ ਦਾ ਧਿਆਨ ਮੈਡੀਕਲ ਦੀ ਪੜ੍ਹਾਈ ਵਲੋਂ ਹਟ ਕੇ ਇੰਨਜੀਨੀਅਰਿੰਗ ਵੱਲ ਵਧ ਰਿਹਾ ਸੀ। ਇਹ ਰੁਝਾਨ ਇਨਾਂ ਵਧਿਆ ਕਿ ਇੰਜੀਨੀਅਰਿੰਗ ਇੰਸਟੀਚਿਊਟਸ ਬਰਸਾਤੀ ਖੁੰਬਾਂ ਦੀ ਤਰਾਂ ਹੋਂਦ ਵਿਚ ਆ ਗਏ। ਹੁਣ ਹਾਲਾਤ ਇਹ ਹੋ ਗਏ ਕਿ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀ ਇੰਜੀਨੀਅਰਿੰਗ ਦੀਆਂ ਡਿਗਰੀਆਂ ਲਈ ਬੇਰੋਜ਼ਗਾਰ ਫਿਰਨ ਲੱਗ ਪਏ। ਸਰਕਾਰ ਨੇ ਇਸ ਵਧਦੀ ਬੇਰੋਜ਼ਗਾਰੀ ਲਈ ਵਾਧੂ ਯਤਨ ਤਾਂ ਕੀ ਕਰਨੇ ਸੀ ਸਗੋਂ ਆਪਣੇ ਲਾਭਹਾਨੀ ਨੂੰ ਮੁੱਖ ਰੱਖਦੇ ਹੋਏ, ਬਹੁਤੀ ਇੰਡਸਟਰੀ ਬੰਦ ਕਰ ਦਿੱਤੀ ਸੀ। ਜਾਗਰੂਕਤਾ ਦੇ ਕਾਰਣ ਹਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕੋਈ ਨਾ ਕੋਈ ਕੋਰਸ ਕਰਵਾਕੇ ਆਪਣੇ ਪੈਰੀਂ ਸਿਰ ਕਰਨਾ ਚਾਹੁੰਦਾ ਸੀ। ਮਾਪਿਆਂ ਦੀ ਇਸੇ ਲੋੜ ਨੂੰ ਭਾਂਪਦਿਆਂ ਹੋਇਆਂ ਉਦਮੀ, ਸਿੱਖਿਆ ਵਪਾਰੀਆਂ ਤੇ ਕੁਝ ਉਸਾਰੂ ਸੂਝਵਾਨਾਂ ਨੇ ਤਰ੍ਹਾਂ-ਤਰ੍ਹਾਂ ਦੇ ਹਰ ਖੇਤਰ ਵਿਚ ਨਵੇਂ ਨਵੇਂ ਕੋਰਸ ਸ਼ੁਰੂ ਕਰ ਦਿੱਤੇ। ਹੁਣ ਡਿਗਰੀ, ਡਿਪਲੋਮਾ ਤੇ ਸਰਟੀਫਿਕੇਟ ਕੋਰਸਾਂ ਵਾਲੇ ਬੇਰੋਜ਼ਗਾਰ ਵਿਦਿਆਰਥੀਆਂ ਦੀ ਗਿਣਤੀ ਹੋਰ ਵੀ ਵਧ ਗਈ। ਜਦੋਂ ਇਸ ਗਰੁੱਪ ਨੂੰ ਢੇਰਾਂ ਧੱਕੇ ਖਾਣ ਤੋਂ ਵੀ ਬਾਆਦ ਰੋਜ਼ਗਾਰ ਨਹੀਂ ਮਿਲਿਆ ਤਾਂ ਪਾਣੀ ਦੇ ਬਹਾਵ ਦੀ ਤਰਾਂ ਇਨ੍ਹਾਂ ਨੇ ਵਿਦੇਸ਼ਾਂ ਵੱਲ ਮੁਹਾਰਾਂ ਮੋੜ ਲਈਆ।

ਮਾਪਿਆਂ ਦੀ ਮਜ਼ਬੂਤੀ ਤੇ ਕੁਝ ਹੋਰ ਤੱਥ:
ਮਾਤਾ-ਪਿਤਾ ਤੇ ਬੱਚਿਆਂ ਦੇ ਵਿਦੇਸ਼ ਸੰਬੰਧੀ ਆਕਰਸ਼ਣ ਦੇ ਮੁੱਖ ਕਾਰਣ ਹਨ। ਪਹਿਲਾ ਸਿੱਖਿਆ ਦਾ ਪਸਾਰਾ ਤੇ ਦੂਸਰਾ ਵੱਡਾ ਕਾਰਨ ਹੈ, ਸਾਡੇ ਦੇਸ਼ ਵਿਚਲਾ ਭ੍ਰਿਸ਼ਟਾਚਾਰ ਅਤੇ ਸਾਰੀ ਦੀ ਸਾਰੀ ਪ੍ਰਣਾਲੀ ਦਾ ਲੀਹੋਂ ਉਤਰੇ ਹੋਣਾ। ਪਹਿਲੇ ਕਾਰਣ ਬਾਰੇ ਮੈਂ ਪਹਿਲਾਂ ਵੀ ਬੱਚਿਆਂ ਦੀ ਹਾਲਤ ਦਾ ਜ਼ਿਕਰ ਕਰ ਚੁੱਕੀ ਹਾਂ ਕਿ ਕਿਵੇਂ ਵਿਦਿਆਰਥੀ ਡਿਗਰੀਆਂ ਲੈ ਕੇ ਮਾਰੇ-ਮਾਰੇ ਫ਼ਿਰਦੇ ਹਨ ਅਤੇ ਜਦੋਂ ਆਪਣੇ ਦੇਸ਼ ’ਚੋਂ ਰੋਜ਼ਗਾਰ ਨਹੀਂ ਮਿਲਦਾ ਤਾਂ ਬਾਹਰ ਵੱਲ ਵਧਣਾ ਹੀ ਠੀਕ ਸਮਝਦੇ ਹਨ। ਇਥੇ ਕੁਝ ਗੱਲਾਂ ਦਾ ਜ਼ਿਕਰ ਜ਼ਰੂਰੀ ਹੈ ਉਹ ਇਹ ਕਿ ਕੁਝ ਮਾਪੇ ਤਾਂ ਮਾਇਕ ਤੌਰ ’ਤੇ ਕਾਬਿਲ ਹੁੰਦੇ ਤੇ ਆਪਣੇ ਬੱਚਿਆਂ ਨੂੰ ਵਿਦੇਸ਼ ਦਾ ਭਾਰੀ ਖ਼ਰਚਾ ਚੁੱਕ ਕੇ ਭੇਜ ਦਿੰਦੇ ਹਨ ਪਰ ਇਸ ਪੱਖੋਂ ਊਣੇ ਪੂਣੇ ,ਇਹ ਨਾ ਕਰ ਸਕਣ ਤੇ ਉਨ੍ਹਾਂ ਦੇ ਬੱਚੇ , ਬੇਰੋਜ਼ਗਾਰੀ ਦੀ ਮਾਰ ਹੇਠ ਦੱਬੇ ਹੋਏ ਨਸ਼ਿਆਂ, ਚੋਰੀ ਚਕਾਰੀ, ਧੋਖਾਧੜੀ, ਲੜਾਈ-ਝਗੜੇ ਤੇ ਹੋਰ ਅਸਾਮਾਜਿਕ ਕੰਮਾਂ ਵਿਚ ਪੈਕੇ ਆਪਣੀ ਤੇ ਆਪਣੇ ਮਾਤਾ-ਪਿਤਾ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਹਨ।

ਦੂਸਰਾ ਕਾਰਣ ਦੇਸ਼ ਦੀ ਵਿਗੜੀ ਪ੍ਰਣਾਲੀ ਹੇਠ ਚੱਲ ਰਿਹਾ ਅੰਨ੍ਹੇਵਾਹ ਭ੍ਰਿਸ਼ਟਾਚਾਰ ਹੈ। ਬੱਚਾ ਔਖਾ ਸੌਖਾ ਪੜ੍ਹਾਈ ਸਮਾਪਤ ਕਰਨ ਤੇ ਨੌਕਰੀ ਲਈ ਧੱਕੇ ਖਾਣ ਤੋਂ ਬਾਅਦ ਆਪਣੇ ਘਰ ਬਾਰ ਦੀ ਸੁਖ ਸੁਵਿਧਾਵਾਂ ਤਿਆਗਣ ਨੂੰ ਤਿਆਰ ਹੋ ਜਾਂਦਾ ਹੈ। ਉਹ ਬੱਚਾ ਜਿਸਨੇ ਆਪਣੇ ਹੱਥੀਂ ਪਾਣੀ ਦਾ ਗਲਾਸ ਤੱਕ ਨਹੀਂ ਚੁੱਕਿਆ ਹੁੰਦਾ, ਉਹ ਅੰਤਾਂ ਦਾ ਦੁਖੀ ਹੋ ਕੇ ਵੀ ਸਾਰੇ ਕੰਮ ਹੱਥੀਂ ਕਰਨ ਨੂੰ ਮਜਬੂਰ ਹੁੰਦਾ ਹੈ, ਪਰਿਵਾਰ ਤੋਂ ਲੱਖਾਂ ਮੀਲ ਦੂਰ ਇਕੱਲ ਦਾ ਬੋਧ ਵੱਖਰਾ ਹੰਢਾਉਂਦਾ ਹੈ। ਇਨ੍ਹਾਂ ਕਾਰਨਾਂ ਸਦਕਾ ਭਾਰਤੀ ਤੇ ਖਾਸ ਕਰਕੇ ਪੰਜਾਬੀ ਜਵਾਨੀ ਬਾਹਰ ਵੱਲ ਤੁਰੀ ਜਾ ਰਹੀ ਹੈ ਅਤੇ ਪੰਜਾਬ ਖਾਲੀ ਹੁੰਦਾ ਜਾ ਰਿਹਾ ਹੈ।

ਪ੍ਰਵਾਸ ਅਤੇ ਸਰਕਾਰਾਂ ਖਾਮੋਸ਼ ਕਿਓਂ?
ਵਿਦੇਸ਼ਾਂ ਵੱਲ ਸਭ ਤੋਂ ਜ਼ਿਆਦਾ ਰੁਝਾਨ ਯੁਵਾ ਪੀੜੀ ਦਾ ਹੈ। ਜੇ ਇਹ ਚਾਹੇ ਤਾਂ ਤਖ਼ਤਾ ਪਲਟ ਸਕਦੀ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਕੀ ਸਾਡੇ ਮੁਲਕ ਵਿਚ ਰੋਜ਼ਗਾਰ ਨਹੀਂ ? ਜਾਂ ਰੋਜ਼ਗਾਰ ਦੇ ਸਾਧਨ ਨਹੀਂ? ਦੁਨੀਆਂ ਭਰ ਦੇ ਮੁਲਕ ਜਾਣਦੇ ਹਨ ਕਿ ਭਾਰਤ ਵਿਚ ਸਾਧਨਾਂ ਦੀ ਕੋਈ ਘਾਟ ਨਹੀਂ, ਦੋ ਮੁੱਖ ਰੁੱਤਾਂ ਦੇ ਨਾਲ-ਨਾਲ ਪਤਝੜ ਤੇ ਬਸੰਤ ਰੁੱਤ ਆਉਂਦੀ ਹੈ, ਜ਼ਿਆਦਾਤਰ ਧਰਾਤਲ ਸਮਤਲ ਹੈ, ਬਰਫ਼ ਦੀ ਕੋਈ ਮਾਰ ਨਹੀਂ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਭਾਰਤਵਰਸ਼ ਰੋਜ਼ਗਾਰ ਦੇ ਚੰਗੇ ਸਾਧਨ ਪੈਦਾ ਕਰ ਸਕਦਾ ਹੈ। ਫਿਰ ਸਰਕਾਰਾਂ ਦੁਆਰਾ ਸਾਧਨ ਕਿਉਂ ਨਹੀਂ ਜੁਟਾਏ ਜਾਂਦੇ ? ਸਿੱਧਾ ਜਿਹਾ ਕਾਰਣ ਹੈ ਕਿ ਜੇ ਸਾਧਨ ਜੁਟਾ ਲਏ ਜਾਂਦੇ ਹਨ ਤਾਂ ਯੁਵਾ ਵਰਗ ਆਪਣੇ ਦੇਸ਼ ਵਿਚ ਰਹਿ ਕੇ ਰੋਜ਼ਗਾਰ ਦੇ ਨਾਲ-ਨਾਲ ਸੁਵਿਧਾਵਾਂ ਦੀ ਵੀ ਮੰਗ ਕਰੇਗਾ। ਅਸੀਂ ਸਾਰੇ ਜਾਣਦੇ ਹਾਂ ਕਿ ਵਿਦੇਸ਼ਾਂ ਵਿਚ ਜਾਣ ਵਾਲੀ ਯੁਵਾ ਪੀੜ੍ਹੀ ਇੰਟੈਲੀਜੈਂਸੀ ਦੇ ਤੌਰ ’ਤੇ ਕਰੀਮ ਅਖਵਾਉਂਦੀ ਹੈ ਮਤਲਬ ਸੂਝਵਾਨ ਲੋਕ। ਜੇਕਰ ਇਹ ਲੋਕ ਆਪਣੇ ਦੇਸ਼ ਵਿਚ ਰਹਿ ਗਏ ਤਾਂ ਸਿਆਸਤਦਾਨ ਜਨਤਾ ਨੂੰ ਮੂਰਖ ਬਣਾਕੇ ਆਪਣਾ ਉੱਲੂ ਕਿਵੇਂ ਸਿੱਧਾ ਕਰ ਸਕਣਗੇ? ਪੜ੍ਹਿਆ ਲਿਖਿਆ ਵਰਗ ਉਨ੍ਹਾਂ ਦੇ ਕੱਚੇ ਚਿੱਠੇ ਨਾ ਖੋਲ ਦੇਵੇਗਾ? ਕੀ ਉਹ ਦੋ ਨੰਬਰ ਦੇ ਧੰਨ ਦਾ ਅੰਬਾਰ ਲਗਾ ਸਕਣਗੇ?

ਕੀ ਵੱਡੇ-ਵੱਡੇ ਉਦਯੋਗਪਤੀਆਂ ਨਾਲ ਮਿਲ ਕੇ ਘੋਟਾਲਿਆਂ ਨੂੰ ਅੰਜ਼ਾਮ ਦੇ ਸਕਣਗੇ? ਇਨ੍ਹਾਂ ਕਾਰਨਾਂ ਕਰਕੇ ਹੀ ਸਰਕਾਰ ਰੋਜ਼ਗਾਰ ਦੇ ਸਾਧਨ ਨਹੀਂ ਬਣਾ ਰਹੀ, ਜਿਸਦਾ ਸਦਕਾ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਤੁਰੀ ਜਾ ਰਹੀ ਹੈ ਤੇ ਚੋਰ ਉਚੱਕੇ ਨਿਸੰਗ ਅਤੇ ਨਿਡਰ ਹੋਕੇ ਆਪਣੇ ਖਜ਼ਾਨੇ ਭਰਨ ਲੱਗੇ ਹੋਏ ਹਨ। ਅਸਲ ਵਿਚ ਸਾਰੇ ਦਾ ਸਾਰਾ ਤੰਤ੍ਰ ਹੀ ਡਗਮਗਾਇਆ ਹੋਇਆ ਹੈ, ਅਜਿਹੇ ਵਿਚ ਕੋਈ ਵਿਅਕਤੀ ਆਪਣੀ ਜ਼ਿੰਦਗੀ ਬਣਾਵੇ, ਆਪਣੇ ਪਰਿਵਾਰ ਦੀ ਪਾਲਣਾ ਕਰੇ ਜਾਂ ਇਸ ਵਿਗੜੇ ਢਾਂਚੇ ਨੂੰ ਸੁਧਾਰੇ ? ਇਸ ਲਈ ਅੱਜ ਦੀ ਪੀੜ੍ਹੀ ਨੇ ਮਨ ਹੀ ਬਣਾ ਲਿਆ ਹੈ ਕਿ ਵਿਦੇਸ਼ਾਂ ਵਿਚ ਹੀ ਵੱਸਿਆ ਜਾਵੇ, ਆਪਣਾ ਪਰਿਵਾਰ ਨਹੀਂ ਤਾਂ ਨਾ ਸਹੀ, ਘੱਟੋ-ਘੱਟ ਰੋਜ਼ਗਾਰ, ਇਕ ਵਧੀਆ ਸ਼ਾਸਨ ਤੇ ਵਧੀਆ ਜੀਵਨ ਤਾਂ ਮਿਲੇਗਾ।


author

rajwinder kaur

Content Editor

Related News