ਸਰਦੀਆਂ ਦੇ ਮੌਸਮ ’ਚ ਚੰਡੀਗੜ੍ਹ ਤੋਂ ਬਰੇਲੀ ਲਈ ਚੱਲੇਗੀ ਵੰਦੇ ਭਾਰਤ ਰੇਲਗੱਡੀ
Monday, Aug 18, 2025 - 02:00 PM (IST)

ਚੰਡੀਗੜ੍ਹ (ਲਲਨ) : ਰੇਲਵੇ ਸਟੇਸ਼ਨ ਨਾਲ ਕੁਨੈਕਟੀਵਿਟੀ ਵਧਾਉਣ ਦੇ ਮਕਸਦ ਨਾਲ ਬਰੇਲੀ ਲਈ ਸਲੀਪਰ ਵੰਦੇ ਭਾਰਤ ਰੇਲਗੱਡੀ ਸਰਦੀਆਂ ਦੇ ਮੌਸਮ 'ਚ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅੰਬਾਲਾ ਮੰਡਲ ਵੱਲੋਂ ਰੇਲਵੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਿਸ ਤਹਿਤ ਬਰੇਲੀ ਜ਼ਿਲ੍ਹੇ 'ਚ ਸਥਿਤ ਇੱਜ਼ਤਨਗਰ ਤੱਕ ਰੇਲਗੱਡੀ ਚਲਾਈ ਜਾਏਗੀ। ਵੰਦੇ ਭਾਰਤ ਰੇਲਗੱਡੀ ’ਚ ਤਿੰਨ ਤਰ੍ਹਾਂ ਦੇ ਕੋਚ ਲਗਾਏ ਜਾਣਗੇ ਅਤੇ ਥਰਡ, ਸੈਕਿੰਡ ਏ. ਸੀ. ਅਤੇ ਫਰਸਟ ਕਲਾਸ ਦੇ 16 ਸਲੀਪਰ ਹੋਣਗੇ। ਹਾਲਾਂਕਿ ਹਾਲੇ ਰੇਲਵੇ ਵੱਲੋਂ ਇਸਦਾ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਦੀਆਂ ਦੇ ਸ਼ਡਿਊਲ ਵਿਚ ਇਹ ਰੇਲਗੱਡੀ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਰੇਲਗੱਡੀ ਇੱਜ਼ਤਨਗਰ, ਮੁਰਾਦਾਬਾਦ, ਸਹਾਰਨਪੁਰ, ਅੰਬਾਲਾ ਅਤੇ ਚੰਡੀਗੜ੍ਹ ਵਰਗੇ ਮਹੱਤਵਪੂਰਨ ਸ਼ਹਿਰਾਂ ਨੂੰ ਜੋੜੇਗੀ।
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਹੋਵੇਗੀ ਤੀਜੀ ਵੰਦੇ ਭਾਰਤ
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਇਹ ਤੀਜੀ ਵੰਦੇ ਭਾਰਤ ਰੇਲਗੱਡੀ ਹੋਵੇਗੀ, ਪਰ ਉੱਤਰ ਪ੍ਰਦੇਸ਼ ਲਈ ਇਹ ਪਹਿਲੀ ਰੇਲਗੱਡੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਤੋਂ ਵਾਇਆ ਚੰਡੀਗੜ੍ਹ ਹੋ ਕੇ ਅੰਬ-ਅੰਦੌਰਾ ਵੰਦੇ ਭਾਰਤ ਰੇਲਗੱਡੀ ਅਤੇ ਦੂਜੀ ਚੰਡੀਗੜ੍ਹ-ਅਜਮੇਰ ਵੰਦੇ ਭਾਰਤ ਰੇਲਗੱਡੀ ਚੱਲ ਰਹੀ ਹੈ। ਇਨ੍ਹਾਂ ਦੋਵਾਂ ਰੇਲਗੱਡੀਆਂ ’ਚ ਯਾਤਰੀਆਂ ਦਾ ਫੁਟਫਾਲ ਬਹੁਤ ਵਧੀਆ ਹੈ, ਜਿਸ ਕਾਰਨ ਅੰਬਾਲਾ ਮੰਡਲ ਵੱਲੋਂ ਤੀਜੀ ਵੰਦੇ ਭਾਰਤ ਰੇਲਗੱਡੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਰੇਲਗੱਡੀ ਦੇ ਚੱਲਣ ਨਾਲ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ।
ਕੋਚ ’ਚ ਹੋਣਗੀਆਂ ਆਧੁਨਿਕ ਸਹੂਲਤਾਂ
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਪਹਿਲੀਆਂ ਦੋਵੇਂ ਵੰਦੇ ਭਾਰਤ ਰੇਲਗੱਡੀਆਂ ’ਚ ਸਾਰੇ ਕੋਚ ਚੇਅਰ ਕਾਰ ਹਨ, ਪਰ ਇਸ ਵੰਦੇ ਭਾਰਤ ਰੇਲਗੱਡੀ ’ਚ ਯਾਤਰੀਆਂ ਦੇ ਲਈ ਅਰਾਮ ਕਰਨ ਲਈ ਸਲੀਪਰ ਕੋਚ ਬਣਾਏ ਗਏ ਹਨ। ਇਸ ਵਿਚ ਆਧੁਨਿਕ ਸਹੂਲਤਾਂ ਜਿਵੇਂ ਵਾਈ-ਫਾਈ, ਜੀ. ਪੀ. ਐੱਸ. ਆਧਾਰਿਤ ਯਾਤਰੀ ਸੂਚਨਾ ਪ੍ਰਣਾਲੀ ਅਤੇ ਆਰਾਮਦਾਇਕ ਸੀਟਾਂ ਉਪਲਬੱਧ ਅਤੇ ਮੋਬਾਈਲ ਚਾਰਜਿੰਗ ਪੁਆਇੰਟ ਸ਼ਾਮਲ ਹਨ। ਇਸ ਰੇਲਗੱਡੀ ਦਾ ਕਿਰਾਇਆ ਵੀ ਤੈਅ ਕਰ ਦਿੱਤਾ ਗਿਆ ਹੈ, ਸਿਰਫ ਇਸਦੇ ਚੱਲਣ ਦੀ ਮਿਤੀ ਦਾ ਐਲਾਨ ਹੋਣਾ ਬਾਕੀ ਹੈ, ਜਿਸ ਵਿਚ ਸਲੀਪਰ ਕੋਚਾਂ ਦਾ ਕਿਰਾਇਆ ਚੇਅਰ ਕਾਰ ਦੀ ਤੁਲਨਾ ’ਚ ਜ਼ਿਆਦਾ ਹੋਵੇਗਾ, ਥਰਡ ਏ. ਸੀ. ਲਈ 1800 ਰੁਪਏ, ਸੈਕਿੰਡ ਏ.ਸੀ. ਲਈ 2300 ਰੁਪਏ ਅਤੇ ਫਸਟ ਕਲਾਸ ਲਈ 3300 ਰੁਪਏ ਤੱਕ ਹੋਣ ਦੀ ਸੰਭਾਵਨਾ ਹੈ। ਇਸ ਵਿਚ 16 ਕੋਚ ਹੋਣਗੇ, ਜਿਨ੍ਹਾਂ ਵਿਚ 11 ਏ.ਸੀ. 3 ਟੀਅਰ, 4 ਏ.ਸੀ. 2 ਟੀਅਰ ਅਤੇ 1 ਏ. ਸੀ. ਫਸਟ ਕਲਾਸ ਕੋਚ ਸ਼ਾਮਲ ਹਨ।