ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ''ਤੇ ਚਲਾਈ ਜੇ.ਸੀ.ਬੀ ਮਸ਼ੀਨ
Friday, Jun 26, 2020 - 02:07 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਦਾਣਾ ਮੰਡੀ ਸ੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੀ ਗਮਾਡਾ ਦੀ ਜ਼ਮੀਨ 'ਚ ਲੰਮੇ ਸਮੇਂ ਤੋਂ ਝੁੱਗੀਆਂ ਪਾ ਕੇ ਬੈਠੇ ਪ੍ਰਵਾਸੀ ਮਜ਼ਦੂਰਾਂ ਨੂੰ ਉਸ ਸਮੇਂ ਨੱਠ ਭੱਜ ਪੈ ਗਈ ਜਦੋਂ ਗਮਾਡਾ ਵਿਭਾਗ ਦੇ ਅਧਿਕਾਰੀ ਆਪਣੀ ਫੋਰਸ ਅਤੇ ਜੇ. ਸੀ. ਬੀ ਮਸ਼ੀਨ ਨਾਲ ਝੁੱਗੀਆਂ ਨੂੰ ਹਟਾਉਣ ਲਈ ਪਹੁੰਚ ਗਏ। ਜਦੋਂ ਉਨ੍ਹਾਂ ਵੱਲੋਂ ਇਕ ਦਰਜਨ ਤੋਂ ਵੱਧ ਝੁੱਗੀਆਂ ਨੂੰ ਹਟਾ ਦਿੱਤਾ ਗਿਆ ਤਾਂ ਉਸ ਸਮੇਂ ਝੁੱਗੀਆਂ 'ਚ ਰਹਿੰਦੀਆਂ ਔਰਤਾਂ ਅਤੇ ਬੱਚੇ ਜੇ. ਸੀ. ਬੀ. ਮਸ਼ੀਨ ਅੱਗੇ ਆ ਕੇ ਵਿਰੋਧ ਕਰਨ ਲੱਗੇ। ਸਖ਼ਤ ਵਿਰੋਧ ਅਤੇ ਪੱਥਰਬਾਜ਼ੀ ਹੋਣ ਕਾਰਨ ਝੁੱਗੀਆਂ ਹਟਾਉਣ ਲਈ ਆਏ ਗਮਾਡਾ ਦੇ ਅਧਿਕਾਰੀ, ਕਰਮਚਾਰੀ ਅਤੇ ਸਕਿਓਰਟੀ ਵਾਲੇ ਵਾਪਸ ਮੁੜ ਗਏ।
ਕੀ ਹੈ ਪੂਰਾ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਮਕਾਨ ਉਸਾਰੀ ਅਤੇ ਸ਼ਹਿਰੀ ਮਹਿਕਮੇ ਵੱਲੋਂ ਦਾਣਾ ਮੰਡੀ ਸ੍ਰੀ ਕੀਰਤਪੁਰ ਸਾਹਿਬ ਨਜ਼ਦੀਕ ਆਪਣੀ 24 ਕਨਾਲ 5 ਮਰਲੇ ਜ਼ਮੀਨ ਪਬਲਿਕ ਗੁਡਜ਼ ਕੈਰੀਅਰ ਯੂਨੀਅਨ ਕਮ ਬਿਲਾਸਪੁਰ ਡਿਸਟਿਕ ਕੋਆਪਰੇਟਿਵ ਸੋਸਾਇਟੀ ਨੂੰ ਸਾਲ 1999 'ਚ ਪਾਰਕਿੰਗ ਲਈ 10 ਲੱਖ 34 ਹਜ਼ਾਰ 622 ਰੁਪਏ 'ਚ ਅਲਾਟ ਕੀਤੀ ਗਈ ਸੀ। ਇਹ ਰਾਸ਼ੀ 4 ਕਿਸ਼ਤਾਂ 'ਚ ਟਰੱਕ ਯੂਨੀਅਨ ਨੇ ਦਿੱਤੀ ਸੀ ਆਖਰੀ ਕਿਸ਼ਤ ਲੇਟ ਹੋਣ ਕਾਰਨ ਉਸ ਨੂੰ 14 ਹਜ਼ਾਰ ਰੁਪਏ ਵਾਧੂ ਜਮਾ ਕਰਵਾਉਣੇ ਪਏ ਸਨ। ਇਸ ਜ਼ਮੀਨ ਦਾ ਕਬਜ਼ਾ ਗਮਾਡਾ ਮਹਿਕਮੇ ਵੱਲੋਂ ਟਰੱਕ ਯੂਨੀਅਨ ਨੂੰ ਨਹੀਂ ਦਿੱਤਾ ਗਿਆ ਸੀ ਅਤੇ ਉਕਤ ਜਗ੍ਹਾ 'ਤੇ ਪ੍ਰਵਾਸੀ ਲੋਕਾਂ ਦੀਆਂ 100 ਤੋਂ ਵੱਧ ਝੁੱਗੀਆਂ ਬਣ ਗਈਆਂ ਸਨ। ਪ੍ਰਸ਼ਾਸਨ ਵੱਲੋਂ ਉਕਤ ਜ਼ਮੀਨ ਦੇ 3 ਕਨਾਲ (1866 ਵਰਗ ਗਜ) ਉਪਰ ਸੀਵਰੇਜ ਟ੍ਰੀਟਮੈਂਟ ਪਲਾਟ ਲਗਾਉਣ ਲਈ ਜ਼ਮੀਨ ਲੈਣ ਤੋਂ ਬਾਅਦ ਟਰੱਕ ਯੂਨੀਅਨ ਨੇ ਆਪਣੀ ਜ਼ਮੀਨ ਲੈਣ ਲਈ 2015 'ਚ ਮਾਣਯੋਗ ਹਾਈਕੋਰਟ 'ਚ ਗਮਾਡਾ ਦੇ ਖ਼ਿਲਾਫ਼ ਕੇਸ ਨੰਬਰ ਸੀ. ਐੱਸ. 253/2015 ਪਾਇਆ ਸੀ।
ਹੁਣ ਉਕਤ ਜ਼ਮੀਨ ਦੇ 3 ਕਨਾਲ ਹਿੱਸੇ ਸੀਵਰੇਜ ਟ੍ਰੀਟਮੈਂਟ ਪਲਾਟ ਲੱਗ ਗਿਆ ਹੈ। ਮਾਨਯੋਗ ਅਦਾਲਤ ਨੇ ਗਮਾਡਾ ਨੂੰ ਹਦਾਇਤ ਕੀਤੀ ਕਿ ਟਰੱਕ ਯੂਨੀਅਨ ਨੂੰ ਤਿੰਨ ਕਨਾਲ ਜ਼ਮੀਨ ਦੇ ਇਵਜ਼ ਵਜੋਂ 1,27,994 ਰੁਪਏ ਦਿਤੇ ਜਾਣ ਅਤੇ ਬਾਕੀ 21 ਕਨਾਲ 5 ਮਰਲੇ ਜ਼ਮੀਨ ਦਾ ਕਬਜ਼ਾ ਦਿੱਤਾ ਜਾਵੇ। ਗਮਾਡਾ ਵੱਲੋਂ ਅਪ੍ਰੈਲ 2020 ਤੱਕ ਜ਼ਮੀਨ ਖਾਲੀ ਕਰਵਾ ਕੇ ਟਰੱਕ ਯੂਨੀਅਨ ਨੂੰ ਦੇਣ ਬਾਰੇ ਕਿਹਾ ਸੀ ਪਰ ਕੋਰੋਨਾ ਮਹਾਂਮਾਰੀ ਕਾਰਣ ਉਹ ਲੇਟ ਹੋ ਗਏ। ਹੁਣ ਗਮਾਡਾ ਮਹਿਕਮੇ ਦੇ ਸਟੇਟ ਅਫ਼ਸਰ ਅਤੇ ਅਦਾਲਤ ਦੀਆਂ ਹਦਾਇਤਾਂ ਅਨੁਸਾਰ ਗਮਾਡਾ ਵਿਭਾਗ ਦੇ ਐੱਸ. ਡੀ. ਓ. ਅਵਦੀਪ ਸਿੰਘ ਅਤੇ ਹੋਰ ਅਧਿਕਾਰੀ ਆਪਣੀ ਸਕਿਓਰਿਟੀ ਫੋਰਸ ਲੈ ਕੇ ਝੁੱਗੀਆਂ ਨੂੰ ਹਟਾਉਣ ਲਈ ਪਹੁੰਚੇ ਅਤੇ ਉਨ੍ਹਾਂ ਵੱਲੋਂ ਇਕ ਦਰਜਨ ਤੋਂ ਵੱਧ ਝੁੱਗੀਆਂ ਨੂੰ ਤੋੜ ਵੀ ਦਿੱਤਾ ਗਿਆ। ਜਿਸ ਤੋਂ ਬਾਅਦ ਰੋਹ 'ਚ ਆਏ ਝੁੱਗੀ ਝੌਂਪੜੀਆਂ ਵਾਲਿਆਂ ਨੇ ਜੇ. ਸੀ. ਬੀ. ਮਸ਼ੀਨ ਦੇ ਅੱਗੇ ਆ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਵੱਲੋਂ ਪੱਥਰਬਾਜ਼ੀ ਸ਼ੁਰੂ ਕਰ ਦਿਤੀ ਗਈ ਜਿਸ ਕਾਰਣ ਗਮਾਡਾ ਦੇ ਅਧਿਕਾਰੀ ਅਤੇ ਫੋਰਸ ਮੌਕੇ ਤੋਂ ਦੌੜਦੇ ਨਜ਼ਰ ਆਏ।
ਕੀ ਕਹਿਣੈ ਝੁੱਗੀਆਂ 'ਚ ਰਹਿੰਦੇ ਲੋਕਾਂ ਦਾ
ਗਮਾਡਾ ਦੀ ਜ਼ਮੀਨ 'ਚ ਝੁੱਗੀਆਂ ਪਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਸ਼ਾਰਦਾ ਦੇਵੀ, ਛੋਟੇ ਲਾਲ, ਰਤਨ ਪਾਲ, ਅਰਜੁਨ ਮਹਿਤੋ, ਭੁਰਨ, ਵਿਨੋਦ, ਛੋਟੂ ਚੌਧਰੀ, ਨਰੇਸ਼ ਕੁਮਾਰ, ਰਾਜਨ ਸਿੰਘ, ਕਮਲੇਸ਼ ਦਾਸ, ਬਹਾਰਨ ਮੁਖੀਆ ਆਦਿ ਨੇ ਦੱਸਿਆ ਕਿ ਪਿਛਲੇ 20-25 ਸਾਲ ਤੋਂ ਇੱਥੇ ਝੁੱਗੀ ਝੋਪੜੀਆਂ ਪਾ ਕੇ ਰਹਿ ਰਹੇ ਹਨ। ਉਨ੍ਹਾਂ ਦੀ ਇਥੇ 100 ਤੋਂ ਵੱਧ ਝੁੱਗੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਲੋਕ ਸਾਨੂੰ ਬਿਨਾਂ ਕਿਸੇ ਨੋਟਿਸ ਤੋਂ ਹਟਾਉਣ ਲਈ ਪਹੁੰਚੇ ਹਨ ਅਤੇ ਸਾਡੀਆਂ ਝੁੱਗੀਆਂ ਵੀ ਤੋੜ ਦਿੱਤੀਆਂ ਹਨ। ਇਸ ਮੌਕੇ ਕੁਝ ਔਰਤਾਂ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਲਈ ਖਾਣਾ ਬਣਾ ਰਹੀਆਂ ਸਨ ਪਰ ਉਕਤ ਲੋਕਾਂ ਨੇ ਉਨ੍ਹਾਂ ਨੂੰ ਖਾਣਾ ਵੀ ਨਹੀ ਬਣਾਉਣ ਦਿੱਤਾ ਅਤੇ ਉਨ੍ਹਾਂ ਦੀਆਂ ਝੁੱਗੀਆਂ ਤੋੜ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਰਹਿਣ ਲਈ ਹੋਰ ਕੋਈ ਥਾਂ ਨਹੀਂ ਹੈ। ਲਾਕਡਾਊਨ ਕਾਰਣ ਉਹ ਦੋ ਤਿੰਨ ਮਹੀਨੇ ਘਰ ਵਿਚ ਬਿਨਾਂ ਕਿਸੇ ਕੰਮ ਤੋਂ ਵਿਹਲੇ ਬੈਠੇ ਰਹੇ। ਹੁਣ ਉਨ੍ਹਾਂ ਨੂੰ ਜਦੋਂ ਝੋਨਾ ਲਗਾਉਣ ਦਾ, ਸੀਮਿੰਟ ਲੋਡ ਕਰਨ ਦਾ ਆਦਿ ਕੰਮ ਮਿਲਿਆ ਹੈ ਤਾਂ ਸਾਡੀਆਂ ਝੁੱਗੀਆਂ ਨੂੰ ਢਾਹੁਣ ਲਈ ਇਹ ਅਧਿਕਾਰੀ ਆ ਗਏ ਹਨ। ਅੱਗੇ ਬਰਸਾਤ ਦਾ ਮੌਸਮ ਆ ਰਿਹਾ ਹੈ ਉਹ ਆਪਣੇ ਬੱਚਿਆਂ ਸਮੇਤ ਕਿੱਥੇ ਜਾਣਗੇ।
ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੀਆਂ ਝੁੱਗੀਆਂ ਹਟਾਉਣ ਤੋਂ ਪਹਿਲਾਂ ਸਾਨੂੰ ਨੋਟਿਸ ਭੇਜ ਕੇ ਸਮਾਂ ਦਿੱਤਾ ਜਾਵੇ ਅਤੇ ਸਾਨੂੰ ਬੈਠਣ ਲਈ ਹੋਰ ਥਾਂ ਦਿੱਤੀ ਜਾਵੇ। ਜੇਕਰ ਜ਼ੋਰ ਜ਼ਬਰਦਸਤੀ ਸਾਡੀਆਂ ਰਹਿੰਦੀਆਂ ਝੁੱਗੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਸਦਾ ਆਪਣੇ ਛੋਟੇ ਛੋਟੇ ਬੱਚਿਆਂ ਸਮੇਤ ਵਿਰੋਧ ਕਰਾਂਗੇ। ਜੇਕਰ ਸਾਡਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਕੀ ਕਹਿਣਾ ਹੈ ਗਮਾਡਾ ਦੇ ਐੱਸ. ਡੀ. ਓ. ਦਾ
ਗਮਾਡਾ ਦੀ ਜ਼ਮੀਨ 'ਚ ਲੱਗੀਆਂ ਗਰੀਬ ਲੋਕਾਂ ਦੀਆਂ ਝੁੱਗੀਆਂ ਹਟਾਉਣ ਲਈ ਆਪਣੇ ਕਰਮਚਾਰੀਆਂ ਅਤੇ ਸਕਿਓਰਟੀ ਫੋਰਸ ਨਾਲ ਆਏ ਗਮਾਡਾ ਦੇ ਐੱਸ. ਡੀ. ਓ . ਅਵਦੀਪ ਸਿੰਘ ਨੇ ਦੱਸਿਆ ਕਿ ਗਮਾਡਾ ਵੱਲੋਂ ਟਰੱਕ ਯੂਨੀਅਨ ਸ੍ਰੀ ਕੀਰਤਪੁਰ ਸਾਹਿਬ ਨੂੰ 24 ਕਨਾਲ 5 ਮਰਲੇ ਜ਼ਮੀਨ ਕਈ ਸਾਲ ਪਹਿਲਾਂ ਵੇਚੀ ਗਈ ਸੀ, ਜਿਸ ਦਾ ਕਬਜ਼ਾ ਟਰੱਕ ਯੂਨੀਅਨ ਨੂੰ ਦੇਣਾ ਬਾਕੀ ਸੀ ਜਿਸ ਲਈ ਟਰੱਕ ਯੂਨੀਅਨ ਵੱਲੋਂ ਮਾਣਯੋਗ ਅਦਾਲਤ ਵਿਚ ਜ਼ਮੀਨ ਲਈ ਕੇਸ ਦਾਇਰ ਕੀਤਾ ਗਿਆ ਸੀ ਹੁਣ ਉਹ ਗਮਾਡਾ ਦੇ ਉੱਚ ਅਧਿਕਾਰੀਆਂ ਅਤੇ ਅਦਾਲਤ ਦੇ ਹੁਕਮਾਂ ਮੁਤਾਬਕ ਇੱਥੇ ਨਾਜਾਇਜ਼ ਤੌਰ 'ਤੇ ਝੁੱਗੀਆਂ ਬਣਾ ਕੇ ਰਹਿੰਦੇ ਲੋਕਾਂ ਨੂੰ ਹਟਾਉਣ ਲਈ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ 'ਚੋਂ 3 ਕਨਾਲ (1866 ਵਰਗ ਗਜ) ਜ਼ਮੀਨ ਐੱਸ.ਟੀ.ਵੀ ਪਲਾਂਟ ਨੂੰ ਦੇ ਦਿੱਤੀ ਗਈ ਹੈ ਜਿਸ 'ਚੋਂ ਬਾਕੀ ਬਚਦੀ ਜ਼ਮੀਨ ਦਾ ਕਬਜ਼ਾ ਟਰੱਕ ਯੂਨੀਅਨ ਨੂੰ ਦਿਵਾਉਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਖਾਲੀ ਝੂੱਗੀਆਂ ਹੀ ਹਟਾਈਆਂ ਹਨ। ਉਨ੍ਹਾਂ ਕਿਹਾ ਕਿ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਉਹ ਚਾਰ ਵਾਰ ਇਥੋਂ ਹਟਣ ਲਈ ਕਹਿ ਚੁੱਕੇ ਹਨ। ਕਰੀਬ 3 ਮਹੀਨੇ ਪਹਿਲਾਂ ਵੀ ਇਨ੍ਹਾਂ ਨੂੰ ਇੱਥੋਂ ਹਟਣ ਦੀ ਸੂਚਨਾ ਦੇ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਇਹ ਜ਼ਮੀਨ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਹਰ ਹੀਲੇ ਖਾਲੀ ਕਰਵਾ ਕੇ ਟਰੱਕ ਯੂਨੀਅਨ ਨੂੰ ਦਿੱਤੀ ਜਾਵੇਗੀ।