ਬਿਜਲੀ ਮੁਲਾਜ਼ਮ ਮੰਚ ਦੀ ਸਰਕਾਰ ਨਾਲ ਮੀਟਿੰਗ, ਏ. ਐੱਲ. ਐੱਮ. ਸਮੇਤ 5 ਹਜ਼ਾਰ ਮੁਲਾਜ਼ਮ ਕੀਤੇ ਜਾਣਗੇ ਭਰਤੀ

11/19/2017 5:57:11 PM


ਮੋਹਾਲੀ (ਨਿਆਮੀਆਂ) - ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ (ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ, ਕੇਸਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈੱਡਰੇਸ਼ਨ, ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈੱਡਰੇਸ਼ਨ ਪਾਵਰਕਾਮ ਤੇ ਟਰਾਂਸਕੋ) 'ਤੇ ਆਧਾਰਿਤ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਮੀਟਿੰਗ ਪੰਜਾਬ ਸਰਕਾਰ ਦੇ ਪਾਵਰਕਾਮ ਸਕੱਤਰ ਏ. ਵੇਣੂ ਪ੍ਰਸਾਦ ਦੀ ਪ੍ਰਧਾਨਗੀ ਹੇਠ ਹੋਈ।  ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਸਰਕਾਰ ਨਾਲ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ 2 ਘੰਟੇ ਚੱਲੀ, ਜਿਸ 'ਚ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਬੋਰਡ ਮੈਨੇਜਮੈਂਟ ਨੂੰ ਕਿਹਾ ਕਿ ਪੰਜਾਬ ਦੇ ਸਮੁੱਚੇ ਬਿਜਲੀ ਮੁਲਾਜ਼ਮਾਂ ਨੂੰ ਪੇ ਬੈਂਡ 1 ਦਸਬੰਰ 2011 ਤੋਂ ਲਾਗੂ ਕੀਤਾ ਜਾਵੇ। ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ, ਨਰਿੰਦਰ ਸਿੰਘ ਸੈਣੀ ਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਬਿਜਲੀ ਕਰਮਚਾਰੀਆਂ ਦੇ ਪੇ ਬੈਂਡ ਨੂੰ ਜਲਦੀ ਲਾਗੂ ਕਰ ਦਿੱਤਾ ਜਾਵੇਗਾ। 
ਵੇਣੂ ਪ੍ਰਸਾਦ ਨੇ ਮੰਚ ਨੂੰ ਵਿਸ਼ਵਾਸ ਦਿਵਾਇਆ ਕਿ ਬਿਜਲੀ ਨਿਗਮ ਵਿਚ 5 ਹਜ਼ਾਰ ਕਰਮਚਾਰੀ ਭਰਤੀ ਕੀਤੇ ਜਾਣਗੇ, ਜਿਨ੍ਹਾਂ ਵਿਚ 2800 ਸਹਾਇਕ ਲਾਈਨਮੈਨ, 300 ਜੇ. ਈ., 300 ਹੇਠਲੀ ਸ਼੍ਰੇਣੀ ਕਲਰਕ, 250 ਐੱਸ. ਐੱਸ. ਏ. ਤੇ ਹੋਰ ਕਰਮਚਾਰੀ ਭਰਤੀ ਕੀਤੇ ਜਾਣਗੇ। ਭਰਤੀ ਸਬੰਧੀ ਇਸ਼ਤਿਹਾਰ ਇਕ ਹਫਤੇ ਵਿਚ ਜਾਰੀ ਕਰ ਦਿੱਤਾ ਜਾਵੇਗਾ। ਵਰਕਚਾਰਜ ਕਾਮਿਆਂ ਨੂੰ ਪੇ ਬੈਂਡ ਜਲਦੀ ਦੇ ਦਿੱਤਾ ਜਾਵੇਗਾ। 
ਮੈਨੇਜਮੈਂਟ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਮ੍ਰਿਤਕ ਕਰਮਚਾਰੀਆਂ ਦੇ 223 ਵਾਰਸਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ। 23 ਸਾਲਾ ਲਾਭ ਸਾਰੇ ਕਰਮਚਾਰੀਆਂ ਨੂੰ ਦੇਣ ਦਾ ਭਰੋਸਾ ਦਿੱਤਾ, ਰਿਟਾਇਰਡ ਕਰਮਚਾਰੀਆਂ ਨੂੰ ਬਿਜਲੀ ਰਿਆਇਤ ਦੇਣ ਸਬੰਧੀ ਏਜੰਡਾ ਬੋਰਡ ਦੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ, ਮੋਬਾਇਲ ਸਹੂਲਤ ਸਾਰੇ ਪੰਜਾਬ ਵਿਚ ਮੁਲਾਜ਼ਮਾਂ ਦੀ ਲਾਗੂ ਕਰ ਦਿੱਤੀ ਜਾਵੇਗੀ। ਆਉੂਟ ਸੋਰਸਿੰਗ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕਰਨ ਤੇ ਥਰਮਲ ਪਲਾਂਟਾਂ ਨੂੰ ਚਲਾਉਣ 'ਤੇ ਵਿਚਾਰ ਕਰਨ ਲਈ 2 ਡਾਇਰੈਕਟਰਾਂ ਦੀ ਕਮੇਟੀ ਬਣਾਈ ਗਈ ਹੈ।
ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸਿਆਸੀ ਆਧਾਰ 'ਤੇ ਕੀਤੀਆਂ ਬਦਲੀਆਂ 'ਤੇ ਵੀ ਜਲਦੀ ਵਿਚਾਰ ਕੀਤਾ ਜਾਵੇਗਾ, 15 ਸਤੰਬਰ ਨੂੰ ਦਿੱਤੇ ਧਰਨੇ 'ਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਦੀਆਂ ਕੱਟੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ। ਮੀਟਿੰਗ ਵਿਚ ਬਿਜਲੀ ਨਿਗਮ ਦੇ ਡਾਇਰੈਕਟਰ ਵਿੱਤ ਐੱਸ. ਸੀ. ਅਰੋੜਾ, ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਂਡਵ, ਮੁੱਖ ਲੇਖਾ ਅਫਸਰ ਰਾਕੇਸ਼ ਪੁਰੀ ਤੇ ਉਪ ਸਕੱਤਰ ਆਈ. ਆਰ. ਬੀ. ਐੱਸ. ਗੁਰਮ ਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਹਰਭਜਨ ਸਿੰਘ ਪਿਲਖਣੀ ਆਦਿ ਆਗੂ ਹਾਜ਼ਰ ਸਨ।


Related News