ਖ਼ੁਦ ਨੂੰ ਵਿਜੀਲੈਂਸ ਮੁਲਾਜ਼ਮ ਦੱਸ ਕੇ ASI ਦੀ ਪਾੜੀ ਵਰਦੀ, ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Sunday, Feb 08, 2026 - 01:34 PM (IST)
ਲੁਧਿਆਣਾ (ਸੁਰਿੰਦਰ ਸੰਨੀ): ਖ਼ੁਦ ਨੂੰ ਵਿਜੀਲੈਂਸ ਵਿਭਾਗ ਦੇ ਕਰਮਚਾਰੀ ਦੱਸ ਕੇ ਕੁਝ ਨੌਜਵਾਨਾਂ ਨੇ ਸੜਕ 'ਤੇ ਟ੍ਰੈਫਿਕ ਡਿਊਟੀ ਕਰ ਰਹੇ ਏ.ਐੱਸ.ਆਈ. ਨਾਲ ਧੱਕਾ-ਮੁੱਕੀ ਕਰਦੇ ਹੋਏ ਉਸ ਦੀ ਵਰਦੀ ਪਾੜ ਦਿੱਤੀ। ਥਾਣਾ ਜਮਾਲਪੁਰ ਦੀ ਪੁਲਸ ਨੇ ਤਿੰਨਾਂ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਗੁਰੂ ਅਰਜਨ ਦੇਵ ਨਗਰ ਦੇ ਰਹਿਣ ਵਾਲੇ ਰਾਜ ਕੁਮਾਰ ਖੱਤਰੀ, ਨਿਸ਼ਾਂਤ ਅਤੇ ਢੋਕਾ ਮੁਹੱਲਾ ਦੇ ਰਹਿਣ ਵਾਲੇ ਰਵੀ ਕੁਮਾਰ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਦੇ ਏ.ਐੱਸ.ਆਈ. ਦਿਲੀਪ ਕੁਮਾਰ ਨੇ ਦੱਸਿਆ ਕਿ ਉਹ ਬੀਤੇ ਦਿਨ ਟ੍ਰੈਫਿਕ ਡਿਊਟੀ ਦੇ ਸਬੰਧ ਵਿੱਚ ਮੁੰਡੀਆਂ ਕਲਾਂ ਚੌਂਕ ਤਾਇਨਾਤ ਸਨ। ਹਾਈ ਸਕਿਓਰਿਟੀ ਨੰਬਰ ਪਲੇਟ ਨਾ ਲੱਗੀ ਹੋਣ ਕਾਰਨ ਉਨ੍ਹਾਂ ਨਾਲ ਡਿਊਟੀ ਕਰ ਰਹੇ ਹੋਮਗਾਰਡ ਕਰਮੀ ਦਯਾਰਾਮ ਨੇ ਇਕ ਟਾਟਾ ਇੰਡੀਗੋ ਕਾਰ PB01A4937 ਨੂੰ ਰੋਕਿਆ ਤਾਂ ਕਾਰ ਚਲਾ ਰਹੇ ਨੌਜਵਾਨ ਨੇ ਕਿਹਾ ਕਿ ਮੈਂ ਵਿਜੀਲੈਂਸ ਦਾ ਕਰਮਚਾਰੀ ਹਾਂ। ਜਦੋਂ ਡਿਊਟੀ 'ਤੇ ਤਾਇਨਾਤ ਟ੍ਰੈਫਿਕ ਕਰਮਚਾਰੀਆਂ ਨੇ ਉਨ੍ਹਾਂ ਨੂੰ ਪਛਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਚਾਲਕ ਅਤੇ ਕਾਰ ਵਿਚ ਬੈਠੇ ਹੋਰ ਨੌਜਵਾਨ ਭੜਕ ਗਏ ਅਤੇ ਟ੍ਰੈਫਿਕ ਕਰਮਚਾਰੀ ਨਾਲ ਧੱਕਾ-ਮੁੱਕੀ ਕਰਦੇ ਹੋਏ ਉਨ੍ਹਾਂ ਦੀ ਵਰਦੀ ਤੱਕ ਪਾੜ ਦਿੱਤੀ। ਇਸ ਤੋਂ ਬਾਅਦ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਤੁਰੰਤ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਜਮਾਲਪੁਰ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨਾਂ ਮੁਲਜ਼ਮਾਂ ਨੂੰ ਕਾਰ ਸਮੇਤ ਕਾਬੂ ਕਰਕੇ ਕੇਸ ਦਰਜ ਕੀਤਾ ਹੈ।
