ਮਾਤਾ-ਪਿਤਾ ਨੂੰ ਮਿਲਣ ਲਈ ਮਾਮੇ ਦੇ ਘਰੋਂ ਭੱਜੀ 10 ਸਾਲਾ ਬੱਚੀ ਜੰਮੂ ਤੋਂ ਮਿਲੀ
Monday, Jun 18, 2018 - 03:00 AM (IST)

ਲੁਧਿਆਣਾ, (ਰਿਸ਼ੀ)- ਹਰਿਦੁਆਰ 'ਚ ਰਹਿ ਰਹੇ ਮਾਤਾ-ਪਿਤਾ ਨੂੰ ਮਿਲਣ ਲਈ 10 ਸਾਲਾ ਬੱਚੀ ਗਾਇਤਰੀ ਮਾਮਾ ਦੇ ਘਰੋਂ ਭੱਜ ਕੇ ਰੇਲਵੇ ਸਟੇਸ਼ਨ ਪਹੁੰਚ ਗਈ ਪਰ ਹਰਿਦੁਆਰ ਜਾਣ ਵਾਲੀ ਟਰੇਨ ਵਿਚ ਬੈਠਣ ਦੀ ਬਜਾਏ ਜੰਮੂ ਦੀ ਟਰੇਨ ਵਿਚ ਚੜ੍ਹ ਗਈ। ਜੰਮੂ ਰੇਲਵੇ ਸਟੇਸ਼ਨ 'ਤੇ ਲਾਪਤਾ ਹਾਲਤ 'ਚ ਬੱਚੀ ਨੂੰ ਦੇਖ ਜੀ. ਆਰ. ਪੀ. ਨੇ ਉਸ ਨੂੰ ਹਿਰਾਸਤ ਵਿਚ ਲਿਆ। ਪਤਾ ਲੱਗਣ 'ਤੇ 4 ਦਿਨਾਂ ਬਾਅਦ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਉਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ।
ਥਾਣਾ ਇੰਚਾਰਜ ਕਮਲਦੀਪ ਸਿੰਘ ਅਨੁਸਾਰ ਪੁਲਸ ਨੂੰ ਸ਼ਿਵਾਜੀ ਨਗਰ 'ਚ ਰਹਿੰਦੇ ਬੱਚੀ ਦੇ ਮਾਮਾ ਲੀਲਾਧਰ ਨੇ ਸੂਚਨਾ ਦਿੱਤੀ ਸੀ ਕਿ ਉਸ ਦੀ 10 ਸਾਲਾ ਭਾਣਜੀ 12 ਜੂਨ ਸ਼ਾਮ 7 ਵਜੇ ਘਰੋਂ ਸ਼ੱਕੀ ਹਾਲਾਤ ਵਿਚ ਗਾਇਬ ਹੋ ਗਈ। ਇਸ ਦੇ ਇਕ ਦਿਨ ਬਾਅਦ ਪੁਲਸ ਨੇ ਕੇਸ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਫੜੇ ਜਾਣ ਤੋਂ ਬਾਅਦ ਬੱਚੀ ਨੇ ਦੱਸਿਆ ਕਿ ਉਸ ਦੇ ਮਨ ਵਿਚ ਆਪਣੇ ਮਾਤਾ-ਪਿਤਾ ਨੂੰ ਮਿਲਣ ਦੀ ਇੱਛਾ ਹੋਈ, ਜਿਸ ਕਾਰਨ ਉਹ ਘਰ 'ਚੋਂ ਬਿਨਾਂ ਦੱਸੇ ਭੱਜ ਨਿਕਲੀ ਪਰ ਗਲਤ ਟਰੇਨ ਵਿਚ ਚੜ੍ਹ ਕੇ ਜੰਮੂ ਪਹੁੰਚ ਗਈ।