ਮੀਤ ਹੇਅਰ ਨੇ ਸਦਨ ’ਚ ਰਾਜਾ ਵੜਿੰਗ ਨੂੰ ਦਿੱਤਾ ਠੋਕਵਾਂ ਜਵਾਬ, ਕਿਹਾ-ਅਸੀਂ ਤਾਂ ਹਾਰੇ ਪਰ ਤੁਹਾਡਾ ਜਲੂਸ ਨਿਕਲਿਆ

06/29/2022 2:24:30 PM

ਬਰਨਾਲਾ (ਵਿਵੇਕ ਸਿੰਧਵਾਨੀ) : ਬੀਤੇ ਦਿਨੀ ਵਿਧਾਨ ਸਭਾ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹਲਕਾ ਬਰਨਾਲਾ ਤੋਂ ਵਿਧਾਇਕ ਅਤੇ ਸੂਬੇ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਆਹਮੋ-ਸਾਹਮਣੇ ਹੋ ਗਏ। ਬੀਤੇ ਦਿਨੀ ਹੋਏ ਵਿਧਾਨ ਸਭਾ ਦੇ ਸੈਸ਼ਨ ’ਚ ਰਾਜਾ ਵੜਿੰਗ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਨਤੀਜੇ ਬਾਰੇ ਬੋਲਦਿਆਂ ਕਿਹਾ ਕਿ ਸਿਰਫ਼ ਤਿੰਨ ਮਹੀਨਿਆਂ ਬਾਅਦ ਸੰਗਰੂਰ ਦੀ ਜਨਤਾ ਨੇ ਇਕ 80 ਸਾਲ ਦੇ ਬਜ਼ੁਰਗ ਨੂੰ ਜਿਤਾ ਕੇ ਲੋਕ ਸਭਾ ’ਚ ਭੇਜਿਆ ਹੈ। ਉਨ੍ਹਾਂ ਕਿਹਾ ਇਨਕਲਾਬ ਸਿਰਫ਼ ਸ਼ਹੀਦ ਭਗਤ ਸਿੰਘ ਦੇ ਨਾਅਰੇ ਲਗਾਉਣ ਨਾਲ ਨਹੀਂ ਆਉਣਾ ਸਗੋਂ ਇਨਕਲਾਬ ਲਿਆਉਣ ਲਈ ਸਾਨੂੰ ਨਵੀਆਂ ਵਿਵਸਥਾਵਾਂ ਅਤੇ ਨਵੀਂਆਂ ਤਬਦੀਲੀਆਂ ਕਰਨੀਆਂ ਪੈਣੀਆਂ ਹਨ। ਉਨ੍ਹਾਂ ਕਿਹਾ ਸਿਰਫ਼ ਤਿੰਨ ਮਹੀਨਿਆਂ ’ਚ ਹੀ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ।

ਇਹ ਵੀ ਪੜ੍ਹੋ- 12ਵੀਂ ’ਚ ਟਾਪ ਕਰਨ ਵਾਲੀ ਅਰਸ਼ਦੀਪ ਕੌਰ ਨੇ ਇੰਝ ਹਾਸਲ ਕੀਤਾ ਮੁਕਾਮ, ਫੇਸਬੁੱਕ ਤੇ ਇੰਸਟਾਗ੍ਰਾਮ ਤੋਂ ਹੈ ਕੋਹਾਂ ਦੂਰ

ਇਸ ਮੌਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਰਾਜਾ ਵੜਿੰਗ ਨੂੰ ਜਵਾਬ ਦਿੰਦਿਆਂ ਕਿਹਾ ਕਿ ਵੜਿੰਗ ਸਾਹਿਬ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਚੋਣ ਦੇ ਨਤੀਜਿਆਂ ਬਾਰੇ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਵੀ ਜ਼ਿਮਨੀ ਚੋਣਾਂ ਪੰਜਾਬ ’ਚ ਹੁੰਦੀਆਂ ਰਹੀਆਂ ਹਨ, ਇਹ ਜ਼ਿਮਨੀ ਚੋਣ ਪਹਿਲੀ ਵਾਰ ਨਹੀਂ ਹੋਈ। ਉਨ੍ਹਾਂ ਕਿਹਾ ਰਾਜਾ ਵੜਿੰਗ ਜੀ ਦਾ ਤਾਂ ਸਿਆਸੀ ਤਜ਼ਰਬਾ ਮੇਰੇ ਤੋਂ ਬਹੁਤ ਜ਼ਿਆਦਾ ਹੈ। ਇਨ੍ਹਾਂ ਨੇ ਕਈ ਜ਼ਿਮਨੀ ਚੋਣਾਂ ਵੇਖੀਆਂ ਹਨ। ਉਨ੍ਹਾਂ ਕਿਹਾ ਲੋਕ ਸਭਾ ਹਲਕਾ ਸੰਗਰੂਰ ਦੇ ਸਾਰੇ ਲੋਕ ਇਸ ਗੱਲ ਦੇ ਗਵਾਹ ਹਨ ਕਿ ਜਿਸ ਤਰ੍ਹਾਂ ਬੀਤੇ ਸਮੇਂ ’ਚ ਜ਼ਿਮਨੀ ਚੋਣਾਂ ਲੜੀਆਂ ਜਾਂਦੀਆਂ ਸਨ ਅਸੀਂ ਉਹ ਪਿਰਤ ਤੋੜੀ ਹੈ। ਸੰਗਰੂਰ ਜ਼ਿਮਨੀ ਚੋਣ ’ਚ ਨਾ ਕੋਈ ਸ਼ਰਾਬ ਦਾ ਤੁਬਕਾ ਵੰਡਿਆ ਗਿਆ ਅਤੇ ਨਾ ਹੀ ਪ੍ਰਸ਼ਾਸਨ ਦੀ ਕੋਈ ਦਖਲਅੰਦਾਜ਼ੀ ਹੋਈ ਅਤੇ ਜਿਵੇਂ ਪਹਿਲਾਂ ਚੋਣਾਂ ਦੌਰਾਨ ਅਖੀਰਲੇ ਦਿਨ ਸਾਰੇ ਪੰਜਾਬ ਦੀ ਸਰਕਾਰ ਪਿੰਡਾਂ ’ਚ ਜਾ ਕੇ ਬੈਠ ਜਾਂਦੀ ਸੀ,ਸਾਡਾ ਇਕ ਵੀ ਵਿਧਾਇਕ ਜਾਂ ਮੰਤਰੀ ਪਿੰਡਾਂ ’ਚ ਨਹੀਂ ਸੀ। 

ਇਹ ਵੀ ਪੜ੍ਹੋ- ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰ ਗੁਰਦੀਪ ਤੇ ਰਾਜਵੀਰ ਦਾ ਵੱਡਾ ਕਾਰਨਾਮਾ ਆਇਆ ਸਾਹਮਣੇ

ਉਨ੍ਹਾਂ ਕਿਹਾ ਇਸ ਨਵੀਂ ਪਿਰਤ ਦੀ ਸ਼ੁਰੂਆਤ ਕਰਨ ਲਈ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵਧਾਈ ਦਿੰਦਾ ਹਾਂ। ਸਿੱਖਿਆ ਮੰਤਰੀ  ਨੇ ਅੱਗੇ ਕਿਹਾ ਕਿ ਸਾਂਸਦ ਪਹਿਲਾਂ ਵੀ ਬਣਦੇ ਰਹੇ ਸੀ ਅਤੇ ਅੱਗੇ ਵੀ ਬਣਦੇ ਰਹਿਣਗੇ ਪਰ ਇਹ ਪਿਰਤ ਸਿਰਫ਼ ਆਮ ਆਦਮੀ ਪਾਰਟੀ ਨੇ ਹੀ ਸ਼ੁਰੂ ਕੀਤੀ ਹੈ। ਪਾਰਟੀ ਨੇ ਬਿਨਾਂ ਸਿਆਸੀ ਤੰਤਰ ਦਾ ਇਸਤੇਮਾਲ ਕੀਤੇ ਅਤੇ ਬਿਨਾਂ ਤਾਕਤ ਦਾ ਇਸਤੇਮਾਲ ਕੀਤੇ ਅਸੀਂ ਇਹ ਚੋਣ ਲੜੀ ਅਤੇ ਜੋ ਲੋਕਾਂ ਨੇ ਫ਼ਤਵਾ ਦਿੱਤਾ ਅਸੀਂ ਉਸ ਨੂੰ ਸਵੀਕਾਰ ਕਰਦੇ ਹਾਂ। ਇਸ ਤੋਂ ਇਲਾਵਾ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸਾਡੀ ਵੋਟ 37 ਫ਼ੀਸਦੀ ਤੋਂ ਘਟ ਕੇ 35 ਫ਼ੀਸਦੀ ਰਹਿ ਗਈ। ਅਸੀਂ ਤਾਂ ਸਿਰਫ਼ ਹਾਰੇ ਹਾਂ ਪਰ ਇਨ੍ਹਾਂ ਦਾ ਤਾਂ ਲੋਕਾਂ ਨੇ ਜਲੂਸ ਕੱਢਿਆ ਹੈ। ਤਿੰਨਾਂ ਪਾਰਟੀਆਂ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕਾਂ ਨੇ ਜ਼ਮਾਨਤਾਂ ਤੱਕ ਜ਼ਬਤ ਕਰਵਾਈਆਂ ਹਨ। ਉਨ੍ਹਾਂ ਕਿਹਾ ਸਾਡੇ ’ਚ ਵੀ ਜੋ ਕਮੀਆਂ ਰਹੀਆਂ ਹੋਣਗੀਆਂ, ਉਸ ’ਤੇ ਵੀ ਗੱਲਬਾਤ ਕਰਾਂਗੇ ਪਰ ਇਨ੍ਹਾਂ ਨੂੰ ਵੀ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਲੋਕਾਂ ਨੇ ਇਨ੍ਹਾਂ ਦੀਆਂ ਜ਼ਮਾਨਤਾਂ ਕਿਉਂ ਜ਼ਬਤ ਕਰਵਾਈਆਂ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News