ਮਜ਼ਦੂਰ ਮੁਕਤੀ ਮੋਰਚਾ ਨੇ ਮੰਗਾਂ ਸਬੰਧੀ ਬੀ. ਡੀ. ਪੀ. ਓ. ਦਫਤਰ ਅੱਗੇ ਲਾਇਆ ਧਰਨਾ

Tuesday, Apr 17, 2018 - 02:32 AM (IST)

ਬਟਾਲਾ,   (ਬੇਰੀ)- ਅੱਜ ਬੀ. ਡੀ. ਪੀ. ਓ. ਦਫਤਰ ਵਿਖੇ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਨੇ ਮੰਗਾਂ ਸਬੰਧੀ ਧਰਨਾ ਲਿਆ। 
ਇਸ ਸਮੇਂ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਕਾ. ਗੁਲਜਾਰ ਸਿੰਘ, ਵਿਜੇ ਕੁਮਾਰ ਸੋਹਲ, ਅਸ਼ਵਨੀ ਕੁਮਾਰ ਹੈਪੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾ. ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਜ਼ਿਲਾ ਗੁਰਦਾਸਪੁਰ ਦੇ ਪ੍ਰਸ਼ਾਸਨ ਨੂੰ ਸਾਡੀਆਂ ਜਥੇਬੰਦੀਆਂ ਮਨਰੇਗਾ ਦਾ ਰੋਜ਼ਗਾਰ ਲਾਗੂ ਕਰਨ ਅਤੇ ਬੇਘਰਿਆਂ ਨੂੰ ਪਲਾਟ, ਰਿਹਾਇਸ਼ ਅਤੇ ਗ੍ਰਾਂਟਾਂ ਦੇਣ ਸਬੰਧੀ ਦਰਜਨਾਂ ਮੰਗਾਂ ਕਰ ਚੁਕੀਆਂ ਹਨ ਪਰ ਜ਼ਿਲਾ ਪ੍ਰਸ਼ਾਸਨ ਆਪਣੀਆਂ ਬੇਲੋੜਾ ਮੀਟਿੰਗਾਂ ਕਰਨ ਤੋਂ ਬਿਨਾਂ ਕਿਸੇ ਵੀ ਜਨਤਕ ਸਕੀਮ ਨੂੰ ਲਾਗੂ ਨਹੀਂ ਕਰ ਰਿਹਾ। 
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮਨਰੇਗਾ ਦੇ ਕੀਤੇ ਕੰਮ ਦੀਆਂ ਅਜੇ ਤੱਕ ਅਦਾਇਗੀਆਂ ਨਹੀਂ ਹੋਈਆਂ ਅਤੇ ਇਸ ਸਾਲ ਦੇ 4 ਮਹੀਨੇ ਬੀਤ ਜਾਣ ਉਪਰੰਤ ਕਿਸੇ ਨੂੰ ਵੀ ਮਨਰੇਗਾ ਰੋਜ਼ਗਾਰ ਨਹੀਂ ਦਿੱਤਾ ਗਿਆ। ਆਗੂਆਂ ਨੇ ਬਲਾਕ ਅਤੇ ਜ਼ਿਲਾ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਗਰੀਬਾਂ ਪ੍ਰਤੀ ਆਪਣਾ ਵਤੀਰਾ ਨਾ ਬਦਲਿਆ ਅਤੇ 100 ਦਿਨ ਦਾ ਮਨਰੇਗਾ ਰੋਜ਼ਗਾਰ, ਪਲਾਟ, ਰਿਹਾਇਸ਼, ਅਨਾਜ, ਪੈਨਸ਼ਨ ਆਦਿ ਅਸਲੀ ਲੋੜਵੰਦਾਂ ਤੱਕ ਨਾ ਪਹੁੰਚਾਈਆਂ ਤਾਂ ਬਲਾਕਾਂ ਜਾਂ ਜ਼ਿਲੇ ਵਿਚ ਪੱਕੇ ਮੋਰਚੇ ਲਾਏ ਜਾਣਗੇ, ਜਿਸਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ। 
ਉਨ੍ਹਾਂ ਇਕ ਮਤੇ ਰਾਹੀਂ ਮੰਗ ਕੀਤੀ ਕਿ ਕਠੂਆ, ਉਤਰ ਪ੍ਰਦੇਸ਼ ਅਤੇ ਗੁਜਰਾਤ ਵਿਚ ਹੋਏ ਬੱਚੀਆਂ ਨਾਲ ਜਬਰ-ਜ਼ਨਾਹ ਦੀ ਸੀ. ਬੀ. ਆਈ. ਜਾਂਚ ਕਰੇ। ਇਸ ਮੌਕੇ ਕੁਲਦੀਪ ਰਾਜੂ, ਗੁਰਵਿੰਦਰ ਸਿੰਘ, ਬਲਬੀਰ ਰੰਧਾਵਾ, ਸੁਖਦੇਵ ਸਿੰਘ ਭਾਗੋਵਾਲ, ਕਾ. ਗੋਪਾਲ ਪਾਲ, ਕਾ. ਮਨਜੀਤ ਰਾਜ, ਰਾਮਾ ਯਾਦਪੁਰ ਆਦਿ ਹਾਜ਼ਰ ਸਨ। 


Related News