ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਤੇ ਕੈਦੀ ਸੁੱਖੀ ਨਾਲ 3 ਵਕੀਲਾਂ ਦੀ ਜੇਲ ''ਚ ਨਹੀਂ ਹੋ ਸਕੀ ਮੁਲਾਕਾਤ
Tuesday, Apr 24, 2018 - 10:29 AM (IST)

ਨਾਭਾ (ਜੈਨ)-ਸਥਾਨਕ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ ਵਿਚ ਇਸ ਸਮੇਂ ਖਤਰਨਾਕ ਅੱਤਵਾਦੀ ਗੈਂਗਸਟਰ ਤੇ ਟਾਰਗੈੱਟ ਕਿਲਿੰਗ ਮਾਮਲਿਆਂ ਵਿਚ ਸ਼ਾਮਲ ਦੋਸ਼ੀ ਬੰਦ ਹਨ। ਜੇਲ ਲੰਬੇ ਸਮੇਂ ਤੋਂ ਵਿਵਾਦਾਂ ਵਿਚ ਰਹੀ ਹੈ। ਬ੍ਰਿਟਿਸ਼ ਨਾਗਰਿਕ ਤੇ ਟਾਰਗੈੱਟ ਕਿਲਿੰਗ ਵਿਚ ਸ਼ਾਮਲ ਜਗਤਾਰ ਸਿੰਘ ਉਰਫ ਜੱਗੀ ਜੌਹਲ ਅਤੇ ਸਜ਼ਾ ਭੁਗਤ ਰਹੇ ਕੈਦੀ ਸੁਖਵਿੰਦਰ ਸਿੰਘ ਸੁੱਖੀ ਨਾਲ ਮੁਲਾਕਾਤ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਉਨ੍ਹਾਂ ਦੇ 3 ਵਕੀਲ ਜੇਲ ਕੰਪਲੈਕਸ ਵਿਚ ਪਹੁੰਚੇ ਤਾਂ ਨਵਾਂ ਵਿਵਾਦ ਖੜ੍ਹਾ ਹੋ ਗਿਆ।
ਵਕੀਲਾਂ ਨੇ ਜੇਲ ਦੇ ਮੁੱਖ ਗੇਟ ਅੱਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਜੇਲ ਕੰਪਲੈਕਸ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਨਾ ਹੀ ਜੇਲ ਸੁਪਰਡੈਂਟ ਨੇ ਵਾਰ-ਵਾਰ ਸੰਪਰਕ ਕਰਨ 'ਤੇ ਮਿਲਣ ਲਈ ਸਮਾਂ ਦਿੱਤਾ। ਜੇਲ ਪ੍ਰਬੰਧਕਾਂ ਖਿਲਾਫ ਰੋਸ ਪ੍ਰਗਟ ਕਰ ਰਹੇ ਐਡਵੋਕੇਟ ਆਰ. ਐੈੱਸ. ਬੈਂਸ ਤੇ ਐਡਵੋਕੇਟ ਜਸਵੀਰ ਸਿੰਘ ਨੇ ਕਿਹਾ ਕਿ ਅਸੀਂ ਜੱਗੀ ਜੌਹਲ ਤੇ ਸੁੱਖੀ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਆਏ ਸਾਂ। ਸੁੱਖੀ ਪਿਛਲੇ 11 ਸਾਲਾਂ ਤੋਂ ਜੇਲ ਵਿਚ ਬੰਦ ਹੈ ਅਤੇ ਹੈਪੇਟਾਈਟਸ ਬੀਮਾਰੀ ਤੋਂ ਪੀੜਤ ਹੈ। ਰਿਮਾਂਡ ਦੌਰਾਨ ਇਨ੍ਹਾਂ ਨੂੰ ਕਾਫੀ ਟਾਰਚਰ ਕੀਤਾ ਗਿਆ ਸੀ, ਜਿਸ ਕਾਰਨ ਸਿਹਤ ਖਰਾਬ ਹੋ ਗਈ ਹੈ ਪਰ ਜੇਲ ਅਧਿਕਾਰੀ ਮਿਲਣ ਨਹੀਂ ਦੇ ਰਹੇ।
ਉਨ੍ਹਾਂ ਕਿਹਾ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਵੀ ਨਾਭਾ ਤੇ ਪਟਿਆਲਾ ਜੇਲ ਵਿਚ ਲੰਬਾ ਸਮਾਂ ਬੰਦ ਰਹੇ। ਅਦਾਲਤੀ ਨਿਰਦੇਸ਼ਾਂ ਦੇ ਬਾਵਜੂਦ ਜੇਲ ਪ੍ਰਬੰਧਕਾਂ ਨੇ ਮਿੰਟੂ ਦਾ ਸਹੀ ਢੰਗ ਨਾਲ ਇਲਾਜ ਨਹੀਂ ਕਰਵਾਇਆ ਜਿਸ ਕਾਰਨ ਉਸ ਦੀ ਮੌਤ ਹੋਈ। ਜੱਗੀ ਜੌਹਲ ਬਾਰੇ ਬ੍ਰਿਟਿਸ਼ ਪਾਰਲੀਮੈਂਟ ਵਿਚ ਵੀ ਸਵਾਲ ਕੀਤੇ ਜਾ ਚੁੱਕੇ ਹਨ। ਸੁੱਖੀ ਨਾਲ ਮੁਲਾਕਾਤ ਬਾਰੇ ਜੇਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਮੁਲਾਕਾਤ ਕਰਵਾਈ ਜਾ ਸਕਦੀ ਹੈ। ਵਕੀਲਾਂ ਨੇ ਇਹ ਸਾਰਾ ਮਾਮਲਾ ਮਾਣਯੋਗ ਹਾਈ ਕੋਰਟ ਦੇ ਧਿਆਨ ਵਿਚ ਲਿਆਉਣ ਦੀ ਗੱਲ ਕਹਿ ਕੇ ਜੇਲ ਪ੍ਰਬੰਧਕਾਂ ਖਿਲਾਫ ਸੰਗੀਨ ਦੋਸ਼ ਲਾਏ ਹਨ। ਜੇਲ ਸੁਪਰਡੈਂਟ ਨਾਲ ਸੰਪਰਕ ਨਹੀਂ ਹੋ ਸਕਿਆ।