ਹੜ੍ਹਾਂ ਦੀ ਮਾਰ ਹੇਠ ਅੰਮ੍ਰਿਤਸਰ, 93 ਪਿੰਡ ਬਰਬਾਦ, 49 ਘਰ ਢਹਿਢੇਰੀ ਤੇ ਹਜ਼ਾਰਾਂ ਲੋਕ ਪ੍ਰਭਾਵਿਤ
Tuesday, Sep 02, 2025 - 02:11 PM (IST)

ਅੰਮ੍ਰਿਤਸਰ(ਨੀਰਜ)-ਰਾਵੀ ਦਰਿਆ ਦੇ ਰਾਮਦਾਸ ਅਤੇ ਅਜਨਾਲਾ ਪਿੰਡਾਂ ਵਿਚ ਪਾਣੀ ਨਾਲ ਹੋਏ ਨੁਕਸਾਨ ਬਾਰੇ ਸਹੀ ਅੰਕੜੇ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਹੜ੍ਹ ਦੇ ਪਾਣੀ ਨਾਲ 23 ਹਜ਼ਾਰ ਹੈਕਟੇਅਰ ਫਸਲ ਬਰਬਾਦ ਹੋ ਗਈ ਹੈ, 93 ਪਿੰਡ ਪ੍ਰਭਾਵਿਤ ਹੋਏ ਹਨ, 49 ਘਰ ਢਹਿਢੇਰੀ ਹੋ ਗਏ ਹਨ, 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 35 ਹਜ਼ਾਰ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ 3 ਹਜ਼ਾਰ ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਹੁਣ ਬਚਾਅ ਕਾਰਜ ਪੂਰੇ ਹੋਣ ਤੋਂ ਬਾਅਦ ਪੁਨਰਵਾਸ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਤਬਾਹੀ ਦੇ ਸੰਕੇਤ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਪੰਜਾਬ ਸਰਕਾਰ ਵੱਲੋਂ ਤਾਇਨਾਤ ਸੈਕਟਰ ਅਫ਼ਸਰ ਕਮਲ ਕਿਸ਼ੋਰ ਯਾਦਵ, ਬਸੰਤ ਗਰਗ, ਵਰੁਣ ਰੂਜਮ ਅਤੇ ਡੀ. ਸੀ. ਸਾਕਸ਼ੀ ਸਾਹਨੀ ਨੇ ਕਿਹਾ ਕਿ ਆਈ ਕੁਦਰਤੀ ਆਫ਼ਤ ਉਹ ਸੋਚ ਤੋਂ ਪਰੇ ਸੀ ਪਰ ਜ਼ਿਲਾ ਪ੍ਰਸ਼ਾਸਨ ਨੇ ਸਮੇਂ ਸਿਰ ਟੀਮਾਂ ਨੂੰ ਸਰਗਰਮ ਕਰ ਕੇ ਇੱਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਰੋਕਿਆ। ਹੁਣ ਲੋਕਾਂ ਨੂੰ ਵਸਾਉਣ ਲਈ ਕੰਮ ਸ਼ੁਰੂ ਕਰਨਾ ਹੈ, ਜਿਸ ਲਈ ਸਾਰੇ ਵਿਭਾਗ ਤਿਆਰ ਰਹਿਣ। ਇਨ੍ਹਾਂ ਕੰਮਾਂ ਵਿਚ ਸੜਕਾਂ ਅਤੇ ਪੁਲਾਂ ਦੀ ਮੁਰੰਮਤ, ਬਿਜਲੀ ਸਪਲਾਈ ਬਹਾਲ ਕਰਨਾ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਡਾਕਟਰੀ ਸਹੂਲਤਾਂ ਸ਼ੁਰੂ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ- ਸਰਕਾਰੀ ਹੁਕਮਾਂ ਦੀ ਉਲੰਘਣਾ:ਛੁੱਟੀਆਂ ਦੇ ਬਾਵਜੂਦ ਵੀ ਸਕੂਲ ਖੁੱਲ੍ਹੇ, ਸਿੱਖਿਆ ਵਿਭਾਗ ਵੱਲੋਂ ਨੋਟਿਸ ਜਾਰੀ
ਯਾਦਵ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਵਿੱਤੀ ਮਦਦ ਦੀ ਲੋੜ ਹੋਵੇਗੀ ਉਹ ਮੁਹੱਈਆ ਕਰਵਾਈ ਜਾਵੇਗੀ। ਆਈ. ਏ. ਐੱਸ. ਅਧਿਕਾਰੀ ਬਸੰਤ ਗਰਗ ਨੇ ਖੇਤੀਬਾੜੀ ਵਿਭਾਗ ਨੂੰ ਆਉਣ ਵਾਲੇ ਸੀਜ਼ਨ ਲਈ ਤਿਆਰੀ ਕਰਨ, ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾਉਣ, ਖੁਰਾਕ ਸਪਲਾਈ ਵਿਭਾਗ ਨੂੰ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਅਤੇ ਜ਼ਰੂਰੀ ਵਸਤੂਆਂ ਦੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਡੀ. ਸੀ. ਸਾਕਸ਼ੀ ਸਾਹਨੀ ਨੇ ਕਿਹਾ ਕਿ ਉਨ੍ਹਾਂ ਖੇਤਰਾਂ ਵਿਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕ ਆਸਾਨੀ ਨਾਲ ਪਹੁੰਚ ਸਕਦੇ ਹਨ। ਇਹ ਕੈਂਪ 24 ਘੰਟੇ ਕੰਮ ਕਰਨਗੇ। ਪਸ਼ੂਆਂ ਦੀ ਦੇਖਭਾਲ ਲਈ 20 ਵੈਟਰਨਰੀ ਟੀਮਾਂ ਬਣਾਈਆਂ ਗਈਆਂ ਹਨ।
ਇਹ ਵੀ ਪੜ੍ਹੋ-ਹੜ੍ਹਾਂ ਦਾ ਬੇਹੱਦ ਖੌਫਨਾਕ ਮੰਜਰ: ਪਾਣੀ ਸੁੱਕਣ ਮਗਰੋਂ ਵੀ ਲੀਹਾਂ ’ਤੇ ਨਹੀਂ ਆਵੇਗੀ ਲੱਖਾਂ ਲੋਕਾਂ ਦੀ ਜ਼ਿੰਦਗੀ
11 ਮੈਡੀਕਲ ਟੀਮਾਂ 24 ਘੰਟੇ ਕਰਨਗੀਆਂ ਕੰਮ, ਸੱਪ ਦੇ ਡੰਗ ਤੋਂ ਲੈ ਕੇ ਹਰ ਇਲਾਜ ਮੁਫ਼ਤ
ਏ. ਡੀ. ਸੀ. ਰੋਹਿਤ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ 11 ਮੈਡੀਕਲ ਕੈਂਪ ਲਗਾਏ ਗਏ ਹਨ, ਜੋ 24 ਘੰਟੇ ਕੰਮ ਕਰਨਗੇ। ਇਨ੍ਹਾਂ ਕੈਂਪਾਂ ਵਿਚ ਸੱਪ ਦੇ ਡੰਗ ਸਮੇਤ ਹਰ ਕਿਸਮ ਦੀ ਬੀਮਾਰੀ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਇਹ ਕੈਂਪ ਘੋਨੇਵਾਲਾ, ਮਾਛੀਵਾੜੀ, ਪ੍ਰਾਇਮਰੀ ਹੈਲਥ ਸੈਂਟਰ ਰਮਦਾਸ, ਗੁਰੂਦੁਆਰਾ ਕੋਟ ਰਜਾਦਾ, ਹੈਲਥ ਐਂਡ ਵੈਲਨੈੱਸ ਕਲੀਨਿਕ ਕੋਟ ਰਜਾਦਾ, ਹੈਲਥ ਐਂਡ ਵੈਲਨੈੱਸ ਕਲੀਨਿਕ ਸੂਫੀਆ, ਜਗਦੇਵ ਖੁਰਦ, ਪ੍ਰਾਇਮਰੀ ਹੈਲਥ ਸੈਂਟਰ ਸੁਧਾਰ, ਗੁਰੂਦੁਆਰਾ ਧਨਾਈ, ਗੁਰੂਦੁਆਰਾ ਥੋਬਾ, ਫੋਕਲ ਪੁਆਇੰਟ ਚਮਿਆਰੀ, ਹਰਦੁਖੁਰਦ ਰੋਡ, ਸਿਵਲ ਹਸਪਤਾਲ ਅਜਨਾਲਾ ਅਤੇ ਕੋਟ ਮੌਲੀ ਵਿਚ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ: ਸਰਕਾਰੀ ਸਕੂਲਾਂ 'ਚ ਦਾਖਲਿਆਂ ਦੀ ਵੱਡੀ ਗਿਰਾਵਟ, ਅੰਕੜੇ ਕਰ ਦੇਣਗੇ ਹੈਰਾਨ
ਸੱਕੀ ਨਾਲਾ ਅਜੇ ਵੀ ਓਵਰਫਲੋਅ
ਜਿੱਥੇ ਜ਼ਿਲਾ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਮੁਹਿੰਮ ਸ਼ੁਰੂ ਕੀਤੀ ਹੈ, ਖ਼ਤਰਾ ਅਜੇ ਵੀ ਮੰਡਰਾ ਰਿਹਾ ਹੈ। ਜਾਣਕਾਰੀ ਅਨੁਸਾਰ ਅਜਨਾਲਾ ਦਾ ਸੱਕੀ ਨਾਲਾ ਅਜੇ ਵੀ ਓਵਰਫਲੋਅ ਹੋ ਰਿਹਾ ਹੈ। ਇਸ ਵਿਚ ਵੀ ਤਰੇੜਾਂ ਦਾ ਖ਼ਤਰਾ ਹੈ, ਜੇਕਰ ਕਿਸੇ ਵੀ ਕੋਨੇ ਵਿਚ ਦਰਾੜ ਦਿਖਾਈ ਦਿੰਦੀ ਹੈ ਤਾਂ ਇਸ ਨਾਲ ਲੱਗਦੇ ਪਿੰਡ ਪ੍ਰਭਾਵਿਤ ਹੋ ਸਕਦੇ ਹਨ। ਸੱਕੀ ਨਾਲੇ ਬਾਰੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਹ ਨਾਲਾ ਪਹਿਲਾਂ 200 ਫੁੱਟ ਚੌੜਾ ਸੀ ਪਰ ਨਾਜਾਇਜ਼ ਕਬਜ਼ਿਆਂ ਕਾਰਨ ਇਹ ਸਿਰਫ਼ 50 ਫੁੱਟ ਚੌੜਾ ਰਹਿ ਗਿਆ ਹੈ, ਜਿਸ ਕਾਰਨ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ।
ਖਾਣ-ਪੀਣ ਦੀਆਂ ਵਸਤੂਆਂ, ਐਂਬੂਲੈਂਸਾਂ ਅਤੇ ਪਸ਼ੂਆਂ ਦੇ ਚਾਰੇ ਦੀ ਮਦਦ ਕਰਨ ਵਾਲਿਆਂ ਦੀ ਹੋੜ
ਇਕ ਪਾਸੇ ਜਿੱਥੇ ਹੜ੍ਹ ਦੇ ਪਾਣੀ ਨੇ ਭਾਰੀ ਨੁਕਸਾਨ ਕੀਤਾ ਹੈ, ਉੱਥੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬੀ ਦੁਨੀਆ ਭਰ ਵਿਚ ਲੋਕਾਂ ਦੀ ਮਦਦ ਕਰਦੇ ਹਨ ਪਰ ਅੱਜ ਕਿਸੇ ਨੇ ਵੀ ਮਦਦ ਦਾ ਹੱਥ ਨਹੀਂ ਵਧਾਇਆ। ਅਜਿਹੀ ਸਥਿਤੀ ਵਿਚ ਪੰਜਾਬੀ ਪੰਜਾਬੀਆਂ ਦੀ ਮਦਦ ਕਰ ਰਹੇ ਹਨ। ਮਜੀਠਾ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਪੰਜ ਪਿੰਡਾਂ ਨੂੰ ਗੋਦ ਲਿਆ ਹੈ। ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵੱਡੀ ਮਾਤਰਾ ਵਿਚ ਖਾਣ-ਪੀਣ ਦੀਆਂ ਵਸਤੂਆਂ, ਐਂਬੂਲੈਂਸਾਂ, ਦਵਾਈਆਂ, ਪਸ਼ੂਆਂ ਦੇ ਚਾਰੇ ਦੀ ਮਦਦ ਕੀਤੀ ਹੈ। ਗਾਇਕਾ ਸੁਨੰਦਾ ਸ਼ਰਮਾ, ਗਾਇਕ ਇੰਦਰਜੀਤ ਨਿੱਕੂ ਅਤੇ ਦਰਜਨਾਂ ਹੋਰ ਗਾਇਕ ਮਦਦ ਲਈ ਅੱਗੇ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8