ਗੁਰਦਾਸਪੁਰ: ਹੜ੍ਹ ਪ੍ਰਭਾਵਿਤ ਖੇਤਰਾਂ ’ਚ 3 ਗਰਭਵਤੀ ਮਹਿਲਾਵਾਂ ਦਾ ਸਿਹਤ ਵਿਭਾਗ ਨੇ ਕੀਤਾ ਰੈਸਕਿਊ

Saturday, Aug 30, 2025 - 02:40 PM (IST)

ਗੁਰਦਾਸਪੁਰ: ਹੜ੍ਹ ਪ੍ਰਭਾਵਿਤ ਖੇਤਰਾਂ ’ਚ 3 ਗਰਭਵਤੀ ਮਹਿਲਾਵਾਂ ਦਾ ਸਿਹਤ ਵਿਭਾਗ ਨੇ ਕੀਤਾ ਰੈਸਕਿਊ

ਗੁਰਦਾਸਪੁਰ (ਹਰਮਨ, ਗੋਰਾਇਆ)- ਜ਼ਿਲ੍ਹਾ ਗੁਰਦਾਸਪੁਰ ਦੇ ਰਾਵੀ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਆਏ ਹੜ੍ਹਾਂ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਟੀਮਾਂ ਵੀ ਲਗਾਤਾਰ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ- ਪੰਜਾਬ: ਟੈਕਸ ਜਮ੍ਹਾਂ ਕਰਾਉਣ ਲਈ ਆਖਰੀ ਮੌਕਾ, ਐਤਵਾਰ ਨੂੰ ਵੀ ਖੁੱਲ੍ਹਣਗੇ ਦਫ਼ਤਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪ ਲਗਾਉਣ ਤੋਂ ਇਲਾਵਾ ਪ੍ਰਭਾਵਿਤ ਪਿੰਡਾਂ ਵਿਚ ਵਾਟਰ ਸੈਂਪਲਿੰਗ, ਸਿਹਤ ਜਾਗਰੂਕਤਾ ਅਤੇ ਮਰੀਜ਼ਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋ ਹੁਣ ਤੱਕ 3 ਗਰਭਵਤੀ ਮਾਵਾਂ ਅਤੇ ਸੱਪ ਦੇ ਢੰਗ ਵਾਲੇ 2 ਕੇਸਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ।

ਸਿਵਲ ਸਰਜਨ ਨੇ ਦੱਸਿਆ ਕਿ 30 ਅਗਸਤ ਤੱਕ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਵੱਖ-ਵੱਖ ਥਾਵਾਂ `ਤੇ 52 ਮੈਡੀਕਲ ਕੈਂਪ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਰੂਰਤ ਅਨੁਸਾਰ ਇਨ੍ਹਾਂ ਮੈਡੀਕਲ ਕੈਂਪਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ `ਤੇ 3 ਰੈਪਿਡ ਰਿਸਪਾਂਸ ਟੀਮਾਂ ਬਣਾਈਆਂ ਗਈਆਂ ਹਨ ਜਦਕਿ ਬਲਾਕ ਪੱਧਰ `ਤੇ 19 ਰੈਪਿਡ ਰਿਸਪਾਂਸ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਅਨੁਸਾਰ 38 ਮੋਬਾਈਲ ਮੈਡੀਕਲ ਟੀਮਾਂ ਬਣਾਈਆਂ ਗਈਆਂ ਹਨ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਪਣੀਆਂ ਮੈਡੀਕਲ ਸੇਵਾਵਾਂ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਨੇ ਸੈਂਕੜੇ ਮਰੀਜਾਂ ਨੂੰ ਗੰਭੀਰ ਸਥਿਤੀ ਵਿੱਚੋਂ ਬਚਾਇਆ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ: 323 ਪਿੰਡਾਂ ’ਚ ਤਬਾਹੀ ਮਚਾ ਚੁੱਕੀ ਹੱਦਾਂ ਤੋਂ ਬਾਹਰ ਹੋਈ ਰਾਵੀ, 187 ਪਿੰਡਾਂ ’ਚ ਠੱਪ ਬਿਜਲੀ ਸਪਲਾਈ

ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਦੀਆਂ 6 ਜਦਕਿ 108 ਵਾਲੀਆਂ 17 ਐਂਬੂਲੈਂਸ ਲੋਕਾਂ ਦੀ ਸੇਵਾ ਵਿੱਚ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਮੁਫਤ ਦਿੱਤੀਆ ਜਾ ਰਹੀਆਂ ਹਨ। ਪਾਣੀ ਦੀ ਸੈਂਪਲਿੰਗ ਲਈ ਟੀਮਾਂ ਨੂੰ ਆਨ ਸਪੋਟ ਵਾਟਰ ਟੈਸਟਿੰਗ ਕਿੱਟਾਂ ਦਿੱਤੀਆ ਗਈਆ ਹਨ, ਜਿਸ ਨਾਲ ਮੌਕੇ `ਤੇ ਹੀ ਪੀਣ ਵਾਲੇ ਪਾਣੀ ਦੀ ਗੁਣਵੱਤਾ ਚੈਕ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਹੜ੍ਹਾਂ ਦੀ ਸਥਿਤੀ ਵਿਚਕਾਰ ਮੰਡਰਾਉਣ ਲੱਗਾ ਭਿਆਨਕ ਬੀਮਾਰੀਆਂ ਦਾ ਖ਼ਤਰਾ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਉਨ੍ਹਾਂ ਕਿਹਾ ਕਿ ਮੱਛਰ ਦੇ ਖਾਤਮੇ ਲਈ ਫੌਗਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਨਗਰ ਕੌਂਸਲਾਂ ਕੋਲ 18 ਜਦਕਿ ਸਿਹਤ ਵਿਭਾਗ ਕੋਲ 2 ਫੌਗਿੰਗ ਮਸ਼ੀਨਾਂ ਹਨ, ਜਿਸ ਦੀ ਮਦਦ ਨਾਲ ਵੱਖ-ਵੱਖ ਖੇਤਰਾਂ ਵਿੱਚ ਫੌਗਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੱਛਰ ਤੋਂ ਬਚਾਓ ਲਈ ਕਰੀਮ ਅਤੇ ਧੂਏਂ ਲਈ ਕੋਇਲ ਵੀ ਦਿੱਤੀ ਜਾ ਰਹੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਮੌਜੂਦਾ ਹਾਲਾਤਾਂ ਵਿੱਚ ਡਾਇਰੀਆ ਦੀ ਰੋਕਥਾਮ ਲਈ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਅਤੇ ਸਾਫ਼-ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਹੜ੍ਹ ਵਾਲੇ ਖੇਤਰ ਵਿੱਚ ਓ.ਆਰ.ਐੱਸ. ਦੇ ਪੈਕੇਟ ਵੰਡੇ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਦੇ ਇਸਤੇਮਾਲ ਬਾਰੇ ਦੱਸਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

 


author

Shivani Bassan

Content Editor

Related News