3 ਦਹਾਕਿਆਂ ਬਾਅਦ ਪ੍ਰਧਾਨਗੀ ਦਾ ਸੋਕਾ ਖ਼ਤਮ, ABVP ਤੋਂ ਗੌਰਵ ਹੀ ਯੁਵਾਵੀਰ
Thursday, Sep 04, 2025 - 01:31 PM (IST)

ਚੰਡੀਗੜ੍ਹ (ਰਸ਼ਮੀ/ਸ਼ੀਨਾ) : ਪੰਜਾਬ ਯੂਨੀਵਰਸਿਟੀ ਸਣੇ 9 ਕਾਲਜਾਂ ਵਿਖੇ ਬੁੱਧਵਾਰ ਨੂੰ ਹੋਇਆਂ ਵਿਦਿਆਰਥੀ ਯੂਨੀਅਨ ਚੋਣਾਂ ’ਚ ਵਿਦਿਆਰਥੀਆਂ ਨੇ ਜੰਮ ਕੇ ਉਤਸ਼ਾਹ ਦਿਖਾਇਆ। ਮੀਂਹ ’ਚ ਵੀ ਵਿਦਿਆਰਥੀ ਆਪਣਾ ਲੀਡਰ ਚੁਣਨ ਤੋਂ ਪਿੱਛੇ ਨਹੀਂ ਹਟੇ, ਜਿਸ ਨਾਲ ਪੀ. ਯੂ. ’ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ) ਨੇ ਪ੍ਰਧਾਨ ਦਾ ਅਹੁਦਾ ਜਿੱਤ ਕੇ ਇਤਿਹਾਸ ਰਚ ਦਿੱਤਾ। 33 ਸਾਲਾ ਦਾ ਸੋਕਾ ਖ਼ਤਮ ਕਰਦਿਆਂ ਗੌਰਵਵੀਰ ਸੋਹਲ ਨੇ 3148 ਵੋਟਾਂ ਲੈ ਕੇ ਸਟੂਡੈਂਟ ਫਰੰਟ ਦੇ ਮਨੋਜ ਲੁਬਾਣਾ ਦੇ ਉਮੀਦਵਾਰ ਸੁਮਿਤ ਨੂੰ 488 ਵੋਟਾਂ ਨਾਲ ਹਰਾਇਆ। ਏ. ਬੀ. ਵੀ. ਪੀ. ਤੇ ਸਟੂਡੈਂਟ ਫਰੰਟ ਵਿਚਕਾਰ ਸਖਤ ਟੱਕਰ ਸੀ। ਏ. ਬੀ. ਵੀ. ਪੀ. ਲੰਬੇ ਸਮੇਂ ਤੋਂ ਪ੍ਰਧਾਨਗੀ ਲਈ ਸੰਘਰਸ਼ ਕਰ ਰਹੀ ਸੀ।
2024 ’ਚ ਜੁਆਇੰਟ ਸੈਕਟਰੀ ਦਾ ਅਹੁਦਾ ਛੱਡ ਦਈਏ ਤਾਂ ਇਸ ਤੋਂ ਪਹਿਲਾਂ ਕਈ ਚੋਣਾਂ ਲੜੀਆਂ, ਗਠਜੋੜ ਕੀਤਾ ਪਰ ਪ੍ਰਧਾਨ ਦੀ ਸੀਟ ਜਿੱਤ ਨਹੀਂ ਸਕੀ। ਫਸਟ ਰਨਰਅੱਪ ’ਚ ਹਰੀਸ਼ ਗੁੱਜਰ, 2019-20 ’ਚ ਪਾਰਸ ਰਤਨ, 2018-19 ’ਚ ਆਸ਼ੀਸ਼ ਰਾਣਾ, 2016-17 ’ਚ ਪੀਯੂਸ਼ ਆਨੰਦ, 2015-16 ’ਚ ਬਲਜਿੰਦਰ ਸਿੰਘ ਰਹੇ ਸਨ। ਸੋਹਲ ਨੇ ਜਿੱਤ ਦਾ ਸਿਹਰਾ ਟੀਮ ਦੀ ਅਣਥੱਕ ਕੋਸ਼ਿਸ਼ ਤੇ ਮਿਹਨਤ ਨੂੰ ਦਿੱਤਾ ਹੈ। 16,188 ਵੋਟਰਾਂ ’ਚੋਂ 60 ਫ਼ੀਸਦੀ ਵਿਦਿਆਰਥੀਆਂ ਨੇ ਵੋਟਿੰਗ ਕੀਤੀ। ਉਪ ਪ੍ਰਧਾਨ ’ਤੇ ਸੱਥ ਨੇ ਸਿੱਕਾ ਚਮਕਾਇਆ।
ਅਸ਼ਮੀਤ ਸਿੰਘ (3478) ਨੇ 650 ਵੋਟਾਂ ਨਾਲ ਏ. ਬੀ. ਵੀ. ਪੀ. ਫਰੰਟ ਦੇ ਨਵੀਨ ਕੁਮਾਰ ਨੂੰ ਹਰਾਇਆ। ਨਵੀਨ ਕੁਮਾਰ ਨੂੰ 2828 ਵੋਟਾਂ ਪਈਆਂ। ਪਿਛਲੇ ਸਾਲ ਵੀ ਸੱਥ ਨੇ ਵੀ ਇਸ ਅਹੁਦੇ ’ਤੇ ਕਬਜ਼ਾ ਕੀਤਾ ਸੀ। ਸੈਕਟਰੀ ਲਈ ਅਭਿਸ਼ੇਕ ਡਾਗਰ ਨੇ 3438 ਵੋਟਾਂ ਹਾਸਲ ਕਰ ਕੇ 722 ਵੋਟਾਂ ਨਾਲ ਇਨਸੋ ਦੇ ਵਿਸ਼ੇਸ਼ ਨੂੰ ਮਾਤ ਦਿੱਤੀ। ਪਿਛਲੇ ਕੁਝ ਸਾਲਾਂ ਤੋਂ ਇਸ ਅਹੁਦੇ ’ਤੇ ਇਨਸੋ ਜਿੱਤ ਹਾਸਲ ਕਰ ਰਿਹਾ ਸੀ, ਪਰ ਇਸ ਵਾਰ ਇਨਸੋ ਹੱਥੋਂ ਸੀਟ ਨਿਕਲ ਗਈ।