ਮੈਟਰੀਮੋਨੀਅਲ ਕੰਪਨੀ ਨੇ ਪਸੰਦੀਦਾ ਵਰ ਨਹੀਂ ਲੱਭਿਆ, ਫੋਰਮ ਨੇ ਠੋਕਿਆ ਜੁਰਮਾਨਾ

10/18/2019 5:20:26 PM

ਚੰਡੀਗੜ੍ਹ (ਰਾਜਿੰਦਰ) : ਮੈਟਰੀਮੋਨੀਅਲ ਕੰਪਨੀ 'ਵੈਡਿੰਗ ਵਿਸ਼' ਨੇ ਵਾਅਦੇ ਅਨੁਸਾਰ ਬੇਟੀ ਲਈ ਪਸੰਦੀਦਾ ਵਰ ਨਹੀਂ ਲੱਭਿਆ, ਜਿਸ ਕਾਰਨ ਖਪਤਕਾਰ ਫੋਰਮ ਨੇ ਕੰਪਨੀ ਨੂੰ ਸੇਵਾ 'ਚ ਕਸਰ ਦਾ ਦੋਸ਼ੀ ਪਾਇਆ ਹੈ। ਫੋਰਮ ਨੇ ਕੰਪਨੀ ਨੂੰ 9 ਫ਼ੀਸਦੀ ਵਿਆਜ ਦਰ ਨਾਲ 50 ਹਜ਼ਾਰ ਰੁਪਏ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਮਾਨਸਿਕ ਪੀੜਾ ਅਤੇ ਪ੍ਰੇਸ਼ਾਨੀ ਲਈ 7 ਹਜ਼ਾਰ ਰੁਪਏ ਮੁਆਵਜ਼ਾ ਅਤੇ 5 ਹਜ਼ਾਰ ਰੁਪਏ ਮੁਕੱਦਮਾ ਖਰਚ ਵੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਹੁਕਮਾਂ ਦੀ ਕਾਪੀ ਮਿਲਣ 'ਤੇ 30 ਦਿਨਾਂ ਅੰਦਰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ। ਇਹ ਹੁਕਮ ਜ਼ਿਲਾ ਖਪਤਕਾਰ ਵਿਵਾਦ ਨਿਵਾਰਨ ਫੋਰਮ-2 ਨੇ ਜਾਰੀ ਕੀਤੇ।

ਕੰਪਨੀ ਨੇ ਕੀਤਾ ਸੀ ਕਈ ਪ੍ਰੋਫਾਈਲਜ਼ ਹੋਣ ਦਾ ਦਾਅਵਾ :
ਮੋਹਾਲੀ ਨਿਵਾਸੀ ਸੁਰਿੰਦਰ ਪਾਲ ਸਿੰਘ ਨੇ ਫੋਰਮ 'ਚ ਵੈਡਿੰਗ ਵਿਸ਼ ਪ੍ਰਾਈਵੇਟ ਲਿਮਟਿਡ, ਸੈਕਟਰ-36 ਡੀ ਚੰਡੀਗੜ੍ਹ ਅਤੇ ਉਸ ਦੇ ਮੈਨੇਜਿੰਗ ਡਾਇਰੈਕਟਰ ਖਿਲਾਫ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਨੌਰੀਨ ਚਹਿਲ ਲਈ ਵਰ ਲੱਭਣ ਲਈ ਸਮਾਚਾਰ ਪੱਤਰਾਂ 'ਚ ਇਸ਼ਤਿਹਾਰ ਦਿੱਤਾ। ਇਸ ਤੋਂ ਬਾਅਦ ਹੀ ਉਕਤ ਕੰਪਨੀ ਨੇ ਉਨ੍ਹਾਂ ਨੂੰ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਸਬੰਧਿਤ ਖੇਤਰ 'ਚ ਹੀ ਡੀਲ ਕਰਦੇ ਹਨ ਅਤੇ ਉਨ੍ਹਾਂ ਕੋਲ ਵਰਾਂ ਦੀਆਂ ਕਾਫ਼ੀ ਪ੍ਰੋਫਾਈਲਜ਼ ਹਨ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਬੇਟੀ ਨੇ 26 ਸਤੰਬਰ, 2017 ਨੂੰ ਕੰਪਨੀ ਦੇ ਨਾਲ ਸਰਵਿਸ ਐਗਰੀਮੈਂਟ ਕੀਤਾ। ਇਸ ਲਈ ਉਨ੍ਹਾਂ ਨੇ 50 ਹਜ਼ਾਰ ਰੁਪਏ ਅਦਾ ਕੀਤੇ ਅਤੇ ਉਨ੍ਹਾਂ ਨੂੰ ਰਾਇਲ ਮੈਂਬਰ ਦੀ ਕੈਟਾਗਿਰੀ 'ਚ ਰਜਿਸਟਰਡ ਕੀਤਾ ਅਤੇ ਉਨ੍ਹਾਂ ਨੂੰ ਮੈਂਬਰਸ਼ਿਪ ਆਈ. ਡੀ. ਜਾਰੀ ਕਰ ਦਿੱਤੀ। ਸ਼ਿਕਾਇਤਕਰਤਾ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਲਾੜਾ ਕਾਸਟ ਤੋਂ ਜੱਟ ਹੋਣਾ ਚਾਹੀਦਾ ਹੈ ਅਤੇ ਪੇਸ਼ੇ ਤੋਂ ਡਾਕਟਰ ਹੋਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਬੇਟੀ ਵੀ ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ 'ਚ ਸਰਕਾਰੀ ਡਾਕਟਰ (ਐੱਮ. ਓ.) ਹੈ।

ਯੋਗ ਮੈਚ ਪ੍ਰਦਾਨ ਕਰਨ 'ਚ ਅਸਫਲ ਰਹੇ :
ਕੰਪਨੀ ਨੇ ਐਗਰੀਮੈਂਟ ਤਹਿਤ ਉਨ੍ਹਾਂ ਦੀ ਸਾਰੀਆਂ ਲੋੜਾਂ ਨੂੰ 9 ਮਹੀਨਿਆਂ ਦੇ ਅੰਦਰ 18 ਪ੍ਰੋਫਾਈਲਜ਼ ਅਪਲੋਡ ਕਰ ਕੇ ਪੂਰਾ ਕਰਨ ਦਾ ਭਰੋਸਾ ਦਿੱਤਾ। ਹਾਲਾਂਕਿ ਕੰਪਨੀ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਪ੍ਰੋਫਾਈਲਜ਼ ਪੂਰੀਆਂ ਵੱਖ ਸੀ ਅਤੇ ਉਹ ਸ਼ਿਕਾਇਤਕਰਤਾ ਦੀਆਂ ਜ਼ਰੂਰਤਾਂ ਅਨੁਸਾਰ ਮੈਚ ਨਹੀਂ ਕੀਤੀਆਂ, ਜੋ ਪ੍ਰੋਫਾਈਲਜ਼ ਪ੍ਰਦਾਨ ਕੀਤੀਆਂ ਗਈਆਂ ਜਾਂ ਤਾਂ ਉਹ ਮਾਂਗਲਿਕ ਸਨ ਜਾਂ ਫਿਰ ਡਾਕਟਰ ਨਹੀਂ ਸਨ ਜਾਂ ਫਿਰ ਟ੍ਰਾਈਸਿਟੀ ਤੋਂ ਕਾਫ਼ੀ ਦੂਰ ਸਨ। ਕੰਪਨੀ ਨੂੰ ਕੰਮ ਸੌਖਾ ਬਣਾਉਣ ਲਈ ਸ਼ਿਕਾਇਤਕਰਤਾ ਨੇ ਇਹ ਵੀ ਛੋਟ ਦੇ ਦਿੱਤੀ ਕਿ ਉਹ ਚੰਡੀਗੜ੍ਹ ਤੋਂ 60 ਕਿਲੋਮੀਟਰ ਦੇ ਏਰੀਏ 'ਚ ਵੀ ਕੋਈ ਵਰ ਲੱਭ ਦੇਣ ਪਰ ਬਾਵਜੂਦ ਇਸ ਦੇ ਉਹ ਪ੍ਰਾਪਰ ਮੈਚ ਪ੍ਰਦਾਨ ਕਰਨ 'ਚ ਅਸਫਲ ਰਹੇ। ਕੰਪਨੀ ਤੋਂ ਤੰਗ ਹੋ ਕੇ ਉਨ੍ਹਾਂ ਨੇ ਐਗਰੀਮੈਂਟ ਟਰਮੀਨੇਟ ਕਰ ਦਿੱਤਾ ਅਤੇ ਉਨ੍ਹਾਂ ਨੂੰ ਲੀਗਲ ਨੋਟਿਸ ਭੇਜ ਕੇ ਰਾਸ਼ੀ ਰੀਫੰਡ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ, ਜਿਸਦੇ ਚਲਦੇ ਹੀ ਇਸ ਸਬੰਧ 'ਚ ਫੋਰਮ 'ਚ ਸ਼ਿਕਾਇਤ ਦਿੱਤੀ ਗਈ। ਕੰਪਨੀ ਨੇ ਫੋਰਮ 'ਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੇਵਾ 'ਚ ਕੋਈ ਕੋਤਾਹੀ ਨਹੀਂ ਵਰਤੀ।
 


Anuradha

Content Editor

Related News