ਕਾਰ ਨਾ ਲਿਆਉਣ ''ਤੇ ਦਾਜ ਦੀ ਬਲੀ ਚੜ੍ਹੀ ਵਿਆਹੁਤਾ, ਪੱਖੇ ਨਾਲ ਲਟਕਦੀ ਮਿਲੀ ਲਾਸ਼
Monday, Dec 21, 2020 - 03:06 PM (IST)
ਮਾਛੀਵਾੜਾ ਸਾਹਿਬ (ਟੱਕਰ) : ਵਿਆਹ ’ਚ ਦਾਜ ਘੱਟ ਲਿਆਉਣ ਕਾਰਣ ਕੁੜੀਆਂ ਸਹੁਰਿਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੀਆਂ ਆ ਰਹੀਆਂ ਹਨ। ਇਸ ਤਰ੍ਹਾਂ ਦਾ ਇੱਕ ਮਾਮਲਾ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਚੌਂਤਾ ’ਚ ਦੇਖਣ ਨੂੰ ਮਿਲਿਆ, ਜਿੱਥੇ ਵਿਆਹੁਤਾ ਰਾਜਵਿੰਦਰ ਕੌਰ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ, ਜਦੋਂ ਕਿ ਉਸ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਦਾਜ ’ਚ ਕਾਰ ਨਾ ਲਿਆਉਣ ਕਾਰਣ ਮ੍ਰਿਤਕਾ ਦੇ ਪਤੀ ਜੰਗ ਸਿੰਘ ਉਰਫ਼ ਹਾਕਮ ਨੇ ਉਸ ਦਾ ਗਲ ਘੁੱਟ ਕੇ ਕਤਲ ਕੀਤਾ ਹੈ।
ਦਾਜ ਦੀ ਬਲੀ ਚੜ੍ਹੀ ਵਿਆਹੁਤਾ ਰਾਜਵਿੰਦਰ ਕੌਰ ਦੇ ਪਿਤਾ ਕਰਨੈਲ ਸਿੰਘ ਵਾਸੀ ਬ੍ਰਹਮਪੁਰੀ (ਫਿਲੌਰ) ਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਆਪਣੀ ਧੀ ਦਾ ਵਿਆਹ 2017 ’ਚ ਪਿੰਡ ਚੌਂਤਾ ਦੇ ਜੰਗ ਸਿੰਘ ਨਾਲ ਕੀਤਾ ਸੀ ਅਤੇ ਸਮਰੱਥਾ ਅਨੁਸਾਰ ਦਾਜ ਵੀ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ ਵਿਆਹ ’ਚ ਦਾਜ ਘੱਟ ਅਤੇ ਕਾਰ ਨਾ ਲਿਆਉਣ ਕਾਰਣ ਅਕਸਰ ਉਨ੍ਹਾਂ ਦੀ ਧੀ ਰਾਜਵਿੰਦਰ ਕੌਰ ਦਾ ਪਤੀ, ਸਹੁਰਾ, ਸੱਸ ਤੇ ਨਨਾਣ ਉਸ ਨੂੰ ਤੰਗ-ਪਰੇਸ਼ਾਨ ਕਰਕੇ ਤਾਹਨੇ ਵੀ ਮਾਰਦੇ ਰਹਿੰਦੇ ਸਨ, ਜਿਸ ਲਈ 2 ਵਾਰ ਪੰਚਾਇਤ ਵੀ ਇਕੱਤਰ ਹੋਈ।
ਇਹ ਵੀ ਪੜ੍ਹੋ : ਕਿਸਾਨ ਮੋਰਚੇ 'ਚ ਬੀਮਾਰ ਹੋਏ ਖੇਤ-ਮਜ਼ਦੂਰ ਦੀ ਮੌਤ, ਬੀਮਾਰੀ ਕਾਰਨ ਧਰਨਾ ਛੱਡ ਪਰਤਿਆ ਸੀ ਪਿੰਡ
ਪਿਤਾ ਕਰਨੈਲ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਦਾ ਪਤੀ ਤੇ ਸਹੁਰਾ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਕਾਰ ਦੀ ਮੰਗ ਕਰ ਰਹੇ ਸਨ, ਜਿਸ ਕਾਰਣ ਅਕਸਰ ਘਰ ’ਚ ਕਲੇਸ਼ ਰਹਿੰਦਾ ਸੀ ਅਤੇ ਲੰਘੀ 20 ਦਸੰਬਰ ਦੀ ਰਾਤ ਨੂੰ ਪਤੀ-ਪਤਨੀ ਦੋਹਾਂ ਵਿਚਕਾਰ ਝਗੜਾ ਵੀ ਹੋਇਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 21 ਦਸੰਬਰ ਨੂੰ ਸਵੇਰੇ 6 ਵਜੇ ਧੀ ਰਾਜਵਿੰਦਰ ਕੌਰ ਦੇ ਸਹੁਰੇ ਪਰਿਵਾਰ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਹੈ, ਜਿਸ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ, ਜਦੋਂ ਕਿ ਵਿਆਹ ਦੌਰਾਨ ਘੱਟ ਦਾਜ ਤੇ ਹੁਣ ਕਾਰ ਦੀ ਮੰਗ ਨਾ ਪੂਰੀ ਹੋਣ ’ਤੇ ਉਸ ਦਾ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ ਦੇ DC ਗਿਰੀਸ਼ ਦਿਆਲਨ ਨੂੰ ਹੋਇਆ 'ਕੋਰੋਨਾ', ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੂੰਮਕਲਾਂ ਦੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਵੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਨ ਉਪਰੰਤ ਮ੍ਰਿਤਕਾ ਦੇ ਪਤੀ ਜੰਗ ਸਿੰਘ, ਸਹੁਰਾ ਦਿਲਬਾਰਾ ਸਿੰਘ, ਸੱਸ ਕੁਲਦੀਪ ਕੌਰ, ਨਨਾਣ ਮਨਪ੍ਰੀਤ ਕੌਰ ਖ਼ਿਲਾਫ਼ ਧਾਰਾ-306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ : ਦਾਜ ਦੇ ਲਾਲਚੀ ਸਹੁਰਿਆਂ ਵੱਲੋਂ ਕੁੜੀਆਂ ਨਾਲ ਕੀਤੇ ਜਾਂਦੇ ਜ਼ੁਲਮਾਂ ਬਾਰੇ ਸਾਂਝੀ ਕਰੋ ਆਪਣੀ ਰਾਏ