ਵਿਆਹੁਤਾ ਦੀ ਹੱਤਿਆ ਕਰਨ ਦੇ ਦੋਸ਼ ''ਚ ਸਹੁਰਾ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ ਕੇਸ ਦਰਜ

03/04/2018 4:12:58 PM

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) : ਇਕ ਵਿਅਹੁਤਾ ਵਲੋਂ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਉਸ ਦੀ ਹੱਤਿਆ ਕਰਨ 'ਤੇ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਖਿਲਾਫ ਥਾਣਾ ਲਹਿਰਾ 'ਚ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਜੈਲ ਪੋਸਟ ਚੋਟੀਆਂ ਦੇ ਇੰਚਾਰਜ ਥਾਣੇਦਾਰ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਮੁਦਈ ਅਵਤਾਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗੋਬਿੰਦਪੁਰਾ ਪੈਂਦ ਥਾਣਾ ਸ਼ੁਤਰਾਣਾ ਜ਼ਿਲਾ ਪਟਿਆਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੀ ਭੈਣ ਹਰਪ੍ਰੀਤ ਕੌਰ (25) ਪਤਨੀ ਬਲਿਹਾਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਕਾਲੀਆ ਨਾਲ ਕਰੀਬ 6 ਸਾਲ ਪਹਿਲਾਂ ਵਿਆਹੀ ਸੀ ਜਿਸ ਕੋਲ ਇਕ ਚਾਰ ਸਾਲ ਦਾ ਬੇਟਾ ਵੀ ਹੈ। ਵਿਆਹ ਦੇ ਕੁਝ ਸਮੇਂ ਬਾਅਦ ਹੀ ਮੁਦਈ ਦੀ ਭੈਣ ਹਰਪ੍ਰੀਤ ਕੌਰ ਨੂੰ ਸਹੁਰਾ ਪਰਿਵਾਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗਾ।
3 ਮਾਰਚ ਨੂੰ ਸਵੇਰੇ ਕਰੀਬ 7.30 ਵਜੇ ਮੁਦਈ ਦੇ ਜੀਜਾ ਬਲਿਹਾਰ ਸਿੰਘ ਦੇ ਭਰਾ ਦੀਪਾ ਸਿੰਘ ਦਾ ਫੋਨ ਆਇਆ ਕਿ ਹਰਪ੍ਰੀਤ ਕੌਰ ਪੌੜੀਆਂ ਤੋਂ ਡਿੱਗ ਗਈ ਹੈ ਜਿਸ ਨੂੰ ਅਟੈਕ ਆ ਗਿਆ ਸੀ। ਅਟੈਕ ਆਉਣ ਕਾਰਨ ਹਰਪ੍ਰੀਤ ਕੌਰ ਦੀ ਮੌਤ ਹੋ ਗਈ ਹੈ। ਜਦੋਂ ਉਹ ਪਿੰਡ ਦੇ ਪਤਵੰਤੇ ਵਿਅਕਤੀਆਂ ਸਮੇਤ ਪਿੰਡ ਕਾਲੀਆ ਆਪਣੀ ਭੈਣ ਹਰਪ੍ਰੀਤ ਕੌਰ ਦੇ ਘਰ ਪਹੁੰਚੇ ਅਤੇ ਹਰਪ੍ਰੀਤ ਕੌਰ ਦੀ ਮ੍ਰਿਤਕ ਦੇਹ ਤੋਂ ਕੱਪੜਾ ਲਾਹ ਕੇ ਦੇਖਿਆ ਤਾਂ ਉਸ ਦੇ ਗਲ 'ਤੇ ਸੱਟਾਂ ਲੱਗੀਆਂ ਹੋਈਆਂ ਸਨ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਸੀ ਕਿ ਹਰਪ੍ਰੀਤ ਨੂੰ ਗਲਾ ਘੁੱਟ ਕੇ ਜਾਨੋ ਮਾਰ ਦਿੱਤਾ ਗਿਆ ਹੈ।
ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਬਲਿਹਾਰ ਸਿੰਘ, ਦੀਪਾ ਸਿੰਘ ਪੁੱਤਰ ਭਗਵਾਨ ਸਿੰਘ, ਭਗਵਾਨ ਸਿੰਘ ਪੁੱਤਰ ਅਜਮੇਰ ਸਿੰਘ, ਬਲਜਿੰਦਰ ਕੌਰ ਪਤਨੀ ਭਗਵਾਨ ਸਿੰਘ ਵਾਸੀ ਕਾਲੀਆ ਅਤੇ ਅਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਪੁੱਤਰ ਭਗਵਾਨ ਸਿਘ ਵਾਸੀ ਅਕਬਰਪੁਰਾ ਖੁਡਾਲ ਥਾਣਾ ਬਰੇਟਾ ਜ਼ਿਲਾ ਮਾਨਸਾ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News