ਵਿਆਹੁਤਾ ਔਰਤ ਨੇ ਲਗਾਇਆ ਵਿਅਕਤੀ ’ਤੇ ਜਬਰ-ਜ਼ਿਨਾਹ ਦਾ ਦੋਸ਼

Friday, Jul 14, 2023 - 06:20 PM (IST)

ਵਿਆਹੁਤਾ ਔਰਤ ਨੇ ਲਗਾਇਆ ਵਿਅਕਤੀ ’ਤੇ ਜਬਰ-ਜ਼ਿਨਾਹ ਦਾ ਦੋਸ਼

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਜੋ ਦੋ ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ, ਨੇ ਪਿੰਡ ਕੋਟਲਾ ਰਾਏਕਾ ਨਿਵਾਸੀ ਇਕ ਵਿਅਕਤੀ ’ਤੇ ਉਸ ਨਾਲ ਜ਼ਬਰੀ ਡਰਾ ਧਮਕਾ ਕੇ ਕਈ ਸਾਲ ਤੱਕ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਦੋਸ਼ੀ ਜਗਦੀਸ਼ ਸਿੰਘ ਉਰਫ ਦੀਸ਼ਾ ਬਰਾੜ ਨਿਵਾਸੀ ਪਿੰਡ ਕੋਟਲਾ ਰਾਏਕਾ ਖ਼ਿਲਾਫ ਥਾਣਾ ਸਦਰ ਮੋਗਾ ਵਿਚ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤ ਔਰਤ ਨੇ ਕਿਹਾ ਕਿ ਕਥਿਤ ਦੋਸ਼ੀ ਜੋ ਸਾਡਾ ਰਿਸ਼ਤੇਦਾਰ ਵੀ ਲੱਗਦਾ ਹੈ, ਕਰੀਬ 10-11 ਸਾਲ ਪਹਿਲਾਂ ਵੋਟਾਂ ਸਮੇਂ ਸਾਡੇ ਘਰ ਆਇਆ ਸੀ, ਜਿਸ ਕੋਲੋਂ ਇਕ ਲੜਾਈ-ਝਗੜੇ ਦੌਰਾਨ ਗੋਲੀ ਚੱਲ ਗਈ ਸੀ ਅਤੇ ਇਸ ਉਪਰੰਤ ਅਸੀਂ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ ਪਰ ਬਾਅਦ ਵਿਚ ਉਸਦਾ ਜੀਜਾ ਸਾਡੇ ਘਰ ਛੱਡ ਗਿਆ, ਜੋ 10-11 ਸਾਲ ਸਾਡੇ ਘਰ ਰਿਹਾ।

ਪੀੜਤਾ ਨੇ ਕਿਹਾ ਕਿ ਉਸ ਨੇ 3 ਸਾਲ ਦੇ ਬਾਅਦ ਮੇਰੇ ਪਤੀ ਦੀ ਗੈਰ ਹਾਜ਼ਰੀ ’ਚ ਧੱਕੇ ਨਾਲ ਮੇਰੇ ਨਾਲ ਸਰੀਰਕ ਸਬੰਧ ਬਣਾਏ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਕਿ ਤੇਰੇ ਪਤੀ ਨੂੰ ਮਾਰ ਦਿਆਂਗੇ। ਇਸ ਦੇ ਬਾਅਦ ਉਹ ਲਗਾਤਾਰ ਮੇਰੇ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਬਾਅਦ ਵਿਚ ਮੈਨੂੰ ਬਲੇਕਮੈਲ ਕਰਕੇ ਪੈਸਿਆਂ ਦੀ ਮੰਗ ਕਰਨ ਲੱਗਾ। ਪੀੜਤ ਨੇ ਕਿਹਾ ਕਿ ਕਥਿਤ ਦੋਸ਼ੀ ਉਸਨੂੰ ਵੱਡੇ ਰਾਜਨੀਤਿਕ ਲੀਡਰਾਂ ਅਤੇ ਪੁਲਸ ਨਾਲ ਸਬੰਧਾਂ ਦੀ ਵੀ ਧਮਕੀ ਦਿੰਦਾ ਸੀ।

ਉਸ ਨੇ ਮੇਰੇ ਮਕਾਨ ’ਤੇ ਕਬਜ਼ਾ ਲੈ ਕੇ ਕਾਰ ਵੀ ਲੈ ਲਈ ਸੀ ਪਰ ਕਿਸ਼ਤਾਂ ਨਹੀਂ ਮੋੜੀਆਂ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਐੱਸ. ਪੀ. ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ, ਜਾਂਚ ਤੋਂ ਬਾਅਦ ਕਾਨੂੰਨੀ ਰਾਏ ਹਾਸਲ ਕਰਨ ਉਪਰੰਤ ਕਥਿਤ ਦੋਸ਼ੀ ਖਿਲਾਫ ਉਕਤ ਮਾਮਲਾ ਦਰਜ ਕੀਤਾ ਗਿਆ। ਜਾਂਚ ਸਮੇਂ ਕਥਿਤ ਦੋਸ਼ੀ ਜਗਦੀਸ਼ ਸਿੰਘ ਦੀਸ਼ਾ ਬਰਾੜ ਨੇ ਕਿਹਾ ਕਿ ਮੇਰੇ ’ਤੇ ਜੋ ਦੋਸ਼ ਜਬਰ-ਜ਼ਨਾਹ ਦੇ ਲਗਾਏ ਜਾ ਰਹੇ ਹਨ ਉਹ ਝੂਠੇ ਅਤੇ ਬੇਬੁਨਿਆਦ ਹਨ। ਮੇਰਾ ਅਕਸ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਦਕਿ ਕੋਈ ਸੱਚਾਈ ਨਹੀਂ ਹੈ।


author

Gurminder Singh

Content Editor

Related News