ਸ਼ੱਕੀ ਹਾਲਾਤ ''ਚ ਮਰੀ ਨਵ-ਵਿਆਹੁਤਾ ਦੇ ਪਰਿਵਾਰ ਨੇ ਸਿਵਲ ਹਸਪਤਾਲ ਬਾਹਰ ਦਿੱਤਾ ਧਰਨਾ

Saturday, Sep 11, 2021 - 04:07 PM (IST)

ਸ਼ੱਕੀ ਹਾਲਾਤ ''ਚ ਮਰੀ ਨਵ-ਵਿਆਹੁਤਾ ਦੇ ਪਰਿਵਾਰ ਨੇ ਸਿਵਲ ਹਸਪਤਾਲ ਬਾਹਰ ਦਿੱਤਾ ਧਰਨਾ

ਸੁਲਤਾਨਪੁਰ ਲੋਧੀ (ਧੀਰ)-ਬੀਤੇ ਦਿਨ ਪਿੰਡ ਸੁਲਤਾਨਪੁਰ ਲੋਧੀ ਰੂਰਲ ਵਿਖੇ ਇਕ ਨਵ-ਵਿਆਹੁਤਾ ਮੁਸਕਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। ਉਸ ਦੇ ਪੇਕੇ ਪਰਿਵਾਰ ਵੱਲੋਂ ਕੁੜੀ ਦੇ ਸਹੁਰਾ ਪਰਿਵਾਰ ’ਤੇ ਕਥਿਤ ਤੌਰ ’ਤੇ ਕਤਲ ਦਾ ਮੁਕੱਦਮਾ ਦਰਜ ਕਰਨ ਅਤੇ ਸਾਰੇ ਪਰਿਵਾਰ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਸਿਵਲ ਹਸਪਤਾਲ ਬਾਹਰ ਧਰਨਾ ਲਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਸਹੁਰਾ ਪਰਿਵਾਰ ਤੇ ਪੁਲਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।

ਬੇਸੁੱਧ ਹੋਈ ਲੜਕੀ ਦੀ ਮਾਂ ਸੀਮਾ ਨੇ ਕਿਹਾ ਕਿ ਉਸ ਨੇ 10 ਮਹੀਨੇ ਪਹਿਲਾਂ ਕੁੜੀ ਦਾ ਵਿਆਹ ਸੰਨੀ ਵਾਸੀ ਰੂਰਲ ਬਸਤੀ ਸੁਲਤਾਨਪੁਰ ਲੋਧੀ ਨਾਲ ਕੀਤਾ ਸੀ। ਉਨ੍ਹਾਂ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ ਪਰ ਕੁੜੀ ਦੇ ਸਹੁਰਾ ਪਰਿਵਾਰ ਵੱਲੋਂ ਵਿਆਹ ਦੇ ਕੁਝ ਸਮੇਂ ਬਾਅਦ ਹੀ ਦਾਜ ਦੀ ਖਾਤਰ ਕੁੱਟਮਾਰ ਕੀਤੀ ਜਾਣ ਲੱਗੀ, ਜਿਸ ਬਾਰੇ ਕਈ ਵਾਰ ਪੰਚਾਇਤ ਵੀ ਹੋਈ। ਉਸ ਨੇ ਦੱਸਿਆ ਕਿ ਉਸ ਦੀ ਕੁੜੀ ਗਰਭਵਤੀ ਸੀ ਫਿਰ ਵੀ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ ਕਥਿਤ ਤੌਰ ’ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਹੁਰਾ ਪਰਿਵਾਰ ਨੇ ਸਿਰਫ਼ ਕੁੜੀ ਹੀ ਨਹੀਂ, ਸਗੋਂ ਉਸ ਦੇ ਪੇਟ ’ਚ ਪਲ ਰਹੇ ਬੱਚੇ ਦੀ ਵੀ ਕਥਿਤ ਤੌਰ ’ਤੇ ਕਤਲ ਕੀਤਾ ਹੈ। ਇਸ ਲਈ 2 ਕਤਲ ਦੇ ਮਾਮਲੇ ਵਿਚ ਪੂਰੇ ਪਰਿਵਾਰ ’ਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ।

ਇਹ ਵੀ ਪੜ੍ਹੋ:  ਜਲੰਧਰ ’ਚ ਵੱਡੀ ਵਾਰਦਾਤ, ਨੌਜਵਾਨ ਦਾ ਕਤਲ ਕਰਕੇ ਖੇਤਾਂ ’ਚ ਸੁੱਟੀ ਲਾਸ਼

PunjabKesari

ਜਦੋਂ ਤਕ ਸਾਨੂੰ ਇਨਸਾਫ਼ ਨਹੀਂ ਮਿਲਦਾ, ਅਸੀਂ ਸੰਸਕਾਰ ਨਹੀਂ ਕਰਾਂਗੇ : ਰਿਸ਼ਤੇਦਾਰ
ਮ੍ਰਿਤਕ ਨਵ-ਵਿਆਹੁਤਾ ਮੁਸਕਾਨ ਦੇ ਰਿਸ਼ਤੇਦਾਰ ਤੇ ਭਰਾ ਨਵੀ ਨੇ ਵੀ ਲੜਕੀ ਦੇ ਸਹੁਰਾ ਪਰਿਵਾਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੀਤੇ ਦਿਨ ਪੁਲਸ ਨੇ ਮੁਸਕਾਨ ਦੀ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਸੀ ਪਰ ਅੱਜ ਪੋਸਟਮਾਰਟਮ ਤੋਂ ਬਾਅਦ ਵੀ ਲੜਕੀ ਦੇ ਸਹੁਰਾ ਪਰਿਵਾਰ ’ਤੇ ਨਾ ਤਾਂ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਕੀਤੀ ਹੈ। ਬੀਤੇ ਦਿਨ ਪੁਲਸ ਨੇ ਸਿਰਫ਼ 306 ਤਹਿਤ ਮਾਮਲਾ ਦਰਜ ਕਰਕੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਮਾਮਲਾ 302 ਤਹਿਤ ਦਰਜ ਕਰਕੇ ਕੁੜੀ ਦੇ ਪਤੀ ਸਮੇਤ ਸਾਰੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ, ਜਿਸ ਲਈ ਪੁਲਸ ਜਾਣ-ਬੁੱਝ ਕੇ ਟਾਲ-ਮਟੋਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸਾਨੂੰ ਇਨਸਾਫ਼ ਨਹੀਂ ਮਿਲਦਾ, ਅਸੀਂ ਕੁੜੀ ਦਾ ਸੰਸਕਾਰ ਨਹੀਂ ਕਰਾਂਗੇ, ਜਦਕਿ ਪੁਲਸ ਵੱਲੋਂ ਸਾਡੇ ’ਤੇ ਕੁੜੀ ਦਾ ਸਸਕਾਰ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਫਰੈਂਡਜ਼ ਕਾਲੋਨੀ ਦੇ ਬਹੁ-ਚਰਚਿਤ ਰਾਣਾ ਜੋੜੇ ਦੇ ਖ਼ੁਦਕੁਸ਼ੀ ਕੇਸ ’ਚ ਕਾਂਗਰਸੀ ਆਗੂ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

ਪੁਲਸ ’ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ : ਐੱਸ. ਐੱਚ. ਓ.
ਇਸ ਸਬੰਧੀ ਐੱਸ. ਐੱਚ. ਓ. ਹਰਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਸਹੁਰਾ ਪਰਿਵਾਰ ਦੇ 4 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 250 ਧਾਰਾ 306 ਆਈ. ਪੀ. ਸੀ. 34 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਕੇਸ ਸਬੰਧੀ ਲੜਕੀ ਦੀ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੜਕੀ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ, ਜਿਸ ਦੇ ਵਿਸਰੇ ਦੀ ਰਿਪੋਰਟ ਹੋਣ ਉਪਰੰਤ ਹੀ ਕਤਲ ਦਾ ਮਾਮਲਾ ਦਰਜ ਕੀਤਾ ਜਾਵੇਗਾ। ਕੁੜੀ ਦੇ ਪੇਕੇ ਪਰਿਵਾਰ ਵੱਲੋਂ ਜੋ ਪੁਲਸ ’ਤੇ ਦੋਸ਼ ਲਗਾਏ ਜਾ ਰਹੇ ਹਨ, ਉਹ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਵਿਸਰੇ ਦੀ ਜਾਂਚ ਰਿਪੋਰਟ ਨਹੀਂ ਆਉਂਦੀ ਤਾਂ ਅਸੀਂ ਕਿਵੇਂ ਕਤਲ ਦਾ ਮਾਮਲਾ ਦਰਜ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਪੂਰਾ ਇਨਸਾਫ਼ ਕੀਤਾ ਜਾਵੇਗਾ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: ਨੂਰਮਹਿਲ 'ਚ ਖ਼ੂਨ ਨਾਲ ਲਥਪਥ ਮਿਲੀ ਔਰਤ ਦੀ ਲਾਸ਼, ਪੁੱਤ ਤੇ ਨੂੰਹ 'ਤੇ ਕਤਲ ਦਾ ਸ਼ੱਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News