ਵਿਆਹ ਤੋਂ ਬਾਅਦ ਨਾਭਾ ਜੇਲ 'ਚੋਂ ਬਿਨਾਂ ਲਾੜੇ ਦੇ ਹੋਈ ਲਾੜੀ ਦੀ ਵਿਦਾਈ

10/31/2019 2:00:24 PM

ਨਾਭਾ (ਜੈਨ, ਪੁਰੀ)—ਨਾਭਾ ਜੇਲ ਦੇ ਇਤਿਹਾਸ 'ਚ ਉਸ ਸਮੇਂ ਨਵਾਂ ਇਤਿਹਾਸ ਰਚਿਆ ਗਿਆ ਜਦੋਂ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਗੈਂਗਸਟਰ ਮਨਦੀਪ ਸਿੰਘ ਉਰਫ ਧੂਰ ਪੁੱਤਰ ਚਮਕੌਰ ਸਿੰਘ ਨਿਵਾਸੀ ਜ਼ਿਲਾ ਮੋਗਾ ਦਾ ਵਿਆਹ ਪਵਨਦੀਪ ਕੌਰ ਨਿਵਾਸੀ ਸਮਰਾਲਾ ਤਹਿਸੀਲ (ਜ਼ਿਲਾ ਲੁਧਿਆਣਾ) ਦੇ ਨਾਲ ਜੇਲ ਕੰਪਲੈਕਸ 'ਚ ਹੋਇਆ, ਪਰ ਲਾੜੇ ਦੇ ਬਿਨਾਂ ਹੀ ਲਾੜੀ ਨੂੰ ਵਿਦਾ ਕੀਤਾ ਗਿਆ। ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਜੇਲ ਪ੍ਰਸ਼ਾਸਨ ਤੋਂ ਰਿਪੋਰਟ ਲੈ ਕੇ ਗੁਰਦੁਆਰਾ ਸਾਹਿਬ 'ਚ ਆਨੰਦ ਕਾਰਜ ਅਤੇ ਹੋਰ ਰਸਮਾਂ ਦੇ ਲਈ 6 ਘੰਟੇ 'ਚ ਵਿਆਹ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਸਨ।

PunjabKesari

ਡੀ.ਐੱਸ.ਪੀ. ਵਰਿੰਦਰਜੀਤ ਸਿੰਘ ਥਿੰਦ ਸਮੇਤ ਹੋਰ ਐੱਸ.ਐੱਚ.ਓ.ਅਤੇ ਪੁਲਸ ਚੌਕੀ ਇੰਚਾਰਜ ਭਾਰੀ ਪੁਲਸ ਫੋਰਸ ਸਮੇਤ ਜੇਲ ਦੇ ਬਾਹਰ ਨਿਗਰਾਨੀ ਕਰ ਰਹੇ ਸਨ। ਮਹਿਲਾ ਪੁਲਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ। ਥੂਹੀ ਚੌਕ ਸਮੇਤ ਕਈ ਥਾਵਾਂ 'ਤੇ ਪੁਲਸ ਨਾਕੇਬੰਦੀ ਕੀਤੀ ਗਈ ਸੀ, ਜਿਸ ਨਾਲ ਕੋਈ ਅਣਹੋਣੀ ਘਟਨਾ ਨਾ ਹੋ ਸਕੇ। ਗੈਂਗਸਟਰ ਮਨਦੀਪ ਸਿੰਘ ਨੂੰ ਮੁਕੱਦਮਾ ਨੰ 43 'ਚ ਧਾਰਾ 302, 34, 379 ਆਈ.ਪੀ.ਸੀ. ਅਤੇ ਆਗਾਜ਼ ਐਕਟ ਅਧੀਨ ਦੋਹਰੇ ਕਤਲ ਕਾਂਡ 'ਚ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਸੀ। ਮਨਦੀਪ ਸਿੰਘ ਨੇ ਮੋਗਾ ਜ਼ਿਲੇ 'ਚ ਇਕ ਸਰਪੰਚ ਅਤੇ ਉਸ ਦੇ ਗਨਮੈਨ ਦੀ ਹੱਤਿਆ ਕਰ ਦਿੱਤੀ ਸੀ। ਕਤਲ ਦਾ ਇਹ ਮਾਮਲਾ 7 ਸਾਲ ਪੁਰਾਣਾ ਹੈ। ਇੱਥੇ ਜੇਲ 'ਚ ਮਨਦੀਪ ਸਿੰਘ ਨੂੰ 17 ਜੂਨ 2019 ਨੂੰ ਲਿਆਇਆ ਗਿਆ ਸੀ। ਜੇਲਰ ਭੰਗੂ ਮੁਤਾਬਕ ਇਹ ਗੈਂਗਸਟਰ ਪਿਛਲੇ 10 ਸਾਲਾਂ ਤੋਂ ਜੇਲ 'ਚ ਬੰਦ ਹਨ। ਇੱਥੇ ਆਉਣ ਤੋਂ ਪਹਿਲਾਂ ਹੋਰ ਜੇਲਾਂ 'ਚ ਨਜ਼ਰਬੰਦ ਰਿਹਾ ਹੈ।

PunjabKesari

ਗੈਂਗਸਟਰ ਮਨਦੀਪ 'ਤੇ ਦਰਜ ਹਨ ਇੰਨੇ ਕੇਸ
ਸੰਗਰੂਰ ਸ਼ਹਿਰੀ ਥਾਣੇ 'ਚ ਪਹਿਲਾ ਮੁਕੱਦਮਾ 2007 'ਚ ਦਰਜ ਹੋਇਆ।
ਸੰਨ 2008 'ਚ ਬੰਧਨੀਕਲਾਂ ਥਾਣਾ (ਮੋਗਾ)
ਸੰਨ 2010 'ਚ ਕਤਲ ਅਤੇ ਇਰਾਦਾਕਤਲ ਦਾ ਮੁਕੱਦਮਾ ਜਗਰਾਓ ਸਿਟੀ ਥਾਣਾ।
ਸੰਨ 2011 'ਚ ਥਾਰਾ 307 ਅਧੀਨ ਸਿਵਿਲ ਲਾਈਨ ਥਾਣਾ ਬਠਿੰਡਾ।
ਸੰਨ 2012 'ਚ ਬੰਧਨੀਕਲਾਂ ਥਾਣਾ 'ਚ ਕਤਲ ਦਾ ਮੁਕੱਦਮਾ।
ਸੰਨ 2013 'ਚ ਮੋਗਾ
2014 'ਚ ਮੋਗਾ ਸਾਊਥ ਸਿਟੀ ਥਾਣਾ।
ਸੰਨ 2015 'ਚ ਬੰਧਨੀ ਥਾਣਾ।
ਸੰਨ 2016 'ਚ ਥਾਣਾ ਮਹੀਨਾ (ਮੋਗਾ) 'ਚ ਹੱਤਿਆ ਦਾ ਕੇਸ ਦਰਜ ਹੋਇਆ।

PunjabKesari

ਦੋਵੇਂ ਪਰਿਵਾਰਾਂ ਨਾਲ ਪਹੁੰਚੇ ਕੁੱਲ 10 ਲੋਕ
ਜੇਲ ਦੇ ਬਾਹਰ ਗੈਂਗਸਟਰ ਦੀ ਮਾਂ ਅਤੇ ਲਾੜੀ ਦੀ ਮਾਂ ਦੇ ਨਾਲ ਮੀਡੀਆ ਨੂੰ ਮਿਲਣ ਨਹੀਂ ਦਿੱਤਾ ਗਿਆ। ਅੱਜ ਵਿਆਹ ਦੀਆਂ ਰਸਮਾਂ ਦੇ ਲਈ ਸਵੇਰੇ 9.20 ਵਜੇ ਭਾਰੀ ਪੁਲਸ ਪ੍ਰਬੰਧਾਂ ਅਧੀਨ ਗੈਂਗਸਟਰ ਦੇ ਨਾਲ ਲਾਵਾਂ ਲੈਣ ਆਈ ਲਾੜੀ ਸ਼ਗਨਾਂ ਦਾ ਚੂੜਾ ਪਾ ਕੇ ਪਹੁੰਚੀ ਤਾਂ ਗੈਂਗਸਟਰ ਦੀ ਮਾਂ ਰਛਪਾਲ ਕੌਰ, ਗ੍ਰੰਥੀ, ਲਾੜੀ ਦੀ ਮਾਂ ਸੁਰਿੰਦਰ ਕੌਰ, ਭਰਾ ਗੁਰਦੀਪ ਸਿੰਘ, ਮਨਦੀਪ ਸਿੰਘ ਦੇ 2 ਦੋਸਤਾਂ ਸਮੇਤ 10 ਵਿਅਕਤੀ ਜੇਲ ਕੰਪਲੈਕਸ ਦੇ ਅੰਦਰ ਦਾਖਲ ਕਰਵਾਏ ਗਏ। ਜੇਲ ਕੰਪਲੈਕਸ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਨੇੜੇ-ਤੇੜੇ ਵੀ ਭਾਰੀ ਪੁਲਸ ਫੋਰਸ ਵੀ ਤਾਇਨਾਤ ਸੀ। ਜੇਲਰ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਗੈਂਗਸਟਰ ਮਨਦੀਪ ਸਿੰਘ ਨੇ ਸਾਨੂੰ ਬੇਨਤੀ ਕੀਤੀ ਸੀ ਕਿ ਆਨੰਦ ਕਾਰਜ ਦੀ ਫੋਟੋ ਪ੍ਰੈੱਸ ਨੂੰ ਰਿਲੀਜ਼ ਨਾ ਕੀਤੀ ਜਾਵੇ।


Shyna

Content Editor

Related News