ਖੁਸ਼ੀਆਂ ''ਚ ਪਏ ਕੀਰਣੇ, ਵਿਆਹ ਤੋਂ ਕੁਝ ਦਿਨ ਪਹਿਲਾਂ ਨੌਜਵਾਨ ਦੀ ਮੌਤ

11/16/2019 6:54:28 PM

ਦੋਰਾਹਾ (ਸੁਖਵੀਰ) : ਵਿਧਾਨ ਸਭਾ ਹਲਕਾ ਪਾਇਲ ਅਧੀਨ ਪੈਂਦੇ ਇਲਾਕੇ ਦੇ ਪਿੰਡ ਕੱਦੋਂ ਵਿਖੇ ਇਕ ਹਸਦੇ ਵਸਦੇ ਪਰਿਵਾਰ 'ਚ ਉਦੋਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਪਿੰਡ ਦੇ ਕਰੀਬ 27 ਸਾਲਾਂ ਨੌਜਵਾਨ ਸੇਵਾ ਸਿੰਘ ਪੁੱਤਰ ਮਿਲਖਾ ਸਿੰਘ ਦੀ ਡੇਂਗੂ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾ ਸਿੰਘ ਜੋ ਕਿ ਕਰੀਬ 2 ਕੁ ਦਿਨ ਪਹਿਲਾਂ ਹੀ ਬਿਮਾਰ ਹੋਇਆ ਤਾਂ ਉਸਨੂੰ ਅਪੋਲੋ ਹਸਪਤਾਲ ਭਰਤੀ ਕਰਵਾ ਦਿੱਤਾ ਜਿੱਥੇ ਟੈਸਟ ਕਰਨ 'ਤੇ ਪਤਾ ਲੱਗਾ ਕਿ ਸੇਵਾ ਸਿੰਘ ਡੇਂਗੂ ਦੀ ਬਿਮਾਰੀ ਦੀ ਜਕੜ ਵਿਚ ਹੈ ਤੇ ਡੇਂਗੂ ਦੀ ਬਿਮਾਰੀ ਦਾ ਤਾਪ ਨਾ ਝੱਲਦਿਆ ਬੀਤੇ ਦਿਨੀ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੇਵਾ ਸਿੰਘ ਦਾ 1 ਦਸੰਬਰ ਨੂੰ ਵਿਆਹ ਹੋਣਾ ਸੀ, ਜਿਸ ਕਰਕੇ ਸਾਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਅਚਾਨਕ ਕੁਝ ਹੋਰ ਭਾਣਾ ਵਾਪਰ ਗਿਆ। ਇੱਥੇ ਦੱਸਣਯੋਗ ਹੈ ਕਿ ਇਲਾਕੇ ਦੇ ਸ਼ਹਿਰ ਅਤੇ ਪਿੰਡਾਂ ਅੰਦਰ ਪਲੈਟਲੈੱਟਸ ਘਟਣ ਅਤੇ ਡੇਂਗੂ ਨਾਲ ਅਨੇਕਾਂ ਮੌਤਾ ਹੋ ਚੁੱਕੀਆਂ ਹਨ ਤੇ ਇਸ ਬਿਮਾਰੀ ਨਾਲ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। 

ਲੋਕਾਂ ਦੇ ਦੱਸਣ ਅਨੁਸਾਰ ਪਿੰਡ ਵਿਚ ਹੁਣ ਤੱਕ ਕਰੀਬ 25 ਤੋਂ 30 ਮੌਤਾਂ ਵੱਖ-ਵੱਖ ਕਾਰਨਾਂ ਕਰਕੇ ਹੋ ਚੁੱਕੀਆਂ ਹਨ। ਜਿਸ ਨਾਲ ਲੋਕਾਂ 'ਚ ਸਹਿਮ ਦਾ ਮਾਹੋਲ ਹੈ। ਲੋਕਾਂ ਵਿਚ ਜਿੱਥੇ ਸਰਕਾਰ ਅਤੇ ਸੰਬੰਧਤ ਵਿਭਾਗ ਖਿਲਾਫ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਹੀ ਜਲ ਸਪਲਾਈ ਵਿਭਾਗ ਖਿਲਾਫ ਵੀ ਲੋਕਾਂ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਲ ਸਪਲਾਈ ਵਿਭਾਗ ਹਰ ਮਹੀਨੇ ਆਪਣਾ ਬਿੱਲ ਤਾਂ ਲੈਣ ਲਈ ਆ ਜਾਂਦੇ ਹਨ ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਟੈਂਕੀ ਨੂੰ ਸਾਫ ਨਹੀਂ ਕੀਤਾ ਜਾ ਰਿਹਾ ਜਿਸਨੂੰ ਸਾਫ ਕਰਿਆਂ ਅੱਜ ਕਰੀਬ ਇਕ ਸਾਲ ਬੀਤ ਚੁੱਕਾ ਹੈ ਤੇ ਘਰਾਂ ਦੀਆਂ ਸਰਕਾਰੀ ਟੂਟੀਆਂ ਵਿਚ ਕਈ ਵਾਰ ਗੰਧਲਾ ਪਾਣੀ ਆ ਰਿਹਾ ਦਿਖਾਈ ਦਿੰਦਾ ਨਜ਼ਰ ਆਉਦਾ ਹੈ।

ਕੀ ਕਹਿੰਦੇ ਹਨ ਐੱਸ. ਡੀ. ਐੱਮਜ ਪਾਇਲ
ਇਸ ਸੰਬੰਧੀ ਜਦੋਂ ਐੱਸ.ਡੀ.ਐਮ ਪਾਇਲ ਸਾਗਰ ਸੇਤੀਆ (ਆਈ.ਏ.ਐਸ) ਨਾਲ ਗੱੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਉਨ੍ਹਾਂ ਵੱਲੋਂ ਹਦਾਇਤ ਜਾਰੀ ਕੀਤੀ ਹੋਈ ਹੈ ਕਿ ਇਲਾਕੇ 'ਚ ਫੋਗਿੰਗ ਕਰਵਾਈ ਜਾਵੇ ਜੋ ਕਿ ਲਗਾਤਾਰ ਕਰਵਾਈ ਜਾ ਰਹੀ ਹੈ ਜਿਸ ਨਾਲ ਮੱਛਰ ਮੱਖੀ ਤੋਂ ਲੋਕਾਂ ਨੂੰ ਨਿਜ਼ਾਤ ਮਿਲ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਰ-ਵਾਰ ਵਿਭਾਗ ਵੱਲੋਂ ਵੀ ਸੂਚਿਤ ਕੀਤਾ ਜਾ ਰਿਹਾ ਹੈ ਕਿ ਆਪਣੇ ਘਰਾਂ ਵਿਚ ਪਾਣੀ ਦੇਰ ਤੱਕ ਨਾ ਖੜ੍ਹਨ ਦਿੱਤਾ ਜਾਵੇ ਕਿਉਂਕਿ ਇਹ ਮੱਛਰ ਸਾਫ ਪਾਣੀ ਵਿਚ ਹੀ ਪੈਦਾ ਹੋ ਕੇ ਲੋਕਾਂ ਦੀ ਜਾਨ ਲੈ ਰਿਹਾ ਹੈ। 

ਕੀ ਕਹਿੰਦੇ ਹਨ ਜਲ ਸਪਲਾਈ ਵਿਭਾਗ ਦੇ ਜੇ.ਈ
ਇਸ ਸੰਬੰਧੀ ਜਦੋਂ ਜਲ ਸਪਲਾਈ ਵਿਭਾਗ ਦੇ ਜੇ.ਈ ਸਾਗਰ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜਲ ਸਪਲਾਈ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਬਲਾਕ ਦੀਆਂ ਪਿੰਡਾਂ ਅੰਦਰ ਸਰਕਾਰੀ ਟੈਂਕੀਆਂ ਨੂੰ ਕਰੀਬ ਤਿੰਨ ਮਹੀਨੇ ਪਹਿਲਾਂ ਸਾਫ ਕਰਵਾਇਆ ਗਿਆ ਅਤੇ ਸਮੇਂ-ਸਮੇਂ 'ਤੇ ਟੈਂਕੀਆਂ 'ਤੇ ਰੱਖੇ ਕਰਮਚਾਰੀ ਸਾਫ-ਸਫਾਈ ਦਾ ਧਿਆਨ ਰੱਖ ਰਹੇ ਹਨ। ਜਿਸ ਕਰਕੇ ਪਿੰਡਾਂ ਅੰਦਰ ਲੋਕਾਂ ਦੇ ਪੀਣ ਲਈ ਬਿਲਕੁਲ ਸਾਫ ਪਾਣੀ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ।


Gurminder Singh

Content Editor

Related News