ਮਾਂ-ਪੁੱਤ ਨੇ ਵੀਜ਼ਾ ਕੰਸਲਟੈਂਟ ਸੰਚਾਲਕਾਂ ਨਾਲ ਮਾਰੀ ਲੱਖਾਂ ਦੀ ਠੱਗੀ

Monday, Apr 02, 2018 - 02:12 AM (IST)

ਮੋਗਾ, (ਆਜ਼ਾਦ)- ਮੋਗਾ ਤੇ ਬਠਿੰਡਾ ਵਿਖੇ ਵੀਜ਼ਾ ਕੰਸਲਟੈਂਟ ਦਾ ਕੰਮ ਕਰਦੇ ਸੰਚਾਲਕਾਂ ਨਾਲ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਢੱਡੀਆ ਨਿਵਾਸੀ ਤੇਜਿੰਦਰ ਸਿੰੰਘ ਵੱਲੋਂ ਆਪਣੀ ਮਾਂ ਅਤੇ ਜੀਜੇ ਨਾਲ ਮਿਲ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। 
ਕੀ ਹੈ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਵੀਜ਼ਾ ਕੰਸਲਟੈਂਟ ਸੰਚਾਲਕਾਂ ਦੀਪਕ ਕੁਮਾਰ ਅਤੇ ਰਾਕੇਸ਼ ਕਪੂਰ ਨੇ ਦੋਸ਼ ਲਾਇਆ ਕਿ ਤੇਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਢੱਡੀਆ ਨੇ ਨਿਊਜ਼ੀਲੈਂਡ ਜਾਣ ਲਈ ਸਾਡੇ ਰਾਹੀਂ ਫਾਈਲ ਅਪਲਾਈ ਕੀਤੀ ਸੀ, ਜਿਸ ਦੀ ਅਸੀਂ ਫੀਸ ਭਰ ਦਿੱਤੀ ਪਰ ਕਿਸੇ ਕਾਰਨ ਵੀਜ਼ਾ ਰੱਦ ਹੋ ਗਿਆ। ਕੁੱਝ ਸਮੇਂ ਬਾਅਦ 8 ਲੱਖ 71 ਹਜ਼ਾਰ ਰੁਪਏ ਤੇਜਿੰਦਰ ਸਿੰਘ ਦੇ ਖਾਤੇ 'ਚ ਤਾਂ ਆ ਗਏ ਪਰ ਲੀਵਿੰਗ ਕੋਸਟ ਦੇ ਪੈਸੇ ਆਉਣੇ ਬਾਕੀ ਸਨ। ਇਸ ਮਗਰੋਂ ਦੋਸ਼ੀ ਤੇਜਿੰਦਰ ਸਿੰਘ, ਉਸ ਦੀ ਮਾਤਾ ਸੁਖਦੀਪ ਕੌਰ ਅਤੇ ਜੀਜਾ ਹਰਜਿੰਦਰ ਸਿੰਘ ਉਰਫ ਹੈਰੀ ਨਿਵਾਸੀ ਚੰਡੀਗੜ੍ਹ ਸਾਡੇ ਕੋਲੋਂ ਇਹ ਆਖ ਕੇ 6 ਲੱਖ ਰੁਪਏ ਲੈ ਗਏ ਕਿ ਸਾਨੂੰ ਅੱਜ ਪੈਸਿਆਂ ਦੀ ਲੋੜ ਹੈ ਅਤੇ ਜਦੋਂ ਲੀਵਿੰਗ ਕੋਸਟ ਦੇ ਪੈਸੇ ਵਾਪਸ ਆ ਜਾਣਗੇ ਤਾਂ ਅਸੀਂ ਪੈਸੇ ਕੱਟ ਕੇ ਬਾਕੀ 4 ਲੱਖ 41 ਹਜ਼ਾਰ ਰੁਪਏ ਵਾਪਸ ਕਰ ਦੇਵਾਂਗੇ ਅਤੇ ਉਨ੍ਹਾਂ ਸਾਨੂੰ 6 ਲੱਖ ਰੁਪਏ ਦਾ ਚੈੱਕ ਕੇਨਰਾ ਬੈਂਕ ਕੋਟਕਪੂਰਾ ਸਾਡੇ ਹੱਕ 'ਚ ਦੇ ਦਿੱਤਾ ਅਤੇ ਨਾਲ ਹਲਫੀਆ ਬਿਆਨ ਸਕਿਓਰਿਟੀ ਵਜੋਂ ਦਿੱਤਾ ਤਾਂ ਜੋ ਇਕ-ਦੂਜੇ 'ਤੇ ਭਰੋਸਾ ਬਣਿਆ ਰਹਿ ਸਕੇ। 
ਇਸ ਉਪਰੰਤ ਉਨ੍ਹਾਂ ਸਾਡਾ 6 ਲੱਖ ਰੁਪਏ ਦਾ ਚੈੱਕ ਕੈਸ਼ ਕਰਵਾ ਲਿਆ। ਉਨ੍ਹਾਂ ਕਿਹਾ ਕਿ 31 ਅਕਤੂਬਰ, 2016 ਨੂੰ ਤੇਜਿੰਦਰ ਸਿੰਘ ਦੀ ਲੀਵਿੰਗ ਕੋਸਟ ਦੇ ਪੈਸੇ ਵੀ ਨਿਊਜ਼ੀਲੈਂਡ ਕਾਲਜ ਤੋਂ ਵਾਪਸ ਆ ਗਏ ਅਤੇ ਉਹ ਨਿਊਜ਼ੀਲੈਂਡ ਚਲਾ ਗਿਆ ਅਤੇ ਉਸ ਨੇ ਜਾਣ ਤੋਂ ਪਹਿਲਾਂ ਸਾਨੂੰ ਦਿੱਤੇ ਹੋਏ ਚੈੱਕ ਵਾਲੀ ਚੈੱਕਬੁੱਕ ਨੂੰ ਗੁੰਮ ਹੋਣ ਦਾ ਹਵਾਲਾ ਦੇ ਕੇ ਬੈਂਕ ਤੋਂ ਨਵੀਂ ਚੈੱਕਬੁੱਕ ਜਾਰੀ ਕਰਵਾ ਲਈ ਅਤੇ ਨਿਊਜ਼ੀਲੈਂਡ ਚਲਾ ਗਿਆ।  
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਵੱਲੋਂ ਕੀਤੀ ਗਈ। ਜਾਂਚ ਸਮੇਂ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ। ਉਪਰੰਤ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਦੋਸ਼ੀਆਂ ਤੇਜਿੰਦਰ ਸਿੰਘ, ਉਸ ਦੀ ਮਾਤਾ ਸੁਖਦੀਪ ਕੌਰ ਅਤੇ ਜੀਜਾ ਹਰਜਿੰਦਰ ਸਿੰਘ ਹੈਰੀ ਖਿਲਾਫ ਮਿਲੀਭੁਗਤ ਕਰ ਕੇ ਧੋਖਾਦੇਹੀ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਮੋਗਾ 'ਚ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Related News