ਨਗਰ ਨਿਗਮ ਚੋਣਾਂ ਲਈ ਕੀਤੀ ਨਵੀਂ ਹੱਦਬੰਦੀ ''ਚ ਕਈ ਖਾਮੀਆਂ
Monday, Oct 30, 2017 - 03:55 AM (IST)
ਅੰਮ੍ਰਿਤਸਰ, (ਜ. ਬ., ਸੂਰੀ)- ਨਗਰ ਨਿਗਮ ਚੋਣਾਂ ਲਈ ਕੀਤੀ ਗਈ ਹੱਦਬੰਦੀ ਨੂੰ ਲੈ ਕੇ ਇਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਇਸ ਸਬੰਧੀ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਬੈਕਵਰਡ ਸੈੱਲ ਦੇ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਸੱਗੂ, ਜਨਰਲ ਸਕੱਤਰ ਧਰਮਪਾਲ ਲਾਡੀ ਤੇ ਕਾਂਗਰਸੀ ਆਗੂ ਗੁਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨਵੀਂ ਹੱਦਬੰਦੀ ਵਿਚ ਕਈ ਖਾਮੀਆਂ ਹਨ। ਵਾਰਡ ਨੰ. 4 ਅਤੇ 5 ਵਿਚ ਤਕਰੀਬਨ 33 ਤੋਂ 34 ਹਜ਼ਾਰ ਦੇ ਕਰੀਬ ਵੋਟਾਂ ਹਨ। ਨਵੀਂ ਵੋਟਿੰਗ ਵੰਡ ਪ੍ਰਣਾਲੀ ਤਹਿਤ 10 ਹਜ਼ਾਰ ਵੋਟਾਂ ਮੁਤਾਬਕ ਇਕ ਵਾਰਡ ਬਣਾਇਆ ਜਾਣਾ ਹੈ ਅਤੇ 3 ਵਾਰਡ ਬਣਨੇ ਹਨ ਪਰ ਨਵੀਂ ਹੱਦਬੰਦੀ ਮੁਤਾਬਕ ਸਿਰਫ 2 ਵਾਰਡ ਹੀ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਨਵੀਂ ਹੱਦਬੰਦੀ ਦੇ ਨਕਸ਼ੇ ਵਿਚ ਅੱਧੀਆਂ ਵੋਟਾਂ ਸ਼ਾਮਲ ਹੀ ਨਹੀਂ ਕੀਤੀਆਂ ਗਈਆਂ, ਜਿਵੇਂ ਕਿ ਮਾਲਾਂਵਾਲੀ, ਤਾਬੋਵਾਲੀ ਤੇ ਹੋਰ ਕਈ ਗਲੀਆਂ ਦੀਆਂ ਵੋਟਾਂ 5 ਨੰਬਰ ਵਾਰਡ ਵਿਚ ਨਕਸ਼ੇ ਮੁਤਾਬਕ ਸ਼ਾਮਲ ਨਹੀਂ ਕੀਤੀਆਂ ਗਈਆਂ। ਨਵੇਂ ਨਕਸ਼ੇ ਮੁਤਾਬਕ ਸਿਰਫ 9 ਹਜ਼ਾਰ ਦੇ ਕਰੀਬ ਵੋਟਾਂ ਹੀ ਦਰਸਾਈਆਂ ਗਈਆਂ ਹਨ, ਜਦਕਿ ਇਸ ਵਾਰਡ ਵਿਚ ਅਸਲ 'ਚ 17 ਤੋਂ 18 ਹਜ਼ਾਰ ਦੇ ਕਰੀਬ ਵੋਟਾਂ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਵਾਰਡਾਂ ਵਿਚ ਵੋਟਾਂ ਦੀ ਗਿਣਤੀ ਅਨੁਸਾਰ 3 ਵਾਰਡ ਬਣਾਏ ਜਾਣ ਤੇ ਇਸ ਨੂੰ ਸੀਰੀਅਲ ਵਾਈਜ਼ ਰੱਖਿਆ ਜਾਵੇ।
ਇਸ ਤੋਂ ਇਲਾਵਾ ਨਵੀਂ ਵਾਰਡਬੰਦੀ ਅਨੁਸਾਰ 1, 3, 5 ਨੰਬਰ ਵਾਰਡਾਂ ਨੂੰ ਔਰਤਾਂ ਲਈ ਰਾਖਵਾਂ ਕਰ ਦਿੱਤਾ ਗਿਆ ਹੈ, ਇਸ ਨੂੰ ਵੀ ਸੀਰੀਅਲ ਵਾਈਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਅੰਮ੍ਰਿਤਸਰ ਨੂੰ ਲਿਖਤੀ ਤੌਰ 'ਤੇ ਇਤਰਾਜ਼ ਵੀ ਦਿੱਤਾ ਗਿਆ ਹੈ।
