ਖੰਨਾ ਨਗਰ ਕੌਂਸਲ ਮੀਟਿੰਗ ਵਿਚ ਨਵੀਂ ਵਾਰਡਬੰਦੀ ਨੂੰ ਲੈ ਕੇ ਭਾਰੀ ਹੰਗਾਮਾ
Monday, Dec 29, 2025 - 06:46 PM (IST)
ਖੰਨਾ (ਵਿਪਨ): ਖੰਨਾ ਨਗਰ ਕੌਂਸਲ ਦੀ ਐਮਰਜੈਂਸੀ ਮੀਟਿੰਗ ਦੌਰਾਨ ਨਵੀਂ ਵਾਰਡਬੰਦੀ ਨੂੰ ਲੈ ਕੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਇਹ ਮੀਟਿੰਗ ਨਗਰ ਕੌਂਸਲ ਪ੍ਰਧਾਨ ਵੱਲੋਂ ਸੱਦੀ ਗਈ ਸੀ, ਜਿਸ ਵਿੱਚ ਕੁੱਲ 33 ਵਿਚੋਂ 28 ਕੌਂਸਲਰ ਹਾਜ਼ਰ ਰਹੇ। ਮੀਟਿੰਗ ਦੌਰਾਨ ਕਾਂਗਰਸ ਦੇ ਕੌਂਸਲਰਾਂ ਨੇ 17 ਕੌਂਸਲਰਾਂ ਦੇ ਦਸਤਖਤਾਂ ਵਾਲਾ ਮਤਾ ਦਿਖਾ ਕੇ ਨਵੀਂ ਵਾਰਡਬੰਦੀ ਦਾ ਤਿੱਖਾ ਵਿਰੋਧ ਕੀਤਾ। ਕਾਂਗਰਸ ਦਾ ਦੋਸ਼ ਹੈ ਕਿ ਨਵੀਂ ਵਾਰਡਬੰਦੀ ਠੀਕ ਨਹੀਂ ਹੈ ਅਤੇ ਇਸ ਨਾਲ ਲੋਕਤੰਤਰਕ ਪ੍ਰਕਿਰਿਆ ਨੂੰ ਨੁਕਸਾਨ ਪਹੁੰਚੇਗਾ। ਪੂਰੇ ਸ਼ਹਿਰ ਨੂੰ ਵੰਡਿਆ ਗਿਆ ਹੈ।
ਉੱਥੇ ਹੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਇਸ ਮਤੇ ਦਾ ਕੜਾ ਇਤਰਾਜ਼ ਜਤਾਇਆ ਗਿਆ। ਆਮ ਆਦਮੀ ਪਾਰਟੀ ਨੇ ਨਵੀਂ ਵਾਰਡਬੰਦੀ ਨੂੰ ਸਹੀ ਅਤੇ ਨਿਯਮਾਂ ਅਨੁਸਾਰ ਦੱਸਿਆ। ਨਾਲ ਹੀ ਕਿਹਾ ਕਿ ਕਾਂਗਰਸ ਜਾਣ ਬੁੱਝ ਕੇ ਰੌਲਾ ਪਾ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਮੀਟਿੰਗ ਦੌਰਾਨ ਦੋਹਾਂ ਧਿਰਾਂ ਵਿੱਚ ਤਿੱਖੀ ਤਕਰਾਰ ਹੋ ਗਈ। ਇਕ ਦੂਜੇ ਦੇ ਖ਼ਿਲਾਫ਼ ਨਾਅਰੇਬਾਜ਼ੀ ਹੋਈ ਅਤੇ ਗੰਭੀਰ ਇਲਜ਼ਾਮ ਲਗਾਏ ਗਏ, ਜਿਸ ਕਾਰਨ ਮੀਟਿੰਗ ਦਾ ਮਾਹੌਲ ਕਾਫੀ ਤਣਾਅਪੂਰਨ ਬਣਿਆ ਰਿਹਾ।
