ਬਹਿਬਲ ਕਲਾਂ ਮਾਮਲੇ 'ਚ ਘਿਰੇ ਸਾਬਕਾ ਅਕਾਲੀ ਵਿਧਾਇਕ ਨੂੰ ਅਦਾਲਤ ਦਾ ਝਟਕਾ

Wednesday, Mar 06, 2019 - 03:46 PM (IST)

ਬਹਿਬਲ ਕਲਾਂ ਮਾਮਲੇ 'ਚ ਘਿਰੇ ਸਾਬਕਾ ਅਕਾਲੀ ਵਿਧਾਇਕ ਨੂੰ ਅਦਾਲਤ ਦਾ ਝਟਕਾ

ਫਰੀਦਕੋਟ (ਰਾਜਨ, ਜਗਤਾਰ) - ਬਹਿਬਲ ਕਲਾਂ ਮਾਮਲੇ 'ਚ ਘਿਰੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੀਆਂ ਮੁਸ਼ਕਲਾਂ ਵਧ ਗਈਆਂ ਹਨ, ਕਿਉਂਕਿ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜੀ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮਨਤਾਰ ਬਰਾੜ ਨੂੰ 129 ਐੱਫ.ਆਈ.ਆਰ ਦੇ ਤਹਿਤ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਨਾਮਜ਼ਦ ਵੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਫਰੀਦਕੋਟ ਦੀ ਮਾਣਯੋਗ ਸੈਸ਼ਨ ਕੋਰਟ 'ਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵਲੋਂ ਲਾਈ ਗਈ ਜ਼ਮਾਨਤ ਅਰਜ਼ੀ ਦੀ ਦਰਖਾਸਤ 'ਤੇ ਦੋਵਾਂ ਧਿਰਾਂ ਦੀ ਬਹਿਸ ਉਪਰੰਤ ਮਾਣਯੋਗ ਕੋਰਟ ਵਲੋਂ ਫੈਸਲਾ 6 ਮਾਰਚ 'ਤੇ ਪਾ ਦਿੱਤਾ ਗਿਆ ਸੀ। 

ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲਿਆਂ 'ਚ ਕੋਟਕਪੂਰਾ ਗੋਲੀ ਕਾਂਡ 'ਚ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਕੋਲੋਂ 'ਸਿਟ' (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਬੀਤੇ ਦਿਨਾਂ 'ਚ 2 ਵਾਰ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ ਕਿਉਂਕਿ ਕੋਟਕਪੂਰਾ ਗੋਲੀ ਕਾਂਡ ਮੌਕੇ ਬਰਾੜ ਕੋਟਕਪੂਰਾ ਦੇ ਸੱਤਾਧਾਰੀ ਵਿਧਾਇਕ ਅਤੇ ਪਾਰਲੀਮਾਨੀ ਸਕੱਤਰ ਰਹਿ ਚੁੱਕੇ ਹਨ। ਸਾਬਕਾ ਵਿਧਾਇਕ ਵੱਲੋਂ ਆਪਣੇ ਬਚਾਅ ਲਈ ਸੈਸ਼ਨ ਕੋਰਟ ਵਿਚ ਬੀਤੇ ਦਿਨੀਂ ਲਾਈ ਗਈ ਜ਼ਮਾਨਤ ਦੀ ਦਰਖਾਸਤ 'ਤੇ 5 ਮਾਰਚ ਨੂੰ ਸੁਣਵਾਈ ਨਿਰਧਾਰਿਤ ਕੀਤੀ ਗਈ ਸੀ। ਅਦਾਲਤ 'ਚ ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਦਾ ਸਿਲਸਿਲਾ ਬੀਤੇ ਦਿਨ ਕਰੀਬ ਇਕ ਘੰਟਾ ਚੱਲਿਆ। ਇਹ ਵੀ ਪਤਾ ਲੱਗਾ ਹੈ ਕਿ 'ਸਿਟ' ਵਲੋਂ ਕੋਟਕਪੂਰਾ ਗੋਲੀ ਕਾਂਡ ਸਬੰਧੀ ਕਿਸੇ ਵਿਸ਼ੇਸ਼ ਰੂਪ 'ਚ ਅਦਾਲਤ ਨੂੰ ਜਾਣੂ ਕਰਵਾਇਆ ਗਿਆ ਹੈ, ਜਿਸ ਨੂੰ 'ਸਿਟ' ਨੇ ਜਨਤਕ ਕਰਨ ਤੋਂ ਮਨਾਹੀ ਕਰ ਦਿੱਤੀ ਹੈ।  


author

rajwinder kaur

Content Editor

Related News