ਕਦੇ ‘ਚਿੱਟਾ ਸੋਨਾ’ ਸੀ ਮਾਨਸਾ ਦੀ ਪਛਾਣ, ਅੱਜ ਚਿੱਟਾ ਉਜਾੜ ਰਿਹਾ ਪਰਿਵਾਰ : ਬਾਂਸੁਰੀ ਸਵਰਾਜ
Thursday, Sep 24, 2026 - 12:47 AM (IST)
ਮਾਨਸਾ : ਮਾਨਸਾ ਦੀ ਧਰਤੀ ਦੀ ਪਛਾਣ ਇੱਥੇ ਉੱਗਣ ਵਾਲੀ ਕਪਾਹ ਦੀ ਫਸਲ ਨਾਲ ਹੁੰਦੀ ਸੀ। ਇਸ ਨੂੰ ‘ਚਿੱਟਾ ਸੋਨਾ’ ਕਿਹਾ ਜਾਂਦਾ ਸੀ ਪਰ ਅੱਜ ਚਿੱਟੇ (ਨਸ਼ੇ) ਕਾਰਨ ਇੱਥੇ ਪਰਿਵਾਰ ਬਰਬਾਦ ਹੋ ਰਹੇ ਹਨ। ਇਹ ਕਿਹੋ ਜਿਹੀ ਸਰਕਾਰ ਹੈ? ਇਹ ਕਿਹੋ ਜਿਹਾ ਸ਼ਾਸਨ ਹੈ? ਜਿੱਥੇ ਨਸ਼ਾ ਤਸਕਰਾਂ ਨੂੰ ਬਚਾਇਆ ਜਾਂਦਾ ਹੈ ਅਤੇ ਇਸ ਖਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਮਰਨ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਗੱਲਾਂ ਬੁੱਧਵਾਰ ਨੂੰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਪੰਜਵੇਂ ਦਿਨ ਮਾਨਸਾ ਵਿੱਚ ਸਵਰਗਵਾਸੀ ਭਾਜਪਾ ਆਗੂ ਸੁਸ਼ਮਾ ਸਵਰਾਜ ਦੀ ਧੀ ਅਤੇ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਕਹੀਆਂ। ਇਸ ਮੌਕੇ ਭਾਜਪਾ ਆਗੂ ਦਿਆਲ ਸਿੰਘ ਸੋਢੀ, ਗੋਮਾ ਰਾਮ, ਕੇ.ਕੇ. ਮਲਹੋਤਰਾ, ਰਿਸ਼ੀ ਪਾਲ ਖਹਿਰਾ, ਬਲਦੇਵ ਸਿੰਘ, ਮੰਜੂ ਮਿੱਤਲ, ਕਿਰਨ ਰਾਣੀ, ਗੁਰਮੇਲ ਕੌਰ, ਜਸਵਿੰਦਰ ਕੌਰ ਅਤੇ ਪਰਮਜੀਤ ਕੌਰ ਸਮੇਤ ਕਈ ਪਾਰਟੀ ਅਹੁਦੇਦਾਰ ਮੌਜੂਦ ਰਹੇ।
ਬਾਂਸੁਰੀ ਸਵਰਾਜ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਸ਼ਾਸਨ ਨਹੀਂ ਹੈ। ਇੱਥੇ ਨਸ਼ਾ ਤਸਕਰਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਨੌਜਵਾਨ ਨਸ਼ਿਆਂ ਕਾਰਨ ਮਰ ਰਹੇ ਹਨ, ਪਰਿਵਾਰ ਉੱਜੜ ਰਹੇ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਨਹੀਂ ਕਰ ਰਹੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਨੂੰ ਨਸ਼ਿਆਂ ਦੀ ਇਸ ਦਲਦਲ ਵਿੱਚੋਂ ਬਾਹਰ ਕੱਢਣ ਦਾ ਸੰਕਲਪ ਲਿਆ ਹੈ। ਉਹ ਤੁਹਾਡੇ ਨੌਜਵਾਨ ਬੱਚਿਆਂ ਦੀ ਜ਼ਿੰਦਗੀ ਬਚਾਉਣ ਅਤੇ ਨਸ਼ਾ ਤਸਕਰਾਂ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਇਸ ਲਈ ਪੰਜਾਬ ਦੀ ਜਨਤਾ ਨੂੰ ਵੀ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੋਟ ਦੇ ਕੇ ਇਸ ਲੜਾਈ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ’ਚ ਜਣੇਪੇ ਤੋਂ ਬਾਅਦ 24 ਸਾਲਾ ਮਹਿਲਾ ਦੀ ਹਾਲਤ ਵਿਗੜੀ, ਪਰਿਵਾਰ ਨੇ ਲਾਪਰਵਾਹੀ ਦੇ ਲਾਏ ਦੋਸ਼
ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਤੇ ਵੀ ਤੰਜ ਕੱਸਿਆ
ਬਾਂਸੁਰੀ ਸਵਰਾਜ ਨੇ ‘ਆਪ’ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ’ਤੇ ਵੀ ਤੰਜ ਕੱਸਦਿਆਂ ਕਿਹਾ ਕਿ ਸਿਰਫ਼ ਭਾਸ਼ਣਾਂ ਅਤੇ ਨਾਅਰੇਬਾਜ਼ੀ ਨਾਲ ਨਸ਼ਿਆਂ ਖਿਲਾਫ਼ ਲੜਾਈ ਨਹੀਂ ਜਿੱਤੀ ਜਾ ਸਕਦੀ। ਇਸ ਲਈ ਸਖ਼ਤ ਕਦਮ ਚੁੱਕਣੇ ਪੈਂਦੇ ਹਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਾ ਤਸਕਰਾਂ ਅੱਗੇ ਸਰੰਡਰ ਕਰ ਚੁੱਕੀ ਹੈ।
ਡਰੱਗ ਮਾਫੀਆ ਨੂੰ ਬਚਾ ਰਹੀ ਅਤੇ ਆਵਾਜ਼ ਉਠਾਉਣ ਵਾਲਿਆਂ ਨੂੰ ਮਾਰ ਰਹੀ ਸਰਕਾਰ : ਫੂਲਕਾ
ਇਸ ਮੌਕੇ ਸੀਨੀਅਰ ਐਡਵੋਕੇਟ ਅਤੇ ਭਾਜਪਾ ਆਗੂ ਐਚ. ਐਸ. ਫੂਲਕਾ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਡਰੱਗ ਮਾਫੀਆ ਨਾਲ ਮਿਲੀ ਹੋਈ ਹੈ। ਪੰਜਾਬ ਸਰਕਾਰ ਨੇ ਡਰੱਗ ਮਾਫੀਆ ਦੀ ਨੀਤੀ ਨੂੰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਡਰੱਗ ਮਾਫੀਆ ਚਾਹੁੰਦਾ ਹੈ ਕਿ ਸੂਬੇ ਵਿੱਚ ਨਸ਼ੇ ਕਾਰਨ ਕੋਈ ਮੌਤ ਹੋਵੇ ਤਾਂ ਉਸ ਦਾ ਮਾਮਲਾ ਦਰਜ ਨਾ ਕੀਤਾ ਜਾਵੇ ਅਤੇ ਮਾਨ ਸਰਕਾਰ ਵੀ ਅਜਿਹਾ ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਨਸ਼ਿਆਂ ਖਿਲਾਫ਼ ਆਵਾਜ਼ ਉਠਾਉਂਦਾ ਹੈ, ‘ਆਪ’ ਸਰਕਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰਦੀ ਹੈ। ਪੰਜਾਬ ਨਸ਼ਿਆਂ ਕਾਰਨ ਕਰਾਹ ਰਿਹਾ ਹੈ ਅਤੇ ਸੂਬਾ ਸਰਕਾਰ ਪੰਜ ਸਾਲਾਂ ਤੋਂ ਸਿਰਫ਼ ਤਮਾਸ਼ਾ ਦੇਖ ਰਹੀ ਹੈ। ਜੋ ਪਾਰਟੀ ਮਾਫੀਆ ਨੂੰ ਸੁਰੱਖਿਆ ਦੇਵੇ ਅਤੇ ਉਸ ਦੇ ਖਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਮਰਨ ਲਈ ਮਜਬੂਰ ਕਰ ਦੇਵੇ, ਉਸ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ।
ਇਹ ਵੀ ਪੜ੍ਹੋ : ਬਦਰੀਨਾਥ ਧਾਮ 'ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ, ਬਣਿਆ ਨਵਾਂ ਰਿਕਾਰਡ
ਭਾਜਪਾ ਸੱਤਾ 'ਚ ਆਈ ਤਾਂ ਦੋ ਸਾਲਾਂ ਵਿੱਚ ਨਸ਼ਾ ਖਤਮ ਕਰਾਂਗੇ : ਚਰਨਜੀਤ ਸਿੰਘ ਬਰਾੜ
ਭਾਜਪਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਜਨਤਾ ਨੇ ਦਸ ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦਿੱਤਾ। ਪੰਜ ਸਾਲ ਕਾਂਗਰਸ ਨੂੰ ਮੌਕਾ ਦੇ ਕੇ ਵੀ ਦੇਖਿਆ। ਇੱਥੋਂ ਤੱਕ ਕਿ ਚਾਰ ਦਿਨ ਪੁਰਾਣੀ ਆਮ ਆਦਮੀ ਪਾਰਟੀ ਨੂੰ ਵੀ ਇੱਥੋਂ ਦੀ ਜਨਤਾ ਨੇ ਪੰਜ ਸਾਲ ਮੌਕਾ ਦੇ ਕੇ ਦੇਖ ਲਿਆ। ਅਤੇ ਇਨ੍ਹਾਂ ਸਾਰਿਆਂ ਨੇ ਜਨਤਾ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ। ਹੁਣ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਵਾਰ ਭਾਜਪਾ ਨੂੰ ਵੀ ਮੌਕਾ ਦਿਓ। ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਤਾਕਤ ਅਤੇ ਜਜ਼ਬਾ ਸਿਰਫ਼ ਭਾਜਪਾ ਵਿੱਚ ਹੈ। ਭਾਜਪਾ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾ ਸਕਦੀ ਹੈ। ਉਹ ਬੋਲੇ, “ਲੋਕ ਕਹਿੰਦੇ ਹਨ ਕਿ ਅਕਾਲੀਆਂ ਦੇ ਨਾਲ ਭਾਜਪਾ ਵੀ ਸੱਤਾ ਵਿੱਚ ਭਾਈਵਾਲ ਸੀ, ਪਰ ਉਦੋਂ ਹਾਲਾਤ ਕੁਝ ਹੋਰ ਸਨ। ਉਸ ਸਮੇਂ ਭਾਜਪਾ ਕੋਈ ਫੈਸਲੇ ਨਹੀਂ ਲੈ ਸਕਦੀ ਸੀ, ਜੋ ਵੀ ਫੈਸਲੇ ਸਨ, ਉਹ ਅਕਾਲੀ ਦਲ ਲੈਂਦਾ ਸੀ।” ਉਨ੍ਹਾਂ ਕਿਹਾ ਕਿ ਭਾਜਪਾ ਸੱਤਾ ਵਿੱਚ ਆਉਣ ’ਤੇ ਦੋ ਸਾਲਾਂ ਦੇ ਅੰਦਰ ਪੰਜਾਬ ਵਿੱਚੋਂ ਨਸ਼ਾ ਤਸਕਰਾਂ ਦਾ ਨੈੱਟਵਰਕ ਖਤਮ ਕਰ ਦੇਵੇਗੀ। ਇਸ ਦੌਰਾਨ ਉਨ੍ਹਾਂ ਨੇ ਸਵਰਗਵਾਸੀ ਭਾਜਪਾ ਆਗੂ ਸੁਸ਼ਮਾ ਸਵਰਾਜ ਨੂੰ ਵੀ ਯਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
