ਅਸ਼ਲੀਲ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਬਜ਼ੁਰਗ ਤੋਂ ਠੱਗੇ 1 ਲੱਖ ਰੁਪਏ
Monday, Sep 21, 2026 - 08:44 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਜ਼ਿਲ੍ਹੇ ਦੇ ਪਿੰਡ ਆਧਣੀਆ ਵਿੱਚ ਸਾਈਬਰ ਠੱਗਾਂ ਵੱਲੋਂ ਡਿਜੀਟਲ ਅਰੈਸਟ ਅਤੇ ਬਲੈਕਮੇਲਿੰਗ ਦਾ ਇੱਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਸ਼ਾਤਿਰ ਠੱਗਾਂ ਨੇ ਪੁਲਸ ਅਫ਼ਸਰ ਬਣ ਦੇ ਕੇ ਇੱਕ ਬਜ਼ੁਰਗ ਕਰਿਆਨਾ ਦੁਕਾਨਦਾਰ ਨੂੰ ਝਾਂਸੇ ਵਿੱਚ ਲਿਆ ਅਤੇ ਅਸ਼ਲੀਲ ਫੋਟੋ ਯੂਟਿਊਬ ’ਤੇ ਅਪਲੋਡ ਕਰਨ ਅਤੇ ਪੁਲਸ ਕਾਰਵਾਈ ਦਾ ਡਰ ਦਿਖਾ ਕੇ 1.01 ਲੱਖ ਰੁਪਏ ਠੱਗ ਪਏ। ਪੀੜਿਤ ਦੀ ਸ਼ਿਕਾਇਤ ’ਤੇ ਸਾਈਬਰ ਕ੍ਰਾਈਮ ਹੈਲਪਲਾਇਨ 1930 ਅਤੇ ਈ ਜੀਰੋ ਐਫਆਈਆਰ ਦੇ ਜਰਿਏ ਮਾਮਲਾ ਦਰਜ਼ ਕਰਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ?
ਪੀੜਤ ਦੁਕਾਨਦਾਰ ਦੇ ਅਨੁਸਾਰ ਉਨ੍ਹਾਂ ਦੇ ਵ੍ਹਟਸਐਪ ’ਤੇ ਇੱਕ ਅਣਪਛਾਤੇ ਨੰਬਰ ਤੋਂ ਵੀਡੀਓ ਕਾਲ ਆਈ। ਕਾਲ ਚੁੱਕਣ ’ਤੇ ਸਾਹਮਣੇ ਬੈਠਾ ਵਿਅਕਤੀ ਪੁਲਿਸ ਦੀ ਵਰਦੀ ਵਿੱਚ ਸੀ। ਮੁਲਜ਼ਮ ਨੇ ਦੁਕਾਨਦਾਰ ਨੂੰ ਡਰਾਉਂਦੇ ਹੋਏ ਕਿਹਾ ਕਿ ਉਸ ਕੋਲ ਇੱਕ ਲੜਕੀ ਨਾਲ ਦੁਕਾਨਦਾਰ ਦੀ ਇਤਰਾਜ਼ਯੋਗ ਫੋਟੋਆਂ ਹਨ ਅਤੇ ਉਹ ਲੜਕੀ ਕਿਸੇ ਵੱਡੇ ਅਪਰਾਧਿਕ ਗੈਂਗ ਨਾਲ ਜੁੜੀ ਹੋਈ ਹੈ। ਪੁਲਿਸ ਦੀ ਵਰਦੀ ਵਿੱਚ ਦਿਖ ਰਹੇ ਠੱਗ ਨੇ ਧਮਕੀ ਦਿੱਤੀ ਕਿ ਉਹ ਜਲਦ ਹੀ ਦੁਕਾਨਦਾਰ ਅਤੇ ਉਸ ਲੜਕੀ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਆ ਰਿਹਾ ਹੈ।
ਫੋਟੋ ਹਟਾਉਣ ਦੇ ਨਾਮ ’ਤੇ ਠੱਗੇ ਪੈਸੇ
ਬਜ਼ੁਰਗ ਨੂੰ ਪੂਰੀ ਤਰ੍ਹਾਂ ਡਰਾਉਣ ਤੋਂ ਬਾਅਦ ਠੱਗਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਫੋਟੋਆਂ ਯੂਟਿਊਬ ’ਤੇ ਅਪਲੋਡ ਕੀਤੀਆਂ ਜਾ ਰਹੀਆਂ ਹਨ। ਜੇਕਰ ਉਹ ਇਸਨੂੰ ਰੋਕਣਾ ਚਾਹੁੰਦਾ ਹੈ ਤਾਂ ਦਿੱਤੇ ਗਏ ਦੂਜੇ ਨੰਬਰ ’ਤੇ ਗੱਲ ਕਰੇ। ਦਿੱਤੇ ਗਏ ਨੰਬਰ ’ਤੇ ਸੰਪਰਕ ਕਰਨ ’ਤੇ ਮੁਲਜ਼ਮ ਨੇ ਫੋਟੋ ਹਟਾਉਣ ਦੇ ਬਦਲੇ 25,500 ਰੁਪਏ ਮੰਗੇ, ਜਿਸ ਨੂੰ ਡਰ ਦੇ ਮਾਰੇ ਦੁਕਾਨਦਾਰ ਨੇ ਤੁਰੰਤ ਗੂਗਲ-ਪੇ ਦੇ ਜ਼ਰੀਏ ਟਰਾਂਸਫਰ ਕਰ ਦਿੱਤਾ। ਰਕਮ ਮਿਲਦੇ ਹੀ ਠੱਗਾਂ ਦੀ ਨੀਅਤ ਹੋਰ ਵੱਧ ਗਈ। ਕੁਝ ਹੀ ਦੇਰ ਬਾਅਦ ਉਨ੍ਹਾਂ ਨੇ ਦੋ ਹੋਰ ਤਸਵੀਰਾਂ ਹੋਣ ਦਾ ਦਾਅਵਾ ਕਰਦੇ ਹੋਏ 51,000 ਰੁਪਏ ਦੀ ਵਾਧੂ ਮੰਗ ਕੀਤੀ। ਜਾਲਸਾਜ਼ ਵੱਖ-ਵੱਖ ਨੰਬਰਾਂ ਤੋਂ ਕਾਲ ਕਰ ਦੁਕਾਨਦਾਰ ਨੂੰ ਆਪਣੀਆਂ ਗੱਲਾਂ ਵਿੱਚ ਉਲਝਾਉਂਦੇ ਰਹੇ ਅਤੇ ਉਸੇ ਦਿਨ ਉਸ ਤੋਂ ਕੁੱਲ 1.01 ਲੱਖ ਰੁਪਏ ਠੱਗ ਗਏ।
1930 ’ਤੇ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ
ਬਾਅਦ ਵਿੱਚ ਜਦੋਂ ਠੱਗਾਂ ਦੀਆਂ ਮੰਗਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸਨ, ਤਾਂ ਦੁਕਾਨਦਾਰ ਨੂੰ ਅਹਿਸਾਸ ਹੋਇਆ ਕਿ ਉਹ ਸਾਈਬਰ ਫਰਾਡ ਦਾ ਸ਼ਿਕਾਰ ਹੋ ਚੁੱਕਾ ਹੈ। ਉਸ ਨੇ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ’ਤੇ ਸੰਪਰਕ ਕਰ ਆਪਣੀ ਸ਼ਿਕਾਇਤ ਦਰਜ ਕਰਾਈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਈ-ਜ਼ੀਰੋ ਐਫਆਈਆਰ ਦਰਜ ਕਰਦੇ ਹੋਏ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਈਬਰ ਸੈੱਲ ਦੀ ਟੀਮ ਉਨ੍ਹਾਂ ਮੋਬਾਈਲ ਨੰਬਰਾਂ ਅਤੇ ਬੈਂਕ ਖਾਤਿਆਂ ਨੂੰ ਟਰੇਸ ਕਰਨ ਵਿੱਚ ਜੁਟੀ ਹੈ, ਜਿਨ੍ਹਾਂ ਦੇ ਜ਼ਰੀਏ ਠੱਗੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
