ਜੇਲ੍ਹ ''ਚੋਂ ਹੁੰਦਾ ਸੀ ਕਾਲਾ ਕਾਰੋਬਾਰ, ਹਥਿਆਰਾਂ ਦੇ ਜ਼ਖੀਰੇ ਸਣੇ ਦੋ ਗ੍ਰਿਫ਼ਤਾਰ

Thursday, Sep 17, 2026 - 05:35 PM (IST)

ਜੇਲ੍ਹ ''ਚੋਂ ਹੁੰਦਾ ਸੀ ਕਾਲਾ ਕਾਰੋਬਾਰ, ਹਥਿਆਰਾਂ ਦੇ ਜ਼ਖੀਰੇ ਸਣੇ ਦੋ ਗ੍ਰਿਫ਼ਤਾਰ

ਫ਼ਰੀਦਕੋਟ (ਰਾਜਨ) : ਫ਼ਰੀਦਕੋਟ ਪੁਲਸ ਨੇ ਜੇਲ੍ਹ ਅਧਾਰਿਤ ਅੰਤਰਰਾਸ਼ਟਰੀ ਹਥਿਆਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 10 ਨਾਜਾਇਜ਼ ਪਿਸਟਲ ਅਤੇ 20 ਜਿੰਦਾ ਰੌਂਦ ਬਰਾਮਦ ਕੀਤੇ ਹਨ। ਮੁੱਢਲੀ ਜਾਂਚ ਦੌਰਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਕਰਵਾਉਣ ਵਾਲੇ ਸੰਭਾਵਿਤ ਨੈੱਟਵਰਕ ਦੇ ਲਿੰਕ ਸਾਹਮਣੇ ਆਏ ਹਨ, ਜਿਸ ਦੀ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਕਾਰਵਾਈ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਆਈ.ਜੀ. ਫ਼ਰੀਦਕੋਟ ਰੇਂਜ ਸ੍ਰੀਮਤੀ ਨਿਲਾਬਰੀ ਜੱਗਦਲੇ ਵਿਜੇ ਦੀ ਅਗਵਾਈ ਅਤੇ ਐੱਸ.ਐੱਸ.ਪੀ. ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਦੀ ਨਿਗਰਾਨੀ ਹੇਠ ਕੀਤੀ ਗਈ। ਕਾਰਵਾਈ ਵਿਚ ਐੱਸ.ਪੀ. (ਇਨਵੈਸਟੀਗੇਸ਼ਨ) ਨਰਿੰਦਰ ਸਿੰਘ ਅਤੇ ਡੀ.ਐੱਸ.ਪੀ. (ਇਨਵੈਸਟੀਗੇਸ਼ਨ) ਅਵਤਾਰ ਸਿੰਘ ਦੀ ਸਿੱਧੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਫ਼ਰੀਦਕੋਟ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ।

ਪੁਲਸ ਅਨੁਸਾਰ 16 ਸਤੰਬਰ ਨੂੰ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ, ਸੀ.ਆਈ.ਏ. ਸਟਾਫ਼ ਫ਼ਰੀਦਕੋਟ ਸਮੇਤ ਪੁਲਸ ਪਾਰਟੀ ਕੋਟਕਪੂਰਾ ਰੋਡ ਨਹਿਰਾਂ ਦੇ ਪੁਲ ਨੇੜੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ 2 ਵਿਅਕਤੀ ਭਾਰੀ ਮਾਤਰਾ ਵਿਚ ਅਸਲਾ-ਐਮੂਨੇਸ਼ਨ ਲੈ ਕੇ ਤਲਵੰਡੀ ਭਾਈ ਰੋਡ, ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ ਦੇ ਨੇੜਲੇ ਇਲਾਕੇ ਵਿਚ ਘੁੰਮ ਰਹੇ ਹਨ ਅਤੇ ਹਥਿਆਰਾਂ ਨੂੰ ਅੱਗੇ ਸਪਲਾਈ ਕਰਨ ਜਾਂ ਕਿਸੇ ਅਪਰਾਧਿਕ ਵਾਰਦਾਤ ਵਿੱਚ ਵਰਤਣ ਦੀ ਤਾਕ ਵਿੱਚ ਹਨ। ਇਤਲਾਹ ਭਰੋਸੇਯੋਗ ਪਾਏ ਜਾਣ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ।

ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 10 ਨਾਜਾਇਜ਼ ਪਿਸਟਲ ਅਤੇ 20 ਜਿੰਦਾ ਰੌਂਦ ਬਰਾਮਦ ਹੋਏ। ਬਰਾਮਦ ਹਥਿਆਰਾਂ ਵਿੱਚ 3 ਜ਼ਿਗਾਨਾ .30 ਬੋਰ ਪਿਸਟਲ, 1 ਪੀਐਕਸ-5 ਸਟੌਰਮ .30 ਬੋਰ ਪਿਸਟਲ, 2 ਦੇਸੀ .32 ਬੋਰ ਪਿਸਟਲ ਅਤੇ 4 ਦੇਸੀ .30 ਬੋਰ ਪਿਸਟਲ ਸ਼ਾਮਲ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਜਬੀਰ ਸਿੰਘ ਉਰਫ਼ ਅਮਿਤ ਪੁੱਤਰ ਭੁਪਿੰਦਰ ਸਿੰਘ, ਵਾਸੀ ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ ਅਤੇ ਅਮਰ ਸਿੰਘ ਉਰਫ਼ ਅਮਰ ਪੁੱਤਰ ਅਮਰੀਕ ਸਿੰਘ, ਵਾਸੀ ਬਾਬਾ ਦੀਪ ਸਿੰਘ ਕਾਲੋਨੀ, ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਦੋਵੇਂ ਮੁਲਜ਼ਮਾਂ ਦੀ ਉਮਰ ਕ੍ਰਮਵਾਰ ਕਰੀਬ 21 ਅਤੇ 25 ਸਾਲ ਦੱਸੀ ਗਈ ਹੈ। ਮੁੱਢਲੀ ਤਫ਼ਤੀਸ਼ ਵਿਚ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਸਰਹੱਦੀ ਖੇਤਰ ਤੋਂ ਲਿਆ ਕੇ ਫ਼ਰੀਦਕੋਟ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਅੱਗੇ ਸਪਲਾਈ ਕੀਤੇ ਜਾਣੇ ਸਨ। ਪੁਲਸ ਨੂੰ ਸ਼ੱਕ ਹੈ ਕਿ ਗਿਰੋਹ ਪਾਕਿਸਤਾਨ ਵਿਚ ਮੌਜੂਦ ਸਮੱਗਲਰਾਂ ਨਾਲ ਸੰਪਰਕ ਕਰਕੇ ਡਰੋਨ ਰਾਹੀਂ ਹਥਿਆਰਾਂ ਦੀਆਂ ਖੇਪਾਂ ਮੰਗਵਾਉਂਦਾ ਸੀ।

ਜਾਂਚ ਦੌਰਾਨ ਜੇਲ੍ਹ ਵਿਚ ਬੰਦ ਦੀਪ ਸਿੰਘ ਉਰਫ਼ ਦੀਪਕ, ਵਾਸੀ ਰੌੜਾਂਵਾਲੀ ਕਲਾਂ, ਅਟਾਰੀ, ਜ਼ਿਲ੍ਹਾ ਅੰਮ੍ਰਿਤਸਰ ਦਾ ਨਾਂ ਵੀ ਸਾਹਮਣੇ ਆਇਆ ਹੈ, ਜਿਸ ਨੂੰ ਗਿਰੋਹ ਦਾ ਮੁੱਖ ਸਰਗਨਾ ਦੱਸਿਆ ਜਾ ਰਿਹਾ ਹੈ। ਪੁਲਸ ਅਨੁਸਾਰ ਉਸ ਵੱਲੋਂ ਆਪਣੇ ਸਾਥੀਆਂ ਰਾਹੀਂ ਹਥਿਆਰਾਂ ਦੀ ਖੇਪ ਸੰਭਾਲਣ ਅਤੇ ਅੱਗੇ ਸਪਲਾਈ ਕਰਨ ਦੇ ਸੰਭਾਵਿਤ ਨਿਰਦੇਸ਼ ਦਿੱਤੇ ਜਾਂਦੇ ਸਨ। ਦੀਪ ਸਿੰਘ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਹੈ, ਜਿਸ ਨੂੰ ਪੁਲਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਪੁੱਛਗਿੱਛ ਦੌਰਾਨ ਹਥਿਆਰਾਂ ਦੀ ਸਪਲਾਈ ਦੇ ਸਰੋਤਾਂ, ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਸੰਭਾਵਿਤ ਅੰਤਰਰਾਸ਼ਟਰੀ ਲਿੰਕਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਸ ਵੱਲੋਂ ਉਸ ਤੋਂ ਮਿਲਣ ਵਾਲੀ ਜਾਣਕਾਰੀ ਦੇ ਆਧਾਰ ’ਤੇ ਇਸ ਗਿਰੋਹ ਨਾਲ ਸਬੰਧਿਤ ਹੋਰ ਵਿਅਕਤੀਆਂ ਨੂੰ ਵੀ ਕਾਬੂ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਐੱਸ.ਐੱਸ.ਪੀ. ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਹਥਿਆਰਾਂ ਦੇ ਸਰੋਤ, ਮੁਲਜ਼ਮਾਂ ਦੇ ਹੋਰ ਸਾਥੀਆਂ ਅਤੇ ਸੰਭਾਵਿਤ ਅੰਤਰਰਾਸ਼ਟਰੀ ਲਿੰਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਤਾਂ ਜੋ ਗੈਰ-ਕਾਨੂੰਨੀ ਅਸਲਾ ਸਪਲਾਈ ਚੇਨ ਨਾਲ ਜੁੜੇ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਅਪਰਾਧਿਕ ਗਿਰੋਹਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੁਲਸ ਰਿਕਾਰਡ ਅਨੁਸਾਰ ਦੀਪ ਸਿੰਘ ਉਰਫ਼ ਦੀਪਕ ਖ਼ਿਲਾਫ਼ ਥਾਣਾ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 388 ਮਿਤੀ 6 ਸਤੰਬਰ 2026, ਅਧੀਨ ਧਾਰਾ 21ਸੀ/61/85 ਐੱਨ.ਡੀ.ਪੀ.ਐੱਸ. ਐਕਟ ਅਤੇ ਧਾਰਾ 25(8)/54/59 ਅਸਲਾ ਐਕਟ ਤਹਿਤ ਪਹਿਲਾਂ ਵੀ ਮਾਮਲਾ ਦਰਜ ਹੈ। ਇਸ ਸਬੰਧੀ ਥਾਣਾ ਸਿਟੀ ਫ਼ਰੀਦਕੋਟ ਵਿਖੇ ਮੁਕੱਦਮਾ ਨੰਬਰ 477 ਅਧੀਨ ਧਾਰਾਵਾਂ 25(6), 25(7), 54/59 ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਹਥਿਆਰਾਂ ਦੀ ਸਪਲਾਈ ਲੜੀ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।


author

Gurminder Singh

Content Editor

Related News