ਇਨੋਵਾ ਤੇ ਆਈ-20 ਕਾਰ ਦੀ ਸਿੱਧੀ ਟੱਕਰ, ਭਿਆਨਕ ਬਣੇ ਹਾਲਾਤ

Monday, Sep 21, 2026 - 04:55 PM (IST)

ਇਨੋਵਾ ਤੇ ਆਈ-20 ਕਾਰ ਦੀ ਸਿੱਧੀ ਟੱਕਰ, ਭਿਆਨਕ ਬਣੇ ਹਾਲਾਤ

ਮਲੋਟ (ਜੁਨੇਜਾ) : ਮਲੋਟ-ਫ਼ਾਜ਼ਿਲਕਾ ਕੌਮੀ ਸ਼ਾਹ ਮਾਰਗ ’ਤੇ ਦੋ ਗੱਡੀਆਂ ਦੀ ਟੱਕਰ ਕਾਰਨ ਵਾਪਰੇ ਭਿਆਨਕ ਹਾਦਸੇ ’ਚ ਇਕ ਔਰਤ ਸਮੇਤ 4 ਜਣੇ ਜ਼ਖ਼ਮੀ ਹੋ ਗਏ। ਦੋਵਾਂ ਗੱਡੀਆਂ ਦੀ ਸਿੱਧੀ ਟੱਕਰ ਕਰਕੇ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਜ਼ਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਬਠਿੰਡਾ ਰੈਫ਼ਰ ਕਰ ਦਿੱਤਾ। ਜਾਣਕਾਰੀ ਅਨੁਸਾਰ ਮਲੋਟ ਤੋਂ ਇਕ ਇਨੋਵਾ ਕਾਰ (ਪੀ. ਬੀ. 53 ਬੀ 5777) ਫ਼ਾਜ਼ਿਲਕਾ ਵੱਲ ਜਾ ਰਹੀ ਸੀ, ਜਦਕਿ ਸਾਹਮਣੇ ਤੋਂ ਇਕ ਆਈ-20 ਕਾਰ (ਡੀ. ਐੱਲ. 10 ਸੀ. ਐੱਚ. 8357) ਅਰਨੀਵਾਲਾ ਤੋਂ ਆ ਰਹੀ ਸੀ। ਆਲਮਵਾਲਾ ਨਹਿਰ ਕੋਲ ਦੋਵਾਂ ਗੱਡੀਆਂ ਦੀ ਸਿੱਧੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੂਰ-ਦੂਰ ਜਾ ਕੇ ਡਿੱਗੀਆਂ ਅਤੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਦੋਵਾਂ ਗੱਡੀਆਂ ’ਚ ਸਵਾਰ ਚਾਰ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚ ਇਕ 25 ਸਾਲਾ ਔਰਤ ਵੀ ਸ਼ਾਮਲ ਹੈ। ਹਾਦਸੇ ’ਚ ਆਈ-20 ’ਚ ਸਵਾਰ ਪ੍ਰੀਤਮ ਲਾਲ ਪੁੱਤਰ ਸ਼ਮਸ਼ੇਰ ਸਿੰਘ, ਅਲੀਸ਼ਾ ਪੁੱਤਰੀ ਮਨਜੀਤ ਕੁਮਾਰ ਅਤੇ ਸੁਰਿੰਦਰ ਕੁਮਾਰ ਜ਼ਖ਼ਮੀ ਹੋ ਗਏ, ਜਦਕਿ ਇਨੋਵਾ ’ਚ ਸਵਾਰ ਰਘੁਵਿੰਦਰ ਸਿੰਘ ਪੁੱਤਰ ਰਵਿੰਦਰ ਸਿੰਘ (ਰਵੀ ਚੌਧਰੀ) ਜ਼ਖ਼ਮੀ ਹੋਇਆ। ਜ਼ਖ਼ਮੀਆਂ ਨੂੰ ਜ਼ਿਆਦਾ ਸੱਟਾਂ ਹੋਣ ਕਰਕੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਰੈਫ਼ਰ ਕਰ ਦਿੱਤਾ । ਜ਼ਖ਼ਮੀਆਂ ਦੇ ਨਜ਼ਦੀਕੀਆਂ ਅਨੁਸਾਰ ਹਾਲਤ ਖ਼ਤਰੇ ਤੋਂ ਬਾਹਰ ਹੈ। ਹਾਦਸੇ ਦੇ ਅਸਲ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਮੌਕੇ ’ਚ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਕ ਕਾਰ ਦਾ ਟਾਇਰ ਫਟਣ ਕਰਕੇ ਉਹ ਦੂਜੀ ਗੱਡੀ ਨਾਲ ਜਾ ਟਕਰਾਈ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਕ ਸਿਆਸੀ ਆਗੂ ਦਾ ਵੱਡਾ ਕਾਫ਼ਲਾ ਲੰਘਿਆ ਸੀ, ਜਿਸ ਕਰਕੇ ਹਾਦਸਾਗ੍ਰਸਤ ਗੱਡੀਆਂ ’ਚੋਂ ਇਕ ਬੇਕਾਬੂ ਹੋ ਗਈ।


author

Gurminder Singh

Content Editor

Related News