ਮਨਪ੍ਰੀਤ ਨੇ ਖੋਲ੍ਹੇ ''ਬਾਦਲ ਪਰਿਵਾਰ'' ਦੇ ਦੱਬੇ ਰਾਜ਼, ਸੁਣਾਈਆਂ ਅਗਲੀਆਂ-ਪਿਛਲੀਆਂ

03/28/2018 4:45:18 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬਜਟ ਸੈਸ਼ਨ ਦੇ ਆਖਰੀ ਦਿਨ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਕਾਰ ਤਾਬੜਤੋੜ ਸ਼ਬਦੀ ਹਮਲੇ ਹੋਣ ਲੱਗੇ। ਜਿੱਥੇ ਮਜੀਠੀਆ ਨੇ ਮਨਪ੍ਰੀਤ ਬਾਦਲ ਨੂੰ ਖਰੀਆਂ-ਖੋਟੀਆਂ ਸੁਣਾਈਆਂ, ਉੱਥੇ ਹੀ ਮਨਪ੍ਰੀਤ ਬਾਦਲ ਨੂੰ ਵੀ ਤਾਅ ਚੜ੍ਹਿਆ, ਜਿਸ ਕਾਰਨ ਉਨ੍ਹਾਂ ਨੇ ਬਾਦਲ ਪਰਿਵਾਰ ਦੇ ਦੱਬੇ ਹੋਏ ਰਾਜ਼ ਖੋਲ੍ਹਣ 'ਚ ਜ਼ਰਾ ਵੀ ਝਿਜਕ ਨਾ ਕੀਤੀ ਅਤੇ ਬਾਦਲ ਪਰਿਵਾਰ ਨੂੰ ਸਭ ਅਗਲੀਆਂ-ਪਿਛਲੀਆਂ ਸੁਣਾ ਛੱਡੀਆਂ। 
ਹਰਸਿਮਰਤ ਨੂੰ ਕਿਸ਼ਤਾਂ 'ਤੇ ਦਿੱਤੀ ਗੱਡੀ
ਮਨਪ੍ਰੀਤ ਬਾਦਲ ਨੇ ਕਿਹਾ ਕਿ ਮਜੀਠੀਆ ਨੇ ਆਪਣੀ ਭੈਣ ਹਰਸਿਮਰਤ ਕੌਰ ਬਾਦਲ ਨੂੰ ਵਿਆਹ ਸਮੇਂ ਗੱਡੀ ਵੀ ਕਿਸ਼ਤਾਂ 'ਤੇ ਲੈ ਕੇ ਦਿੱਤੀ ਸੀ ਅਤੇ ਅੱਜ ਉਹੀ ਮਜੀਠੀਆ ਕਰੋੜਾਂ ਦੀਆਂ ਗੱਡੀਆਂ 'ਚ ਘੁੰਮ ਰਿਹਾ ਹੈ। ਇਸ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। 
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੀ ਪਤਨੀ ਵੀ ਨਾ ਛੱਡੀ
ਮਨਪ੍ਰੀਤ ਬਾਦਲ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਅਤੇ ਆਪਣੀ ਤਾਈ ਦਾ ਵੀ ਜ਼ਿਕਰ ਕਰ ਛੱਡਿਆ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਦੇ ਭੋਗ 'ਤੇ ਵੀ ਐੱਸ. ਜੀ. ਪੀ. ਸੀ. ਨੇ ਲੰਗਰ ਲਾਇਆ ਸੀ। 
ਸੁਖਬੀਰ ਬਾਦਲ 'ਤੇ ਵੀ ਕੱਸੇ ਤੰਜ
ਮਨਪ੍ਰੀਤ ਬਾਦਲ ਨੇ ਸੁਖਬੀਰ ਬਾਦਲ 'ਤੇ ਤੰਜ ਕੱਸਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਹੈ, ਉਹ ਅੱਜ ਮੇਰੇ 'ਤੇ ਉਂਗਲੀ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਗੁੜਗਾਓਂ 'ਚ 17 ਕਿੱਲੇ ਜ਼ਮੀਨ 'ਤੇ ਸੱਤ ਸਟਾਰ ਹੋਟਲ ਬਣਾਇਆ ਗਿਆ। ਮਨਪ੍ਰੀਤ ਨੇ ਕਿਹਾ ਕਿ ਸਵਾਲ ਇਹ ਹੈ ਕਿ ਇਹ ਜ਼ਮੀਨ ਚੌਧਰੀ ਜੀਵਨ ਲਾਲ ਨੇ ਬਾਦਲ ਪਰਿਵਾਰ ਨੂੰ ਕਿਉਂ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਐੱਸ. ਵਾਈ. ਐੱਲ. 'ਤੇ ਸਮਝੌਤੇ ਦੇ ਕਾਰਨ ਦਿੱਤੀ ਗਈ ਸੀ। 
ਕੱਢ ਛੱਡੀ ਸਾਰੀ ਭੜਾਸ
ਜਦੋਂ ਅਕਾਲੀ ਦਲ ਨੇ ਦੋਸ਼ ਲਾਇਆ ਕਿ ਮਨਪ੍ਰੀਤ ਬਾਦਲ ਨੂੰ ਖਜ਼ਾਨਾ ਚਲਾਉਣਾ ਨਹੀਂ ਆਉਂਦਾ ਤਾਂ ਉਨ੍ਹਾਂ ਕਰਾਰਾ ਜਿਹਾ ਜਵਾਬ ਦਿੰਦਿਆਂ ਕਿਹਾ ਕਿ ਹਾਂ ਠੀਕ ਹੈ, ਉਨ੍ਹਾਂ ਨੂੰ ਕੋਈ ਕੰਮ ਨਹੀਂ ਆਉਂਦਾ, ਨਾਂ ਹੀ ਉਨ੍ਹਾਂ ਨੂੰ ਬੱਸਾਂ ਚਲਾਉਣੀਆਂ ਆਉਂਦੀਆਂ ਹਨ, ਨਾ ਹੀ ਚਿੱਟਾ ਵੇਚਣਾ ਆਉਂਦਾ ਹੈ ਅਤੇ ਨਾ ਹੀ ਪੰਜਾਬ ਦਾ ਖਜ਼ਾਨਾ ਲੁੱਟਣਾ ਆਉਂਦਾ ਹੈ। 
ਅਕਾਲੀਆਂ ਨੂੰ ਦਿੱਤੀ ਚੁਣੌਤੀ
ਸਿਰਫ ਇੰਨਾ ਹੀ ਨਹੀਂ, ਜਦੋਂ ਅਕਾਲੀ ਦਲ ਦੇ ਵਿਧਾਇਕ ਨਾਅਰੇਬਾਜ਼ੀ ਕਰਨ ਲੱਗੇ ਅਤੇ ਸਦਨ 'ਚੋਂ ਬਾਹਰ ਜਾਣ ਲੱਗੇ ਤਾਂ ਮਨਪ੍ਰੀਤ ਬਾਦਲ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਗੱਲ ਨੂੰ ਸੁਣ ਕੇ ਜਾਣ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਤਾਈ ਨੂੰ ਕੈਂਸਰ ਹੋਇਆ ਸੀ ਤਾਂ ਉਸ ਦਾ ਖਰਚਾ ਪੰਜਾਬ ਸਰਕਾਰ ਨੇ ਦਿੱਤਾ। ਇਹ ਹੀ ਨਹੀਂ, ਸਾਲ 2017 'ਚ ਚੋਣ ਨਤੀਜੇ ਅਜੇ ਆਏ ਨਹੀਂ ਸਨ ਕਿ ਪ੍ਰਕਾਸ਼ ਸਿੰਘ ਬਾਦਲ ਨੇ ਅਮਰੀਕਾ 'ਚ ਆਪਣੇ ਦਿਲ ਦਾ ਇਲਾਜ ਕਰਾਇਆ ਸੀ ਅਤੇ ਉਹ ਖਰਚਾ ਵੀ ਪੰਜਾਬ ਸਰਕਾਰ ਨੂੰ ਹੀ ਚੁੱਕਣਾ ਪਿਆ ਸੀ। ਇਸ ਦੌਰਾਨ ਹੰਗਾਮਾ ਵਧਦਾ ਦੇਖ ਕੇ ਸਪੀਕਰ ਨੇ ਸਦਨ ਨੂੰ 20 ਮਿੰਟਾਂ ਲਈ ਮੁਲਤਵੀ ਕਰ ਦਿੱਤਾ। 


Related News