ਪਿਛਲੀਆਂ ਚੋਣਾਂ ’ਚ ਨੋਟਾ ਬਟਨ ਦਬਾਉਣ ’ਚ ਬਿਹਾਰੀ ਵੋਟਰ ਰਹੇ ਅੱਵਲ

Friday, Apr 05, 2024 - 05:40 PM (IST)

ਪਿਛਲੀਆਂ ਚੋਣਾਂ ’ਚ ਨੋਟਾ ਬਟਨ ਦਬਾਉਣ ’ਚ ਬਿਹਾਰੀ ਵੋਟਰ ਰਹੇ ਅੱਵਲ

ਜਲੰਧਰ/ਬਿਹਾਰ- ਹੁਣ ਚੋਣਾਂ ’ਚ ਵੋਟਿੰਗ ਦੌਰਾਨ ਇਹ ਵੀ ਵਿਵਸਥਾ ਹੈ ਕਿ ਜੇਕਰ ਕਿਸੇ ਨੂੰ ਕੋਈ ਉਮੀਦਵਾਰ ਪਸੰਦ ਨਹੀਂ ਹੈ ਤਾਂ ਉਹ ਈ. ਵੀ. ਐੱਮ. ’ਤੇ ਨੋਟਾ ਬਟਨ ਦਬਾ ਸਕਦਾ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਇੱਥੇ ਨੋਟਾ ਤਹਿਤ ਪਈਆਂ ਵੋਟਾਂ ਦੀ ਹਿੱਸੇਦਾਰੀ 1.06 ਫੀਸਦੀ ਸੀ, ਉਥੇ ਹੀ 2014 ਦੀਆਂ ਆਮ ਚੋਣਾਂ ’ਚ ਇਹ 1.08 ਫੀਸਦੀ ਸੀ। ਪਿਛਲੀਆਂ ਦੋ ਲੋਕ ਸਭਾ ਚੋਣਾਂ ’ਚ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਨੋਟਾ ਨੂੰ ਵੋਟ ਪਾਉਣ ਵਾਲਿਆਂ ਦੀ ਤਦਾਦ ਕਾਫੀ ਸੀ। ਪਿਛਲੀਆਂ ਚੋਣਾਂ ’ਚ ਉਮੀਦਵਾਰਾਂ ਨੂੰ ਨਾਪਸੰਦ ਕਰਨ ਦੇ ਮਾਮਲੇ ’ਚ ਬਿਹਾਰ ਟਾਪ ’ਤੇ ਰਿਹਾ ਹੈ। ਬਿਹਾਰ ’ਚ ਕੁੱਲ ਪਈਆਂ ਵੋਟਾਂ ਦਾ 2 ਫੀਸਦੀ ਨੋਟਾ ਨੂੰ ਗਿਆ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ (1.54 ਫੀਸਦੀ) ਅਤੇ ਫਿਰ ਛੱਤੀਸਗੜ੍ਹ (1.44 ਫੀਸਦੀ) ’ਚ ਨੋਟਾ ਦੀ ਸਭ ਤੋਂ ਵੱਧ ਵਰਤੋਂ ਕੀਤੀ ਗਈ। ਪਿਛਲੀਆਂ ਲੋਕ ਸਭਾ ਚੋਣਾਂ ’ਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗੱਲ ਕਰੀਏ ਤਾਂ ਦਮਨ ਅਤੇ ਦੀਵ ’ਚ ਸਭ ਤੋਂ ਵੱਧ 1.70 ਫੀਸਦੀ ਵੋਟਾਂ ਨੋਟਾ ਨੂੰ ਪਈਆਂ। ਇੱਥੇ ਕੁੱਲ 65.2 ਲੱਖ ਵੋਟਾਂ ਨੋਟਾ ਨੂੰ ਪਈਆਂ ਸਨ, ਇਨ੍ਹਾਂ ’ਚੋਂ 22,272 ਵੋਟਾਂ ਪੋਸਟਲ ਬੈਲੇਟ ਸਨ। ਸਾਲ 2014 ’ਚ ਮੇਘਾਲਿਆ ’ਚ ਨੋਟਾ ਨੂੰ ਸਭ ਤੋਂ ਵੱਧ 2.80 ਫੀਸਦੀ ਵੋਟਾਂ ਪਈਆਂ ਸਨ।

ਇਸ ਤੋਂ ਬਾਅਦ ਛੱਤੀਸਗੜ੍ਹ (1.83 ਫੀਸਦੀ) ਅਤੇ ਗੁਜਰਾਤ (1.76 ਫੀਸਦੀ) ਲੋਕਾਂ ਨੇ ਕਿਸੇ ਉਮੀਦਵਾਰ ਦੀ ਬਜਾਏ ਨੋਟਾ ਦਾ ਬਟਨ ਦਬਾਉਣਾ ਪਸੰਦ ਕੀਤਾ। ਉਸ ਚੋਣ ’ਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸ਼੍ਰੇਣੀ ’ਚ ਪੁਡੂਚੇਰੀ ’ਚ ਸਭ ਤੋਂ ਵੱਧ 3.01 ਫੀਸਦੀ ਵੋਟਾਂ ਨੋਟਾ ’ਤੇ ਪਈਆਂ ਸਨ। ਸਾਲ 2014 ਦੀਆਂ ਆਮ ਚੋਣਾਂ ਵਿਚ ਦੇਸ਼ ਭਰ ਤੋਂ ਨੋਟਾ ਨੂੰ 60.2 ਲੱਖ ਵੋਟਾਂ ਪਾਈਆਂ ਗਈਆਂ ਸਨ। ਵੋਟਰਾਂ ਲਈ ਨੋਟਾ ਦਾ ਬਦਲ ਪਹਿਲੀ ਵਾਰ 2013 ਦੇ ਦਸੰਬਰ ’ਚ ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ, ਦਿੱਲੀ ਅਤੇ ਰਾਜਸਥਾਨ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸਾਰੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ’ਚ ਅਜਿਹੇ ਵੋਟਰਾਂ ਨੂੰ ਨੋਟਾ ਬਟਨ ਦਬਾਉਣ ਦੀ ਛੋਟ ਦਿੱਤੀ ਜਾ ਰਹੀ ਹੈ, ਜੋ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰਦੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News