ਸਿਰਸਾ ਨੇ ਫਲਿਪਕਾਰਟ ਕੰਪਨੀ ਖਿਲਾਫ ਦਰਜ ਕਰਵਾਇਆ ਫੌਜਦਾਰੀ ਕੇਸ

02/06/2019 10:40:33 AM

ਜਲੰਧਰ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਫਲਿਪਕਾਰਟ ਕੰਪਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮੈਟਾਂ 'ਤੇ ਲਗਾ ਕੇ ਵੇਚਣ 'ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੰਪਨੀ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਇਆ ਹੈ।

ਨਾਰਥ ਐਵੇਨਿਊ ਪੁਲਸ ਸਟੇਸ਼ਨ ਨਵੀਂ ਦਿੱਲੀ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਸਿਰਸਾ ਨੇ ਕਿਹਾ ਕਿ ਆਨਲਾਈਨ ਬਿਜ਼ਨੈੱਸ ਕੰਪਨੀ ਫਲਿਪਕਾਰਟ ਨੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵਾਲੇ ਮੈਟ ਵੇਚ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਦੀ ਇਸ ਕਾਰਵਾਈ ਨਾਲ ਦੁਨੀਆ ਭਰ 'ਚ ਬੈਠੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਕੰਪਨੀ ਦੀ ਕਾਰਵਾਈ ਤੋਂ ਅਜਿਹਾ ਜਾਪਦਾ ਹੈ ਕਿ ਉਸ ਨੇ ਬਿਨਾਂ ਸਿੱਖਾਂ ਦੀਆਂ ਭਾਵਨਾਵਾਂ ਦੀ ਪ੍ਰਵਾਹ ਕੀਤੇ ਅਤੇ ਬਗੈਰ ਸਿੱਖ ਸੰਸਥਾਵਾਂ ਨਾਲ ਸਲਾਹ ਕੀਤੇ ਇਹ ਤਸਵੀਰ ਵਰਤ ਲਈ ਹੈ। ਕੰਪਨੀ ਨੇ ਇਸ ਤਸਵੀਰ ਵਾਲੇ ਮੈਟ ਛਪਵਾ ਕੇ ਵੇਚੇ ਹਨ ਅਤੇ ਹੁਣ ਇਨ੍ਹਾਂ ਮੈਟਾਂ 'ਤੇ ਤਸਵੀਰ ਉੱਪਰ ਜੁੱਤੀਆਂ ਪਾ ਕੇ ਲੋਕ ਤੁਰਨਗੇ।

ਮਨਜਿੰਦਰ ਸਿੰਘ ਸਿਰਸਾ ਨੇ ਪੁਲਸ ਨੂੰ ਆਖਿਆ ਕਿ ਉਹ ਫਲਿਪਕਾਰਟ ਖਿਲਾਫ ਕੇਸ ਦਰਜ ਕਰੇ ਅਤੇ ਬਿਨਾਂ ਦੇਰੀ ਦੇ ਕਾਰਵਾਈ ਕਰੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਧਾਰਾ 295 ਏ. ਆਈ. ਪੀ. ਸੀ. ਤਹਿਤ ਉਨ੍ਹਾਂ ਖਿਲਾਫ ਕੇਸ ਦਰਜ ਹੋਵੇ, ਜੋ ਵਾਰ-ਵਾਰ ਅਜਿਹੀ ਕੁਤਾਹੀ ਕਰ ਰਹੇ ਹਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਕੇਸ ਦਾ ਮੁਕੱਦਮਾ ਛੇਤੀ ਤੋਂ ਛੇਤੀ ਚੱਲੇ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇ। ਸਿਰਸਾ ਨੇ ਇਹ ਵੀ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ 'ਤੇ ਪੱਤਰ ਲਿਖਣਗੇ ਅਤੇ ਅਜਿਹੀਆਂ ਕੰਪਨੀਆਂ ਲਈ ਦਿਸ਼ਾ-ਨਿਰਦੇਸ਼ ਤੈਅ ਕਰਨ ਵਾਸਤੇ ਆਖਣਗੇ।


shivani attri

Content Editor

Related News