ਸਰਬਜੋਤ ਨੂੰ ਦਿੱਤੀ ਗਈ ਅੰਤਿਮ ਵਿਦਾਈ, ਚੀਕਾਂ ਮਾਰਦੀ ਬੋਲੀ ਮਾਂ, ''ਇਕ ਵਾਰ ਮੇਰੇ ਪੁੱਤ ਨੂੰ ਲੈ ਆਓ'' (ਤਸਵੀਰਾਂ)
Thursday, Nov 23, 2017 - 06:35 PM (IST)
ਜਲੰਧਰ— ਮਣੀਕਰਨ ਸਾਹਿਬ 'ਚ ਸ਼ਾਂਗਨਾ ਪੁਲ ਦੇ ਕੋਲ ਹਾਦਸੇ ਦੇ ਸ਼ਿਕਾਰ ਹੋਏ ਸਰਬਜੋਤ ਦੀ ਕਾਰ ਪਾਰਵਤੀ ਨਦੀ 'ਚੋਂ ਬੀਤੇ ਦਿਨ ਬਰਾਮਦ ਕਰ ਲਈ ਗਈ ਹੈ। ਕਾਰ 'ਚ ਕੋਈ ਨਹੀਂ ਸੀ। ਹਾਦਸੇ ਦੇ ਸਮੇਂ ਕਾਰ ਆਬਾਦਪੁਰਾ ਦਾ ਗੁਰਕੀਰਤ ਸਿੰਘ ਚਲਾ ਰਿਹਾ ਸੀ। ਗੁਰਕੀਰਤ ਦਾ ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਉਥੇ ਹੀ ਇਸ ਹਾਦਸੇ 'ਚ ਮਾਰੇ ਗਏ ਸਰਬਜੋਤ ਦਾ ਬੁੱਧਵਾਰ ਨੂੰ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਸਰਬਜੋਤ ਦੀ ਮਾਂ ਚੀਕਾਂ ਮਾਰ-ਮਾਰ ਰੋ ਰਹੀ ਸੀ। ਰੋਂਦੇ ਹੋਏ ਮਾਂ ਦੀ ਜ਼ੁਬਾਨ 'ਚੋਂ ਸਿਰਫ ਇਕ ਹੀ ਗੱਲ ਨਿਕਲ ਰਹੀ ਸੀ ਕਿ, ''ਇਕ ਵਾਰ ਮੇਰੇ ਸਰਬਜੋਤ ਨੂੰ ਲੈ ਆਓ, ਓਹਦੇ ਬਿਨਾਂ ਜੀਅ ਨਹੀਂ ਸਕਦੀ।'' ਮਾਂ ਦੇ ਇਹ ਬੋਲ ਹਰ ਕਿਸੇ ਦੇ ਸੀਨੇ ਨੂੰ ਚੀਰਦੇ ਗਏ। ਸਰਬਜੋਤ ਦੇ ਪਰਿਵਾਰ ਨੂੰ ਹਮਦਰਦੀ ਦੇਣ ਸੰਸਦ ਸੰਤੋਖ ਚੌਧਰੀ ਸਮੇਤ ਕਈ ਸ਼ਹਿਰਵਾਸੀ ਪਹੁੰਚੇ।
ਜ਼ਿਕਰਯੋਗ ਹੈ ਕਿ ਸਿਟੀ ਦੇ ਦੋਸਤ ਸ਼ਨੀਵਾਰ ਨੂੰ ਮਣੀਕਰਨ ਸਾਹਿਬ 'ਚ ਮੱਥਾ ਟੇਕਣ ਗਏ ਸਨ। ਸੋਮਵਾਰ ਦੁਪਹਿਰ ਇਨ੍ਹਾਂ ਦੀ ਕਾਰ ਪਾਰਵਤੀ ਨਦੀ 'ਚ ਡਿੱਗ ਗਈ ਸੀ। ਹਾਦਸੇ 'ਚ ਸਰਬਜੋਤ ਦੀ ਮੌਤ ਹੋ ਗਈ ਸੀ ਜਦਕਿ ਗੁਰਕੀਰਤ ਲਾਪਤਾ ਹੈ। ਪਿਛਲੀ ਸੀਟ 'ਤੇ ਬੈਠੇ ਗਣੇਸ਼ ਨਗਰ ਦੇ ਸਤਿਅਮ, ਨਿਊ ਦਿਓਲ ਨਗਰ ਦੇ ਜਸਬੀਰ ਸਿੰਘ ਉਰਫ ਮਾਧਵ ਅਤੇ ਗੋਪਾਲ ਨਗਰ ਦੇ ਰਾਮ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਤਿੰਨਾਂ ਨੂੰਓ ਸਥਾਨਕ ਲੋਕਾਂ ਨੇ ਨਦੀ 'ਚੋਂ ਬਾਹਰ ਕੱਢ ਲਿਆ ਸੀ।
ਗੁਰਕੀਰਤ ਦੇ ਪਿਤਾ ਜਗਦੇਵ ਸਿੰਘ ਤਿੰਨ ਦਿਨਾਂ ਤੋਂ ਬੇਟੇ ਦੀ ਭਾਲ 'ਚ ਮਣੀਕਰਨ 'ਚ ਹਨ। ਗੁਰਕੀਰਤ ਦੇ ਤਾਇਆ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਐੱਸ. ਡੀ. ਐੱਮ. ਨਾਲ ਗੱਲ ਹੋਈ ਹੈ। ਐੱਸ. ਡੀ. ਐੱਮ. ਭਰੋਸਾ ਦਿਵਾਇਆ ਕਿ ਗੁਰਕੀਰਤ ਨੂੰ ਦੋ ਦਿਨਾਂ 'ਚ ਲੱਭ ਕੇ ਪਰਿਵਾਰ ਨੂੰ ਦੇਵਾਂਗੇ। ਵੀਰਵਾਰ ਨੂੰ ਵੱਡੇ ਪੱਧਰ 'ਤੇ ਰੈਸਕਿਊ ਆਪਰੇਸ਼ਨ ਕੀਤਾ ਜਾਵੇਗਾ।