ਘਰੋਂ ਕੱਪੜੇ ਵੇਚਣ ਨਿਕਲਿਆ ਸੀ ਨੌਜਵਾਨ, ਕਈ ਦਿਨਾਂ ਮਗਰੋਂ ਨਹਿਰ 'ਚੋਂ ਮਿਲੀ ਲਾਸ਼

Friday, Jul 19, 2024 - 03:48 AM (IST)

ਧੂਰੀ (ਜੈਨ)- ਬੀਤੀ 14 ਜੁਲਾਈ ਤੋਂ ਲਾਪਤਾ ਚੱਲ ਰਹੇ 18 ਸਾਲਾ ਨੌਜਵਾਨ ਦੀ ਲਾਸ਼ ਨਹਿਰ ਪੁਲ ਗਰਿੱਡ ਕਿਲਾ ਹਕੀਮਾਂ ਦੀ ਝਾਲ ’ਚੋਂ ਮਿਲਣ ਦੀ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਅਰਸ਼ਦ ਖਾਂ (18) ਦੇ ਪਿਤਾ ਅਜਾਦ ਖਾਂ ਵਾਸੀ ਦਸ਼ਮੇਸ਼ ਨਗਰ, ਧੂਰੀ ਵੱਲੋਂ ਪੁਲਸ ਨੂੰ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਸ ਦੇ ਚਾਰ ਪੁੱਤਰ ਹਨ ਅਤੇ ਉਨ੍ਹਾਂ ’ਚੋਂ ਤਿੰਨ ਪਿੰਡਾਂ ’ਚ ਜਾ ਕੇ ਕੱਪੜੇ ਵੇਚਣ ਦਾ ਕੰਮ ਕਰਦੇ ਹਨ। 

ਅਰਸ਼ਦ ਵੀ ਪਿੰਡਾਂ ’ਚ ਜਾ ਕੇ ਕੱਪੜੇ ਵੇਚਦਾ ਸੀ, ਜੋ ਕਿ 14 ਜੁਲਾਈ ਨੂੰ ਪਿੰਡ ਰਾਜੋਮਾਜਰਾ ਵਿਖੇ ਕੱਪੜੇ ਵੇਚਣ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ। ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਲੰਘੇ ਦਿਨ ਉਨ੍ਹਾਂ ਨੂੰ ਨਹਿਰ ਪੁਲ ਗਰਿੱਡ ਕਿਲਾ ਹਕੀਮਾਂ ਦੀ ਝਾਲ ’ਚ ਇਕ ਲਾਸ਼ ਫਸੇ ਹੋਣ ਬਾਰੇ ਜਾਣਕਾਰੀ ਮਿਲੀ ਸੀ, ਜਿਸ ਨੂੰ ਜਾ ਕੇ ਦੇਖਿਆ ਤਾਂ ਉਹ ਅਰਸ਼ਦ ਦੀ ਹੀ ਲਾਸ਼ ਸੀ। ਜਿਸ ’ਤੇ ਇਸ ਦੀ ਇਤਲਾਹ ਥਾਣਾ ਸਦਰ ਧੂਰੀ ਅਧੀਨ ਪੈਂਦੀ ਪੁਲਸ ਚੌਕੀ ਰਣੀਕੇ ਨੂੰ ਦਿੱਤੀ ਗਈ। ਪੁਲਸ ਵੱਲੋਂ ਲਾਸ਼ ਨੂੰ ਨਹਿਰ ’ਚੋਂ ਬਾਹਰ ਕਢਵਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਵਿਖੇ ਭੇਜਿਆ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਅਜਾਦ ਖਾਂ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਅਰਸ਼ਦ ਦਾ ਮੋਟਰਸਾਈਕਲ, ਮੋਬਾਈਲ ਅਤੇ ਵੇਚਣ ਲਈ ਲੈ ਜਾਏ ਗਏ ਕੱਪੜਿਆਂ ਦੀ ਗੱਠੜੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਉਸਦੇ ਪੁੱਤਰ ਦਾ ਲੁੱਟ-ਖੋਹ ਦੌਰਾਨ ਕਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪਰਿਵਾਰਕ ਮੈਂਬਰਾਂ ਨੇ ਜਾਇਦਾਦ 'ਚੋਂ ਹਿੱਸਾ ਦੇਣ ਤੋਂ ਕੀਤਾ ਇਨਕਾਰ, ਤਾਂ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਇਸ ਸਬੰਧੀ ਪੁਲਸ ਚੌਕੀ ਰਣੀਕੇ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਬੀ.ਐੱਨ.ਐੱਸ. ਦੀ ਧਾਰਾ 194 ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।

ਉਨ੍ਹਾਂ ਪਾਰਿਵਾਰਕ ਮੈਂਬਰਾਂ ਨੂੰ ਕਤਲ ਦਾ ਸ਼ੱਕ ਹੋਣ ਸਬੰਧੀ ਪੁੱਛਣ ’ਤੇ ਕਿਹਾ ਕਿ ਇਸ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹਰੇਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਸਨਸਨੀਖੇਜ਼ ਵਾਰਦਾਤ, ਮਾਮੂਲੀ ਝਗੜੇ ਪਿੱਛੋਂ ਗੱਡੀ ਨਾਲ ਕੁਚਲ ਕੇ ਮਾਰ'ਤਾ ਨੌਜਵਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News