ਜਦੋਂ ਅੱਧੀ ਰਾਤੀਂ ਦਾਤ ਲੈ ਕੇ ਥਾਣੇ ''ਚ ਵੜ ਗਿਆ ਨੌਜਵਾਨ...
Thursday, Jul 11, 2024 - 04:44 AM (IST)

ਜਲੰਧਰ (ਜ.ਬ.)– ਬੁੱਧਵਾਰ ਰਾਤੀਂ ਇਕ ਵਿਅਕਤੀ ਦਾਤ ਲੈ ਕੇ ਮਕਸੂਦਾਂ ਥਾਣੇ 'ਚ ਵੜ ਗਿਆ, ਜਿਸ ਕਾਰਨ ਥਾਣੇ 'ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਸ ਤੋਂ ਪਹਿਲਾਂ ਇਕ ਹੋਰ ਨੌਜਵਾਨ ਖੁਦ ਦੇ ਬਚਾਅ ਲਈ ਥਾਣੇ ਅੰਦਰ ਭੱਜ ਕੇ ਆਇਆ ਸੀ, ਜਿਸ ਦਾ ਪਿੱਛਾ ਕਰਦੇ ਹੋਏ ਵਿਅਕਤੀ ਥਾਣੇ ਅੰਦਰ ਦਾਤ ਲੈ ਕੇ ਵੜ ਗਿਆ। ਥਾਣਾ ਮਕਸੂਦਾਂ ਦੀ ਪੁਲਸ ਨੇ ਤੁਰੰਤ ਵਿਅਕਤੀ ਤੋਂ ਦਾਤ ਖੋਹ ਲਿਆ। ਬਾਅਦ ਵਿਚ ਪਤਾ ਲੱਗਾ ਕਿ ਦੋਵਾਂ ਵਿਚ ਪੁਰਾਣੀ ਰੰਜਿਸ਼ ਸੀ ਤੇ ਥਾਣੇ ਦੇ ਬਾਹਰ ਇਕ ਚਿਕਨ ਸ਼ਾਪ ਵਿਚ ਆਹਮੋ-ਸਾਹਮਣੇ ਹੋਏ ਤਾਂ ਦੋਵਾਂ ਦਾ ਵਿਵਾਦ ਹੋ ਗਿਆ।
ਜਾਣਕਾਰੀ ਦਿੰਦਿਆਂ ਬਸਪਾ ਦੇ ਜ਼ਿਲ੍ਹਾ ਸਕੱਤਰ ਸ਼ਾਮ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦਾ ਰਵੀ ਥਾਣਾ ਮਕਸੂਦਾਂ ਦੇ ਸਾਹਮਣੇ ਇਕ ਚਿਕਨ ਸ਼ਾਪ ’ਤੇ ਖਰੀਦਦਾਰੀ ਕਰਨ ਗਿਆ ਸੀ। ਇਸੇ ਦੌਰਾਨ ਉਸ ਨਾਲ ਰੰਜਿਸ਼ ਰੱਖਣ ਵਾਲਾ ਦੂਜੀ ਪਾਰਟੀ ਦਾ ਵਿਅਕਤੀ ਵੀ ਆ ਗਿਆ ਅਤੇ ਆਉਂਦੇ ਹੀ ਗਾਲੀ-ਗਲੋਚ ਸ਼ੁਰੂ ਕਰ ਦਿੱਤੀ।
ਰਵੀ ਨੇ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਚਿਕਨ ਵਾਲੇ ਦਾ ਦਾਤ ਚੁੱਕਿਆ ਅਤੇ ਰਵੀ ’ਤੇ ਹਮਲਾ ਕਰਨ ਹੀ ਲੱਗਾ ਸੀ ਕਿ ਰਵੀ ਭੱਜ ਕੇ ਸਾਹਮਣੇ ਸਥਿਤ ਥਾਣਾ ਮਕਸੂਦਾਂ ਵਿਚ ਵੜ ਗਿਆ ਅਤੇ ਮੁਨਸ਼ੀ ਦੇ ਕਮਰੇ ਵਿਚ ਬੈਠ ਗਿਆ। ਦੇਖਦੇ ਹੀ ਦੇਖਦੇ ਦੂਜਾ ਵਿਅਕਤੀ ਵੀ ਦਾਤ ਲੈ ਕੇ ਥਾਣੇ ਅੰਦਰ ਵੜ ਗਿਆ। ਥਾਣੇ ਵਿਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਵਿਅਕਤੀ ਤੋਂ ਦਾਤ ਖੋਹ ਲਿਆ। ਸਾਰਾ ਮਾਮਲਾ ਸਮਝ ਆਇਆ ਤਾਂ ਥਾਣਾ ਮਕਸੂਦਾਂ ਦੀ ਪੁਲਸ ਨੇ ਉਨ੍ਹਾਂ ਨੂੰ ਥਾਣਾ ਨੰਬਰ 1 ਵਿਚ ਜਾਣ ਲਈ ਕਿਹਾ ਅਤੇ ਦਾਤ ਆਪਣੇ ਕੋਲ ਰੱਖ ਕੇ ਉਸ ਵਿਅਕਤੀ ਨੂੰ ਵੀ ਛੱਡ ਦਿੱਤਾ।
ਇਹ ਵੀ ਪੜ੍ਹੋ- ਰਿਸ਼ਵਤ ਲੈਣ ਦੇ ਮਾਮਲੇ 'ਚ ਫ਼ਰਾਰ ਚੱਲ ਰਹੇ ASI ਨੇ ਥਾਣੇ 'ਚ ਫੜਾਈ ਰਿਸ਼ਵਤ ਦੀ ਰਕਮ, ਫ਼ਿਰ ਨਿਗਲ਼ ਲਈ ਸਲਫ਼ਾਸ
ਸ਼ਾਮ ਕਟਾਰੀਆ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਥਾਣਾ ਨੰਬਰ 1 ਵਿਚ ਪਹੁੰਚੇ ਅਤੇ ਉਨ੍ਹਾਂ ਤੋਂ ਪਹਿਲਾਂ ਹੀ ਦੂਜੀ ਧਿਰ ਪਹੁੰਚੀ ਹੋਈ ਸੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਨੇ ਵੀ ਸ਼ਿਕਾਇਤ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਰੰਜਿਸ਼ ਕਾਰਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਚੰਗੀ ਕਿਸਮਤ ਸੀ ਕਿ ਰਵੀ ਦਾ ਬਚਾਅ ਹੋ ਗਿਆ।
ਦੂਜੀ ਧਿਰ ਤੋਂ ਬਿਆਨ ਲੈਣਾ ਚਾਹਿਆ ਤਾਂ 2 ਵਾਰ ਫੋਨ ਕਰਨ ’ਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਓਧਰ ਥਾਣਾ ਨੰਬਰ 1 ਦੇ ਏ.ਐੱਸ.ਆਈ. ਸਾਹਿਬ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਲੈ ਲਈਆਂ ਗਈਆਂ ਹਨ। ਵੀਰਵਾਰ ਨੂੰ ਉਨ੍ਹਾਂ ਨੂੰ ਬੁਲਾਇਆ ਗਿਆ ਹੈ। ਜਾਂਚ ਤੋਂ ਬਾਅਦ ਜੋ ਵੀ ਸੱਚ ਨਿਕਲਿਆ, ਉਸ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਦਾਤ ਲੈ ਕੇ ਭੱਜਣ ਵਾਲੇ ਵਿਅਕਤੀ ਨੇ ਆਪਣੀ ਸ਼ਿਕਾਇਤ ਵਿਚ ਇਹ ਕਿਹਾ ਹੈ ਕਿ ਰਵੀ ਆਪਣੇ ਸਾਥੀਆਂ ਨਾਲ ਆਇਆ ਸੀ ਅਤੇ ਖੁਦ ਦੇ ਬਚਾਅ ਲਈ ਉਸਨੇ ਦਾਤ ਫੜੀ ਸੀ ਪਰ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਜਾਂਚ ਦੇ ਬਿੰਦੂਆਂ ਵਿਚ ਸਭ ਕੁਝ ਕਲੀਅਰ ਹੋ ਜਾਵੇਗਾ।
ਇਹ ਵੀ ਪੜ੍ਹੋ- PSPCL ਦੇ ਸਹਾਇਕ ਲਾਈਨਮੈਨ ਨਾਲ ਹੋ ਗਈ ਅਣਹੋਣੀ, ਕੰਮ ਕਰਦੇ ਸਮੇਂ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e